ਮਜੀਠਿਆ ਦੇ ਪਿਤਾ ਜੀ ਨੂੰ Sir ਦੀ ਉਪਾਧੀ ਅੰਗਰੇਜਾਂ ਦੀ ਚਮਚਾਗਿਰੀ ਕਰਨ ‘ਤੇ ਮਿਲੀ, ਜਲ੍ਹਿਆਂਵਾਲਾ ਬਾਗ ਤੋਂ ਬਾਅਦ ਖੜਕਾਏ ਸਨ ਜਾਮ

Updated On: 

19 Nov 2026 17:29 PM IST

Bhagwant Mann in Tv9 Satta Sammelan: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ 'ਤੇ ਸਵਾਲ ਚੁੱਕੇ। ਉਨ੍ਹਾਂ ਨੇ ਨਸ਼ੇ, ਸਿੱਖਿਆ, ਕਿਸਾਨੀ ਸਮੇਤ ਕਈ ਅਹਿਮ ਮੁੱਦਿਆਂ ਤੇ ਵਿਸਥਾਰ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਆਗੂਆਂ ਨੂੰ ਵੀ ਸਿੱਧੇ ਹੱਥੀ ਲਿਆ।

ਮਜੀਠਿਆ ਦੇ ਪਿਤਾ ਜੀ ਨੂੰ Sir ਦੀ ਉਪਾਧੀ ਅੰਗਰੇਜਾਂ ਦੀ ਚਮਚਾਗਿਰੀ ਕਰਨ ਤੇ ਮਿਲੀ, ਜਲ੍ਹਿਆਂਵਾਲਾ ਬਾਗ ਤੋਂ ਬਾਅਦ ਖੜਕਾਏ ਸਨ ਜਾਮ

TV9 ਦੇ ਸੱਤਾ ਸੰਮੇਲਨ ਵਿੱਚ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਤੇ ਰੱਜ ਕੇ ਨਿਸ਼ਾਨੇ ਲਗਾਏ। ਪੰਜਾਬ ਵਿੱਚ ਨਸ਼ੇ ਦੇ ਮੁੱਦੇ ਤੇ ਉਨ੍ਹਾਂ ਨੇ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਮੁਦਰਾ ਪੋਰਟ ਤੋਂ 3000 ਕਿਲੋ ਨਸ਼ਾ ਫੜਿਆ ਗਿਆ। ਉਸਦੀ ਗੱਲ ਕਿਧਰੇ ਨਹੀਂ ਹੁੰਦੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਨਸ਼ੇ ਦੇ ਮੁੱਦੇ ਤੇ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਸਰਕਾਰ ਨੇ ਆਪਣੇ ਖਰਚੇ ਤੇ ਐਂਟੀ ਡਰੋਨ ਸਿਸਟਮ ਲਗਵਾਏ ਹਨ। ਕੇਂਦਰ ਨੇ ਇਸ ਵਿੱਚ ਹੈਲਪ ਨਹੀਂ ਕੀਤੀ।

ਲਾਲ ਬੱਤੀ ਵਾਲੀਆਂ ਗੱਡੀਆਂ ‘ਚ ਸਪਲਾਈ ਹੁੰਦਾ ਸੀ ਨਸ਼ਾ – ਸੀਐਮ ਮਾਨ

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾਂ ਅਕਾਲੀ-ਭਾਜਪਾ ਦੀ ਸਰਕਾਰ ਦੌਰਾਨ ਆਇਆ ਸੀ। ਉਨ੍ਹਾਂ ਦੀ ਸਰਕਾਰ ਵੇਲ੍ਹੇ ਲਾਲ ਬੱਤੀ ਵਾਲੀਆਂ ਗੱਡੀਆਂ ਵਿੱਚ ਨਸ਼ਾ ਡਿਲੀਵਰ ਹੁੰਦਾ ਸੀ।ਸੀਐਮ ਭਗਵੰਤ ਮਾਨ ਨੇ ਕਿਹਾ ਜਦੋਂ ਸੂਬੇ ਵਿੱਚ ਭਾਜਪਾ-ਅਕਾਲੀ ਸਰਕਾਰ ਸੀ ਜਦੋਂ ਇਨ੍ਹਾਂ ਗੱਡੀਆਂ ਵਿੱਚ ਨਸ਼ਾ ਲੈ ਜਾਇਆ ਜਾਂਦਾ ਸੀ ਤਾਂ ਸਬੰਧਿਤ ਅਧਿਕਾਰੀਆਂ ਨੂੰ ਕਹਿ ਦਿੱਤਾ ਜਾਂਦਾ ਸੀ ਕਿ ਸਾਰੇ ਨਾਕਿਆਂ ਤੇ ਮੈਸੇਜ ਭਿਜਵਾ ਦਿਓ ਕਿ ਇਸ ਗੱਡੀ ਨੂੰ ਕਿਧਰੇ ਵੀ ਨਾ ਰੋਕਿਆ ਜਾਵੇ। ਇਸ ਵਿੱਚ ਨੌਜਵਾਨਾਂ ਦਾ ਸਮਾਨ ਜਾ ਰਿਹਾ ਹੈ।

40000 ਪੰਨਿਆ ਦੀ ਪੇਸ ਕੀਤੀ ਹੈ ਚਾਰਜਸੀਟ – ਸੀਐਮ ਮਾਨ

ਸੀਐਮ ਮਾਨ ਨੇ ਕਿਹਾ ਕਿ ਅਕਾਲੀ ਆਗੂ ਬਿਕਰਮ ਮਜੀਠਿਆ ਆਪ ਨਸ਼ਾ ਸਪਲਾਈ ਕਰਦੇ ਸਨ। ਕਈ ਵੱਡੇ ਤਸਕਰਾਂ ਨੇ ਉਨ੍ਹਾਂ ਦਾ ਨਾਂ ਲਿਆ ਹੈ। ਉਨ੍ਹਾਂ ਖਿਲਾਫ਼ ਅਸੀਂ ਐਕਸ਼ਨ ਲਿਆ। ਉਹ 6 ਮਹੀਨੇ ਨਾਭਾ ਜੇਲ੍ਹ ਵਿੱਚ ਵੀ ਰਹਿ ਕੇ ਆਏ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਖਿਲਾਫ਼ 40000 ਪੰਨਿਆਂ ਦੀ ਚਾਰਜਸ਼ੀਟ ਪੇਸ਼ ਕੀਤੀ ਹੈ। ਜੱਜ ਸਾਹਿਬ ਉਸਨੂੰ ਪੜ੍ਹਣ ਤੋਂ ਬਾਅਦ ਫੈਸਲਾ ਵੀ ਲੈਣਗੇ। ਹੁਣ ਫਿਰ ਬੀਜੇਪੀ ਅਕਾਲੀ ਦਲ ਗਠਜੋੜ ਕਰ ਰਹੇ ਹਨ ਤਾਂ ਜੋਂ ਮੁੜ ਤੋਂ ਪੰਜਾਬ ਨੂੰ ਨਸ਼ੇ ਦੀ ਦਲਦਲ ਵਿੱਚ ਧੱਕਿਆ ਜਾ ਸਕੇ।

70,000 ਤੋਂ ਵੱਧ ਲੋਕ ਕੀਤੇ ਗ੍ਰਿਫ਼ਤਾਰ

ਆਪਣੀ ਸਰਕਾਰ ਦੀਆਂ ਕਾਰਵਾਈਆਂ ਦਾ ਵੇਰਵਾ ਦਿੰਦੇ ਹੋਏ, ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਹੁਣ ਤੱਕ 70,000 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ ਹਨ, ਅਤੇ ਉਨ੍ਹਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਸ਼ਾ ਤਸਕਰਾਂ ਨੂੰ ਸੁਰੱਖਿਆ ਪ੍ਰਦਾਨ ਨਹੀਂ ਕਰਦੀ। ਮੁੱਖ ਮੰਤਰੀ ਨੇ ਸਰਹੱਦ ਪਾਰ ਤੋਂ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪਾਕਿਸਤਾਨ ਨਾਲ 532 ਕਿਲੋਮੀਟਰ ਦੀ ਸਰਹੱਦ ਸਾਂਝੀ ਹੈ। ਸਰਹੱਦ ‘ਤੇ ਡਰੋਨਾਂ ਨੂੰ ਰੋਕਣ ਲਈ ਕੇਂਦਰੀ ਏਜੰਸੀਆਂ ਵੀ ਜ਼ਿੰਮੇਵਾਰ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਕੀਤਾ ਕਿ ਕੀ ਕੇਂਦਰੀ ਗ੍ਰਹਿ ਮੰਤਰੀ ਨੇ ਇਸ ਮੁੱਦੇ ‘ਤੇ ਪੰਜਾਬ ਸਰਕਾਰ ਨਾਲ ਗੱਲਬਾਤ ਕੀਤੀ? ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਆਪਣੇ ਖਰਚੇ ‘ਤੇ ਐਂਟੀ-ਡਰੋਨ ਸਿਸਟਮ ਲਗਾਇਆ ਹੈ। ਮਾਨ ਨੇ ਕਿਹਾ ਕਿ ਸਰਹੱਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਨਸ਼ਾ ਤਸਕਰੀ ਨੂੰ ਰੋਕਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਵਿਚਕਾਰ ਬਿਹਤਰ ਤਾਲਮੇਲ ਜ਼ਰੂਰੀ ਹੈ।

ਅਮਿਤ ਸ਼ਾਹ ਦੀ ਡੈਡਲਾਈਨ ਤੇ ਸਵਾਲ

ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਵਾਅਦੇ ‘ਤੇ ਵੀ ਸਵਾਲ ਉਠਾਇਆ ਕਿ ਜੇਕਰ ਭਾਜਪਾ ਸਰਕਾਰ ਬਣਾਉਂਦੀ ਹੈ ਤਾਂ ਪੰਜਾਬ 31 ਦਸੰਬਰ, 2029 ਤੱਕ ਨਸ਼ਾ ਮੁਕਤ ਹੋ ਜਾਵੇਗਾ। ਮਾਨ ਨੇ ਕਿਹਾ ਕਿ ਭਾਜਪਾ ਅਕਾਲੀ ਦਲ ਅਤੇ ਮਜੀਠੀਆ ਨਾਲ ਗੱਠਜੋੜ ਦੀ ਗੱਲ ਕਰ ਰਹੀ ਹੈ, ਨਾਲ ਹੀ ਨਸ਼ੇ ਨੂੰ ਖਤਮ ਕਰਨ ਦਾ ਵਾਅਦਾ ਵੀ ਕਰ ਰਹੀ ਹੈ। ਉਨ੍ਹਾਂ ਪੁੱਛਿਆ ਕਿ ਗੁਜਰਾਤ ਤੋਂ ਆਉਣ ਵਾਲੇ ਨਸ਼ਿਆਂ ਨੂੰ ਰੋਕਣ ਲਈ ਕੀ ਯੋਜਨਾਵਾਂ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਪਹਿਲਾਂ ਇਸਨੂੰ ਗੁਜਰਾਤ ਤੋਂ ਰੋਕ ਲਵੋ… ਜੋ ਗੁਜਰਾਤ ਤੋਂ ਆ ਰਿਹਾ ਹੈ ਉਸਨੂੰ ਰੋਕੋ।” ਉਨ੍ਹਾਂ ਨੇ ਨਕਸਲਵਾਦ ਅਤੇ ਅੱਤਵਾਦ ਵਿਰੁੱਧ ਕਾਰਵਾਈ ਦਾ ਹਵਾਲਾ ਦੇ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਭਾਜਪਾ ਦੇ ਦਾਅਵੇ ‘ਤੇ ਵੀ ਚੁਟਕੀ ਲਈ। ਅਮਿਤ ਸ਼ਾਹ ਨੇ 30 ਸਤੰਬਰ ਨੂੰ ਜਲੰਧਰ ਵਿੱਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਸਮਾਪਤੀ ਸਮਾਰੋਹ ਵਿੱਚ ਕਿਹਾ ਸੀ ਕਿ ਜੇਕਰ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਪੰਜਾਬ 31 ਦਸੰਬਰ, 2029 ਤੱਕ ਨਸ਼ਾ ਵਪਾਰ ਤੋਂ ਮੁਕਤ ਹੋ ਜਾਵੇਗਾ।

ਗੁਜਰਾਤ ਵਿੱਚ 2100 ਕਿਲੋ ਨਸ਼ਾ ਚੁਹੇ ਖਾ ਗਏ?

ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਵਿੱਚ ਨਸ਼ੀਲੇ ਪਦਾਰਥਾਂ ਦੀ ਜ਼ਬਤੀ ਅਤੇ ਨਿਪਟਾਰੇ ਬਾਰੇ ਵੀ ਸਵਾਲ ਉਠਾਏ। ਉਨ੍ਹਾਂ ਦਾਅਵਾ ਕੀਤਾ ਕਿ ਗੁਜਰਾਤ ਦੇ ਗ੍ਰਹਿ ਵਿਭਾਗ ਨੇ ਅਦਾਲਤ ਵਿੱਚ ਇੱਕ ਹਲਫ਼ਨਾਮਾ ਦਾਇਰ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ 2100 ਕਿਲੋ ਚਿੱਟਾ ਚੂਹੇ ਖਾ ਗਏ। ਮਾਨ ਨੇ ਤੰਜ ਕੱਸਦਿਆਂ ਕਿਹਾ ਕਿ ਜਦੋਂ ਇੰਨੀ ਵੱਡੀ ਮਾਤਰਾ ਵਿੱਚ ਚੁਹਿਆਂ ਵੱਲੋਂ ਨਸ਼ਾ ਖਾਉਣ ਦੀ ਗੱਲ ਕਹੀ ਜਾ ਰਹੀ ਹੈ ਤਾਂ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਆਖਿਰ ਇਹ ਖੇਪ ਕਿੱਥੇ ਗਈ।

‘ਅੰਗਰੇਜਾਂ ਦੀ ਚਮਚਾਗਿਰੀ ਕਰਕੇ ਮਿਲੀ ਸਰ ਦੀ ਉਪਾਧੀ’

ਸੀਐਮ ਮਾਨ ਨੇ ਇਸ ਦੌਰਾਨ ਮਜੀਠਿਆ ਤੇ ਹਮਲਾ ਬੋਲਦਿਆਂ ਕਿਹਾ ਕਿ ਜਿਹੜੇ ਅੱਜ ਖੁਦ ਨੂੰ ਅਸਲ ਪੰਜਾਬੀ ਕਹਿਲਾਉਣ ਦਾ ਦਾਅਵਾ ਕਰਦੇ ਹਨ, ਉਨ੍ਹਾਂ ਦੇ ਪਿਤਾ ਜੀ ਨੂੰ ਸਰ ਦੀ ਉਪਾਧੀ ਅੰਗਰੇਜਾਂ ਦੀ ਚਮਚਾਗਿਰੀ ਕਰਨ ਤੋਂ ਬਾਅਦ ਮਿਲੀ ਸੀ। ਉਨ੍ਹਾਂ ਆਰੋਪ ਲਗਾਇਆ ਕਿ ਜਦੋਂ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਵਿੱਚ ਗੋਲੀਆਂ ਚੱਲੀਆਂ ਤਾਂ ਉਸਤੋਂ ਬਾਅਦ ਮਜੀਠਿਆ ਦੇ ਘਰ ਜਾਮ ਖੜਕੇ ਸਨ। ਉਨ੍ਹਾਂ ਕਿਹਾ ਕਿ 2000 ਲੋਕਾਂ ਨੂੰ ਗੋਲੀਆਂ ਨਾਲ ਵਿਣਨ ਵਾਲੇ ਜਨਰਲ ਡਾਇਰ ਨੇ ਮਜੀਠਿਆ ਦੇ ਪਿਤਾ ਸਰ ਸੁੰਦਰਲਾਲ ਮਜੀਠਿਆ ਦੇ ਘਰ ਜਾਮ ਖੜਕਾਏ ਸਨ। ਇਹ ਕਿਵੇਂ ਖੁਦ ਨੂੰ ਪੰਜਾਬ ਲਈ ਵਫਾਦਾਰ ਹੋਣ ਦਾ ਦਾਅਵਾ ਕਰ ਸਕਦੇ ਹਨ।

ਕੀ ਮੇਰਾ ਲੀਵਰ ਲੋਹੇ ਦਾ ਬਣਿਆ ਹੋਇਆ ਹੈ – ਸੀਐਮ ਮਾਨ

ਉਨ੍ਹਾਂ ਤੇ ਸਰਾਬ ਪੀਣ ਦੇ ਲੱਗਣ ਵਾਲੇ ਇਲਜਾਮਾਂ ਦਾ ਵੀ ਉਨ੍ਹਾਂ ਨੇ ਖੁਲ੍ਹ ਕੇ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਹੁਣ ਤੱਕ ਦੇ ਸਭ ਤੋਂ ਵਿਅਸਤ ਸੀਐਮ ਹਨ। ਇੱਕ ਦਿਨ ਵਿੱਚ ਉਹ 3-3 ਲੋਕ ਮਿਲਣੀਆਂ ਕਰਦੇ ਹਨ। ਕਈ ਮੀਟਿੰਗਾਂ ਵੀ ਕਰਦੇ ਹਨ। ਕੋਈ ਨਸ਼ੇੜੀ ਜਾਂ ਸ਼ਰਾਬੀ ਇਨ੍ਹਾਂ ਕੰਮ ਕਰ ਸਕਦਾ ਹੈ ਭਲਾ। ਇਸ ਦੌਰਾਨ ਉਨ੍ਹਾਂ ਨੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕੈਪਟਨ ਦੀ ਸਰਕਾਰ ਦੌਰਾਨ ਰੋਜਾਨਾ ਜਾਮ ਛਲਕਦੇ ਸਨ। ਉਹ ਦੁਪਹਿਰ ਨੂੰ ਉੱਠਦੇ ਸਨ। ਜੇਕਰ ਉਹ ਹਮੇਸ਼ਾ ਨਸ਼ੇ ਵਿੱਚ ਰਹਿੰਦੇ ਹਨ ਤਾਂ ਕਿਵੇਂ ਇਨ੍ਹਾਂ ਕੰਮ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 12 ਸਾਲਾਂ ਤੋਂ ਉਨ੍ਹਾਂ ਤੇ ਇਹੀ ਇਲਜ਼ਾਮ ਲਗਾਏ ਜਾ ਰਹੇ ਹਨ। ਜੇਕਰ ਉਹ ਏਨੇ ਹੀ ਪਿਅਕੜ ਹਨ ਤਾਂ ਕੀ ਉਨ੍ਹਾਂ ਦਾ ਲੀਵਰ ਮੰਡੀ ਗੋਬਿੰਦਗੜ੍ਹ ਦੇ ਲੋਹੇ ਦਾ ਬੰਨ੍ਹਿਆ ਹੋਇਆ ਹੈ। ਕੀ ਉਨ੍ਹਾਂ ਨੂੰ ਹੁਣ ਤੱਕ ਸਿਹਤ ਦਾ ਨੁਕਸਾਨ ਨਾ ਹੁੰਦਾ।

Loading...
Unable to load recommendations.
Follow Us