ਸ੍ਰੀ ਅਕਾਲ ਤਖ਼ਤ ਨੂੰ ਚੈਲੇਂਜ ਕਰਨ ਦੀ ਨਾਂ ਤਾਂ ਮੇਰੀ ਹਿੰਮਤ ਹੈ ਤੇ ਨਾ ਹੀ ਔਕਾਤ, ਜਥੇਦਾਰ ਨੂੰ ਮਿਲ ਕੇ ਸੀਐਮ ਮਾਨ ਨੇ ਰੱਖਿਆ ਆਪਣਾ ਪੱਖ
CM Bhagwant Mann on Akal Takht: ਸੀਐਮ ਭਗਵੰਤ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿੱਚ ਜਥੇਦਾਰ ਨਾਲ ਮੁਲਾਕਾਤ ਕਰਕੇ ਆਪਣਾ ਸਪਸ਼ਟੀਕਰਨ ਉਨ੍ਹਾਂ ਨੂੰ ਸੌਂਪਿਆ। ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਆਪਣਾ ਜਵਾਬ ਜਥੇਦਾਰ ਕੋਲ ਜਮ੍ਹਾ ਕਰਵਾ ਦਿੱਤਾ ਹੈ। ਹੁਣ ਜਥੇਦਾਰ ਉਨ੍ਹਾਂ ਪੇਪਰਾਂ ਨੂੰ ਦੇਖਣਗੇ। ਉਨ੍ਹਾਂ ਕਿਹਾ ਕਿ ਮੈਂ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕਿਸੇ ਵੀ ਤਰ੍ਹਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੇਂਜ ਨਹੀਂ ਕਰ ਰਿਹਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਸਥਿਤ ਸਭ ਤੋਂ ਉੱਚੀ ਸਿੱਖ ਸੰਸਥਾ ਅਕਾਲ ਤਖ਼ਤ ਸਾਹਿਬ ਵਿਖੇ ਅੱਜ (15 ਜਨਵਰੀ) ਪੇਸ਼ ਹੋਏ । ਮਾਨ ਲਗਭਗ 45 ਮਿੰਟ ਤੱਕ ਅੰਦਰ ਰਹੇ। ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਜਥੇਦਾਰ ਨੂੰ ਆਪਣੇ ਬਿਆਨਾਂ ਬਾਰੇ ਸਪੱਸ਼ਟੀਕਰਨ ਦੇ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ, “ਮੈਂ ਇਹ ਵੀ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ ‘ਤੇ ਇੱਕ ਫੇਕ ਕਹਾਣੀ ਬਣਾਈ ਜਾ ਰਹੀ ਹੈ ਕਿ ਮੈਂ ਅਕਾਲ ਤਖ਼ਤ ਨੂੰ ਚੁਣੌਤੀ ਦੇ ਰਿਹਾ ਹਾਂ। ਮੈਂ ਹਮੇਸ਼ਾ ਅਕਾਲ ਤਖ਼ਤ ਅੱਗੇ ਆਪਣਾ ਸਿਰ ਝੁਕਾਇਆ ਹੈ ਅਤੇ ਅਜਿਹਾ ਕੰਮ ਕਦੇ ਵੀ ਨਹੀਂ ਕਰ ਸਕਦਾ।”
ਸੀਐਮ ਮਾਨ ਨੇ ਕਿਹਾ ਕਿ ਮੈਂ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕਿਸੇ ਵੀ ਤਰ੍ਹਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੇਂਜ ਨਹੀਂ ਕਰ ਰਿਹਾ। ਮੇਰੀ ਐਨੀ ਔਕਾਤ ਹੀ ਨਹੀਂ ਹੈ ਕਿ ਮੈਂ ਸਿੱਖਾਂ ਦੀ ਮਿਨੀ ਪਾਰਲੀਮੈਂਟ ਅਤੇ ਸਰਬਉੱਚ ਸੰਸਥਾਂ ਦੇ ਖਿਲਾਫ ਜਾ ਕੇ ਇਸ ਤਰ੍ਹਾਂ ਦਾ ਕੰਮ ਕਰਾਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣਾ ਪੱਖ ਪੇਸ਼ ਕਰ ਦਿੱਤਾ ਹੈ। ਜਥੇਦਾਰ ਨੇ ਕਿਹਾ ਕਿ ਤੁਹਾਡਾ ਜਵਾਬ ਸਾਡੇ ਕੋਲ ਪਹੁੰਚ ਗਿਆ ਹੈ। ਅੱਗੇ ਜੋ ਵੀ ਹੋਵੇਗਾ, ਉਸ ਬਾਰੇ ਤੁਹਾਨੂੰ ਦੱਸ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਜਥੇਦਾਰ ਜੋ ਵੀ ਫੈਸਲਾ ਲੈਣਗੇ, ਉਹ ਸਿਰ-ਮੱਥੇ ਤੇ ਹੋਵੇਗਾ।
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮ ਸਦਕਾ ਨਿਮਾਣੇ ਸਿੱਖ ਵਜੋਂ ਹਾਜ਼ਰ ਹੋ ਕੇ ਆਪਣਾ ਸਪੱਸ਼ਟੀਕਰਨ ਦੇਣ ਤੋਂ ਬਾਅਦ, CM ਭਗਵੰਤ ਮਾਨ Live https://t.co/PYyPFvoFxr
— AAP Punjab (@AAPPunjab) January 15, 2026
ਜਨਤਾ ਦੀਆਂ ਭਾਵਨਾਵਾਂ ਨੂੰ ਦਸਤਾਵੇਜ਼ ਦੇ ਰੂਪ ‘ਚ ਕੀਤਾ ਪੇਸ਼
ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਜੋ ਵੀ ਨਿਰਦੇਸ਼ ਜਾਂ ਫੈਸਲੇ ਹੋਣਗੇ, ਉਸ ਬਾਰੇ ਵਿੱਚ ਸਾਨੂੰ ਦੱਸ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, “ਮੈਨੂੰ ਸੁਕੂਨ ਅਤੇ ਸੰਤੁਸ਼ਟੀ ਹੋਈ ਹੈ ਕਿ ਮੈਂ ਜਨਤਾ ਦੀਆਂ ਭਾਵਨਾਵਾਂ ਨੂੰ ਇੱਕ ਦਸਤਾਵੇਜ਼ ਜਾਂ ਆਪਣੇ ਸਪੱਸ਼ਟੀਕਰਨ ਦੇ ਰੂਪ ਵਿੱਚ ਜਥੇਦਾਰ ਨੂੰ ਪੇਸ਼ ਕੀਤਾ ਹੈ।” ਮੁੱਖ ਮੰਤਰੀ ਮਾਨ ਦੁਪਹਿਰ 12 ਵਜੇ ਦੇ ਨਿਰਧਾਰਤ ਸਮੇਂ ਤੋਂ ਪਹਿਲਾਂ ਸਵੇਰੇ 11:30 ਵਜੇ ਅਕਾਲ ਤਖ਼ਤ ਸਕੱਤਰੇਤ ਪਹੁੰਚੇ। ਇਸ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੀ ਅਕਾਲ ਤਖ਼ਤ ਪਹੁੰਚੇ।
ਅਕਾਲ ਤਖ਼ਤ ‘ਤੇ ਪੇਸ਼ ਹੋਣ ਤੋਂ ਪਹਿਲਾਂ, ਮੁੱਖ ਮੰਤਰੀ ਭਗਵੰਤ ਸਿੰਘ ਨੰਗੇ ਪੈਰੀਂ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਅਤੇ ਆਪਣਾ ਸਿਰ ਝੁਕਾਇਆ। ਮੱਥਾ ਟੇਕਣ ਤੋਂ ਬਾਅਦ, ਉਹ ਸਬੂਤਾਂ ਨਾਲ ਭਰੇ ਦੋ ਕਾਲੇ ਬੈਗ ਲੈ ਕੇ ਅਕਾਲ ਤਖ਼ਤ ਸਕੱਤਰੇਤ ਵੱਲ ਵਧੇ। ਪੇਸ਼ੀ ਦੌਰਾਨ ਮੀਡੀਆ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ।
ਇਹ ਵੀ ਪੜ੍ਹੋ
ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ CM @BhagwantMann !
ਗੁਰੂ ਚਰਨਾਂ ‘ਚ ਹੋਏ ਨਤਮਸਤਕ, ਇਸ ਉਪਰੰਤ ਹੁਕਮਾਂ ਅਨੁਸਾਰ ਨਿਮਰਤਾ ਸਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸਪਸ਼ਟੀਕਰਨ ਦੇਣ ਲਈ ਹੋਏ ਹਾਜ਼ਰ pic.twitter.com/06fKzRmisx — AAP Punjab (@AAPPunjab) January 15, 2026
ਨਿੱਘੇ ਮਹੌਲ ਵਿੱਚ ਹੋਈ ਮੁਲਾਕਾਤ
ਪੇਸ਼ੀ ਨੂੰ ਲੈ ਕੇ ‘AAP’ ਦੇ ਬੁਲਾਰੇ ਅਤੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਅੰਦਰ ਸਿਰਫ਼ ਜਥੇਦਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਹੀ ਮੌਜੂਦ ਸਨ। ਦੋਵਾਂ ਨੇ ਬੜੇ ਹੀ ਨਿੱਘੇ ਮਹੌਲ ਵਿੱਚ ਗੱਲਬਾਤ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਮੰਗੇ ਗਏ ਸਾਰੇ ਸਬੂਤ ਲੈ ਕੇ ਆਏ ਸਨ। ਉਹ ਦੋ ਕਾਲੇ ਬੈਗਾਂ ਵਿੱਚ ਭਰ ਕੇ ਸਬੰਧਿਤ ਦਸਤਾਵੇਜ਼ ਲਿਆਏ ਸਨ।
ਅਕਾਲ ਤਖ਼ਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ 5 ਜਨਵਰੀ ਨੂੰ ਮੁੱਖ ਮੰਤਰੀ ਨੂੰ ਇੱਕ ਇਤਰਾਜ਼ਯੋਗ ਵੀਡੀਓ ਅਤੇ ਗੋਲਕ ਸਮੇਤ ਹੋਰ ਸਿੱਖ ਮੁੱਦਿਆਂ ‘ਤੇ ਦਿੱਤੇ ਗਏ ਬਿਆਨਾਂ ਸਬੰਧੀ ਤਲਬ ਕੀਤਾ ਸੀ। ਕਿਉਂਕਿ ਮੁੱਖ ਮੰਤਰੀ ਅੰਮ੍ਰਿਤਧਾਰੀ ਸਿੱਖ ਨਹੀਂ ਹਨ, ਇਸ ਲਈ ਉਹ ਅਕਾਲ ਤਖ਼ਤ ਦੀ ਫਸੀਲ ਦੀ ਬਜਾਏ ਸਕੱਤਰੇਤ ਵਿੱਚ ਪੇਸ਼ ਹੋਏ ਅਤੇ ਸਾਰੇ ਮੁੱਦਿਆਂ ‘ਤੇ ਸਪੱਸ਼ਟੀਕਰਨ ਦਿੱਤਾ।


