ਚੌਧਰੀ ਸੰਤੋਖ ਸਿੰਘ ਦੇ ਘਰ ਪਹੁੰਚੇ ਕਾਂਗਰਸ ਪ੍ਰਧਾਨ ਖੜਗੇ
ਕਾਂਗਰਸ ਪ੍ਰਧਾਨ ਖੜਗੇ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਘਰ ਪਹੁੰਚੇ। ਪਰਿਵਾਰ ਨਾਲ ਕੀਤੀ ਮੁਲਾਕਾਤ ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਜਲੰਧਰ ਪਹੁੰਚ ਕੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਮਰਹੂਮ ਚੌਧਰੀ ਸੰਤੋਖ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਮਲਿਕਾਰਜੁਨ ਖੜਗੇ ਨੇ ਚੌਧਰੀ ਸੰਤੋਖ ਸਿੰਘ ਦੇ ਪੁੱਤਰ ਵਿਕਰਮ ਚੌਧਰੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਮਲਿਕਾਰਜੁਨ ਖੜਗੇ ਦੇ ਨਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਜਲੰਧਰ ਉੱਤਰੀ ਦੇ ਵਿਧਾਇਕ ਅਵਤਾਰ ਸਿੰਘ ਜੂਨੀਅਰ ਵੀ ਮੌਜੂਦ ਸਨ।ਇਸ ਮੌਕੇ ਮਰਹੂਮ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਮਲੀਕਾਰਜੁਨ ਖੜਗੇ ਨੂੰ ਮਿਲਕੇ ਰੋਣ ਲੱਗੀ, ਜਿਸ ਨੂੰ ਖੜਗੇ ਨੇ ਬੜੀ ਮੁਸ਼ਕਲ ਨਾਲ ਚੁੱਪ ਕਰਵਾਇਆ। ਦੱਸ ਦੇਈਏ ਕਿ ਜਲੰਧਰ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਚੌਧਰੀ ਸੰਤੋਖ ਸਿੰਘ ਦੀ ਸਿਹਤ ਵਿਗੜ ਗਈ ਸੀ। ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਸੰਸਦ ਮੈਂਬਰ ਸੰਤੋਖ ਸਿੰਘ ਦੀ ਉਮਰ ਭਾਵੇਂ 76 ਦੇ ਕਰੀਬ ਸੀ, ਪਰ ਉਨ੍ਹਾਂ ਦੀ ਫਿਟਨੈੱਸ ਨੌਜਵਾਨਾਂ ਨੂੰ ਵੀ ਮੁਕਾਬਲੇ ਦਾ ਮੌਕਾ ਦਿੰਦੀ ਸੀ। ਦੱਸਿਆ ਗਿਆ ਹੈ ਕਿ ਐਮਪੀ ਚੌਧਰੀ ਰੋਜ਼ਾਨਾ 30 ਮਿੰਟ ਜਿਮ ਵਿੱਚ ਵਰਕਆਊਟ ਕਰਦੇ ਸਨ। ਉਹ ਇਸ ਗੱਲ ਦਾ ਪੂਰਾ ਧਿਆਨ ਰੱਖਦਾ ਸੀ ਕਿ ਕਿੰਨੀਆਂ ਕੈਲੋਰੀਆਂ ਬਰਨ ਹੋਣੀਆਂ ਹਨ। ਐਮਪੀ ਚੌਧਰੀ ਗੋਲਫ ਖੇਡਣ ਦਾ ਵੀ ਸ਼ੌਕੀਨ ਸੀ।