ਕਾਂਗਰਸ ‘ਚ ਵੜਿੰਗ ਦੀ ਚੰਨੀ ਨਾਲ, ਚੰਨੀ ਦੀ ਸਿੱਧੂ ਨਾਲ ਤੇ ਸਿੱਧੂ ਦੀ ਕਿਸੇ ਨਾਲ ਨਹੀਂ ਬਣਦੀ: CM ਮਾਨ
TV9 ਦੇ ਸੱਤਾ ਸੰਮੇਲਨ-ਪੰਜਾਬ ਵਿੱਚ CM ਭਗਵੰਤ ਮਾਨ ਨੇ ਕਾਂਗਰਸ ਦੇ ਅੰਦਰੂਨੀ ਕਲੇਸ਼ 'ਤੇ ਨਿਸ਼ਾਨਾ ਸਾਧਦਿਆਂ ਉੱਥੇ 7 ਮੁੱਖ ਮੰਤਰੀ ਉਮੀਦਵਾਰ ਹੋਣ ਦੀ ਗੱਲ ਆਖੀ। ਉਨ੍ਹਾਂ ਦਿੱਲੀ ਪ੍ਰਦੂਸ਼ਣ ਵਿੱਚ ਪੰਜਾਬ ਦਾ ਹੱਥ ਨਕਾਰਿਆ ਅਤੇ AAP ਵਿੱਚ ਬਿਨਾਂ ਕੋਟੇ ਦੇ ਟਿਕਟਾਂ ਵੰਡਣ ਦਾ ਦਾਅਵਾ ਕੀਤਾ।
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਹੁਤ ਪਹਿਲਾਂ ਹੀ ਸਿਆਸੀ ਹਲਚਲ ਤੇਜ਼ ਹੁੰਦੀ ਜਾ ਰਹੀ ਹੈ। ਸੂਬੇ ਦੇ ਗਰਮਾਏ ਸਿਆਸੀ ਮਾਹੌਲ ਵਿਚਾਲੇ ਲੋਕਾਂ ਦੀ ਨਬਜ਼ ਟਟੋਲਣ ਦੀ ਕੋਸ਼ਿਸ਼ ਤਹਿਤ ਟੀਵੀ9 ਦੇ ਸੱਤਾ ਸੰਮੇਲਨ-ਪੰਜਾਬ ਦੇ ਮੰਚ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀ ਸਿਆਸਤ ਨੂੰ ਲੈ ਕੇ ਕਈ ਅਹਿਮ ਗੱਲਾਂ ਆਖੀਆਂ। ਉਨ੍ਹਾਂ ਪਰਾਲੀ, ਨਸ਼ਾ, ਬਿਜਲੀ ਅਤੇ ਵਿਕਾਸ ਸਮੇਤ ਕਈ ਭਖਦੇ ਮੁੱਦਿਆਂ ਤੋਂ ਇਲਾਵਾ ਵਿਰੋਧੀ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ‘ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਤਾਂ ਅੰਦਰੂਨੀ ਕਲੇਸ਼ ਬਹੁਤ ਜ਼ਿਆਦਾ ਡੂੰਘਾ ਹੋ ਚੁੱਕਾ ਹੈ ਅਤੇ ਉੱਥੇ ਕਿਸੇ ਦੀ ਵੀ ਕਿਸੇ ਨਾਲ ਨਹੀਂ ਬਣਦੀ।
ਟੀਵੀ9 ਦੇ ਮੰਚ ਤੋਂ ਕਾਂਗਰਸ ‘ਤੇ ਹਮਲਾ ਬੋਲਦਿਆਂ ਸੀਐੱਮ ਮਾਨ ਨੇ ਵੀਰਵਾਰ ਨੂੰ ਕਿਹਾ, “ਹੁਣ ਦੇਖੋ ਚੰਨੀ (ਚਰਨਜੀਤ ਸਿੰਘ ਚੰਨੀ) ਦੀ ਗੱਲ ਕੌਣ ਸੁਣਦਾ ਹੈ? ਹੁਣ ਉਹ ਸਾਈਕਲ ਲੈ ਕੇ ਘੁੰਮ ਰਹੇ ਹਨ ਅਤੇ ਕਾਂਗਰਸ ਨੇ ਆਪਣੀ ਬੱਸ ਕੱਢ ਲਈ ਹੈ। ਕੀ ਕਰੋਗੇ ਸਾਈਕਲ ਯਾਤਰਾ ਨਾਲ? ਅਸੀਂ ਤਾਂ ਬੜੀ ਮੁਸ਼ਕਿਲ ਨਾਲ ਲੋਕਾਂ ਦਾ ਸਾਈਕਲ ਤੋਂ ਖਹਿੜਾ ਛੁਡਵਾ ਰਹੇ ਹਾਂ ਕਿ ਇਹ ਲੋਕ ਮੋਟਰਸਾਈਕਲ ਜਾਂ ਕਾਰ ‘ਤੇ ਆ ਜਾਣ।”
ਕਾਂਗਰਸ ਵਿੱਚ ਇਸ ਵੇਲੇ 7 ਮੁੱਖ ਮੰਤਰੀ ਹਨ: CM ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ, “ਇਨ੍ਹਾਂ ਕੋਲ ਕੋਈ ਏਜੰਡਾ ਹੀ ਨਹੀਂ ਹੈ। ਕਾਂਗਰਸ ਵਿੱਚ ਸਿੱਧੀ ਜਿਹੀ ਗੱਲ ਹੈ ਕਿ ਰੰਧਾਵਾ ਦੀ ਬਾਜਵਾ ਨਾਲ ਨਹੀਂ ਬਣਦੀ, ਬਾਜਵਾ ਦੀ ਵੜਿੰਗ ਨਾਲ ਨਹੀਂ ਬਣਦੀ, ਵੜਿੰਗ ਦੀ ਚੰਨੀ ਨਾਲ ਨਹੀਂ ਬਣਦੀ ਅਤੇ ਚੰਨੀ ਦੀ ਨਵਜੋਤ ਸਿੰਘ ਸਿੱਧੂ ਨਾਲ ਨਹੀਂ ਬਣਦੀ। ਨਵਜੋਤ ਸਿੰਘ ਸਿੱਧੂ ਦੀ ਤਾਂ ਕਿਸੇ ਨਾਲ ਵੀ ਨਹੀਂ ਬਣਦੀ, ਉਹ ਤਾਂ ਸਿਰਫ਼ ‘ਅਟੈਕ-ਅਟੈਕ’ ਹੀ ਹਨ।”
ਉਨ੍ਹਾਂ ਤੰਜ਼ ਕੱਸਦਿਆਂ ਕਿਹਾ, “ਕਾਂਗਰਸ ਵਿੱਚ ਇਸ ਵੇਲੇ 7 ਮੁੱਖ ਮੰਤਰੀ ਹਨ। ਇੰਝ ਲੱਗ ਰਿਹਾ ਹੈ ਜਿਵੇਂ ਰਾਜਪਾਲ ਨੇ ਉਨ੍ਹਾਂ ਨੂੰ ਬੁਲਾ ਰੱਖਿਆ ਹੋਵੇ ਕਿ ਪਹਿਲਾਂ ਆ ਜਾਓ। ਪਹਿਲਾਂ 60 ਸੀਟਾਂ ਤਾਂ ਜਿੱਤ ਲਓ, ਜਨਤਾ ਵਿਚਾਲੇ ਜਾ ਕੇ ਦੇਖੋ ਕਿ ਲੋਕ ਕਿੰਨੀਆਂ ਗਾਲ੍ਹਾਂ ਕੱਢਦੇ ਹਨ।”
ਦਿੱਲੀ ਦੇ ਪ੍ਰਦੂਸ਼ਣ ਵਿੱਚ ਪੰਜਾਬ ਦਾ ਕੋਈ ਹੱਥ ਨਹੀਂ: CM ਮਾਨ
ਸੂਬੇ ਵਿੱਚ ਬਿਜਲੀ ਵਿਵਸਥਾ ਨੂੰ ਲੈ ਕੇ ਦਾਅਵਾ ਕਰਦਿਆਂ ਸੀਐੱਮ ਮਾਨ ਨੇ ਕਿਹਾ ਕਿ ਹੁਣ ਪੰਜਾਬ ਦੇ 90 ਫ਼ੀਸਦੀ ਘਰਾਂ ਨੂੰ ਬਿਜਲੀ ਮੁਫ਼ਤ ਮਿਲਦੀ ਹੈ ਅਤੇ ਪੰਜਾਬ ਵਿੱਚ ਸਾਰੇ ਫ਼ੈਸਲੇ ਪੰਜਾਬ ਦੇ ਹਿੱਤਾਂ ਮੁਤਾਬਕ ਲਏ ਜਾਂਦੇ ਹਨ।
ਇਹ ਵੀ ਪੜ੍ਹੋ
ਪ੍ਰਦੂਸ਼ਣ ਅਤੇ ਪਰਾਲੀ ਸਾੜਨ ਨਾਲ ਜੁੜੇ ਸਵਾਲ ‘ਤੇ ਸੀਐੱਮ ਮਾਨ ਨੇ ਸਪੱਸ਼ਟ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਣ ਵਿੱਚ ਪੰਜਾਬ ਦਾ ਕੋਈ ਹੱਥ ਨਹੀਂ ਹੈ, ਸਗੋਂ ਬਹੁਤ ਪਹਿਲਾਂ ਤੋਂ ਪੰਜਾਬ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਹਰਿਆਣਾ ਦਾ ਧੂੰਆਂ ਹਰਿਆਣਾ ਵਿੱਚ ਹੀ ਰਹਿ ਜਾਂਦਾ ਹੈ? ਹਰਿਆਣਾ ਵਿੱਚ ਪਰਾਲੀ ਸਾੜਨ ਨੂੰ ਲੈ ਕੇ ਗੱਲ ਕਿਉਂ ਨਹੀਂ ਕੀਤੀ ਜਾਂਦੀ? ਨਸ਼ੇ ਦੇ ਮਾਮਲੇ ਵਿੱਚ ਵੀ ਇਹੀ ਹਾਲ ਹੈ ਅਤੇ ਇਸ ਮੁੱਦੇ ‘ਤੇ ਵੀ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਗੁਜਰਾਤ ਤੋਂ ਆਉਂਦਾ ਹੈ, ਫਿਰ ਤੁਸੀਂ ਲੋਕ ਗੁਜਰਾਤ ਦੀ ਗੱਲ ਕਿਉਂ ਨਹੀਂ ਕਰਦੇ? ਪੰਜਾਬ ਵਿੱਚ ਨਸ਼ਾ ਅਕਾਲੀ ਦਲ ਅਤੇ ਭਾਜਪਾ ਸਰਕਾਰ ਦੀ ਹੀ ਦੇਣ ਹੈ।
AAP ਵਿੱਚ ਟਿਕਟਾਂ ‘ਤੇ ਕੋਈ ਕੋਟਾ ਸਿਸਟਮ ਨਹੀਂ ਚੱਲਦਾ: CM ਮਾਨ
ਪੰਜਾਬ ਵਿੱਚ ਟਿਕਟਾਂ ਦੀ ਵੰਡ ਨਾਲ ਜੁੜੇ ਵਿਵਾਦ ‘ਤੇ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਇੱਥੇ ਕਿਸੇ ਤਰ੍ਹਾਂ ਦਾ ਕੋਈ ਕੋਟਾ ਸਿਸਟਮ ਨਹੀਂ ਹੈ, ਇੱਥੇ ਸਿਰਫ਼ ਜਨਤਾ ਦਾ ਹੀ ਕੋਟਾ ਚੱਲਦਾ ਹੈ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਅਸੀਂ ਤਾਂ ਕਈ ਲੋਕਾਂ ਨੂੰ ਘਰੋਂ ਚੁੱਕ ਕੇ ਵਿਧਾਇਕ ਬਣਾਇਆ ਸੀ, ਪਰ ਹੁਣ ਕੁਝ ਆਗੂਆਂ ਦੀਆਂ ਟਿਕਟਾਂ ਕੱਟੀਆਂ ਜਾ ਰਹੀਆਂ ਹਨ ਤਾਂ ਉਹ ਪਾਰਟੀ ਛੱਡ ਕੇ ਜਾ ਰਹੇ ਹਨ।
ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਦੇ ਬਾਗ਼ੀ ਹੋਣ ਅਤੇ ਕੁਝ ਆਗੂਆਂ ਦੇ ਭਾਜਪਾ ਵਿੱਚ ਜਾਣ ਦੇ ਸਵਾਲ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ-ਟੁੱਕ ਕਿਹਾ ਕਿ ਜਿਨ੍ਹਾਂ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾਂਦੀਆਂ ਹਨ, ਉਹ ਪਾਰਟੀ ਛੱਡ ਸਕਦੇ ਹਨ।
