ਭਲਕੇ ਚੰਨੀ ਖੇਮੇ ਦੀ ਭੂਪੇਸ਼ ਬਘੇਲ ਨਾਲ ਮੀਟਿੰਗ, ਕੀ ਖਤਮ ਹੋਵੇਗਾ ਰੇੜਕ ਜਾਂ ਵਧੇਗਾ ਕਲੇਸ਼?

Updated On: 

10 Jul 2026 17:09 PM IST

ਚੋਣਾਂ ਤੋਂ 8 ਮਹੀਨੇ ਪਹਿਲਾਂ ਪੰਜਾਬ ਕਾਂਗਰਸ ਵਿੱਚ ਬਗਾਵਤ ਦੇ ਆਸਾਰ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਹਾਈਕਮਾਂਡ ਦੇ ਪ੍ਰਭਾਰੀ ਭੂਪੇਸ਼ ਬਘੇਲ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਹੈ। ਰਾਜਾ ਵੜਿੰਗ ਦੀ ਗੈਰ-ਮੌਜੂਦਗੀ ਵਰਗੀਆਂ ਸ਼ਰਤਾਂ ਕਾਰਨ ਚੰਨੀ ਗੁੱਟ ਦੀ ਮੀਟਿੰਗ ਰੱਦ ਹੋ ਗਈ। ਚੰਨੀ ਹੁਣ ਸਿੱਧਾ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ।

ਭਲਕੇ ਚੰਨੀ ਖੇਮੇ ਦੀ ਭੂਪੇਸ਼ ਬਘੇਲ ਨਾਲ ਮੀਟਿੰਗ, ਕੀ ਖਤਮ ਹੋਵੇਗਾ ਰੇੜਕ ਜਾਂ ਵਧੇਗਾ ਕਲੇਸ਼?

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਮਹਿਜ਼ 8 ਮਹੀਨੇ ਪਹਿਲਾਂ ਪੰਜਾਬ ਕਾਂਗਰਸ ਦੇ ਅੰਦਰੂਨੀ ਹਾਲਾਤ ਬੇਹੱਦ ਨਾਜ਼ੁਕ ਹੋ ਗਏ ਹਨ ਅਤੇ ਪਾਰਟੀ ਵਿੱਚ ਇੱਕ ਵਾਰ ਫਿਰ ਵੱਡੀ ਟੁੱਟ-ਭੱਜ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਕਾਂਗਰਸ ਹਾਈਕਮਾਂਡ ਵੱਲੋਂ ਬਣਾਏ ਗਏ ਦਬਾਅ ਦੇ ਬਾਵਜੂਦ, ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪੰਜਾਬ ਮਾਮਲਿਆਂ ਦੇ ਪ੍ਰਭਾਰੀ ਭੂਪੇਸ਼ ਬਘੇਲ ਅੱਗੇ ਆਤਮ-ਸਮਰਪਣ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਸੁਲਝਾਉਣ ਲਈ ਭੂਪੇਸ਼ ਬਘੇਲ ਪਿਛਲੇ ਚਾਰ ਦਿਨਾਂ ਤੋਂ ਚੰਡੀਗੜ੍ਹ ਵਿੱਚ ਡੇਰੇ ਲਾਈ ਬੈਠੇ ਹਨ, ਪਰ ਚਰਨਜੀਤ ਸਿੰਘ ਚੰਨੀ ਅਜੇ ਤੱਕ ਉਨ੍ਹਾਂ ਨੂੰ ਮਿਲਣ ਲਈ ਨਹੀਂ ਪਹੁੰਚੇ।

ਇਸ ਗੰਭੀਰ ਸਥਿਤੀ ਬਾਰੇ ਗੱਲ ਕਰਦਿਆਂ ਹਾਈਕਮਾਂਡ ਦੇ ਪ੍ਰਤੀਨਿਧ ਭੂਪੇਸ਼ ਬਘੇਲ ਨੇ ਦੱਸਿਆ ਕਿ ਚਰਨਜੀਤ ਚੰਨੀ ਵੱਲੋਂ ਮੁਲਾਕਾਤ ਲਈ ਕੋਈ ਸਮਾਂ ਨਹੀਂ ਮੰਗਿਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਪਹਿਲਾਂ ਗੱਲ ਹੋਈ ਸੀ, ਤਾਂ ਚੰਨੀ ਨੇ ਤਿੰਨ ਦਿਨ ਸ਼ਹਿਰ ਤੋਂ ਬਾਹਰ ਹੋਣ ਦੀ ਗੱਲ ਕਹੀ ਸੀ। ਬਘੇਲ ਨੇ ਸੰਕੇਤ ਦਿੰਦਿਆਂ ਇਹ ਵੀ ਕਿਹਾ ਕਿ ਸਾਲ 2022 ਦੀਆਂ ਚੋਣਾਂ ਦਾ ਪਾਰਟੀ ਦਾ ਤਜਰਬਾ ਚੰਗਾ ਨਹੀਂ ਰਿਹਾ ਸੀ, ਜਿਸ ਕਾਰਨ ਇਸ ਵਾਰ ਹਾਈਕਮਾਂਡ ਨੇ ਸੂਬੇ ਵਿੱਚ ਲੀਡਰਸ਼ਿਪ ਬਦਲਣ ਦਾ ਕੋਈ ਫੈਸਲਾ ਨਹੀਂ ਲਿਆ।

ਸ਼ਰਤਾਂ ਕਾਰਨ ਚੰਨੀ ਗੁੱਟ ਦੀ ਮੀਟਿੰਗ ਹੋਈ ਕੈਂਸਲ

ਇਸ ਦੌਰਾਨ, ਪਾਰਟੀ ਅੰਦਰ ਬਗਾਵਤੀ ਤੇਵਰ ਦਿਖਾ ਰਹੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਅਤੇ ਪ੍ਰਭਾਰੀ ਭੂਪੇਸ਼ ਬਘੇਲ ਵਿਚਕਾਰ ਹੋਣ ਵਾਲੀ ਇੱਕ ਬੇਹੱਦ ਅਹਿਮ ਮੀਟਿੰਗ ਫਿਲਹਾਲ ਟਲ ਗਈ ਹੈ। ਚੰਨੀ ਗੁੱਟ ਵੱਲੋਂ ਰੱਖੀਆਂ ਗਈਆਂ ਸਖ਼ਤ ਸ਼ਰਤਾਂ ਕਾਰਨ ਇਸ ਮੀਟਿੰਗ ਨੂੰ ਕੈਂਸਲ ਕਰਨਾ ਪਿਆ। ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਮੁਲਾਕਾਤ ਕੱਲ੍ਹ ਹੋ ਸਕਦੀ ਹੈ। ਸੂਤਰਾਂ ਮੁਤਾਬਕ, ਚੰਨੀ ਧੜੇ ਨੇ ਇਸ ਮੀਟਿੰਗ ਨੂੰ ਲੈ ਕੇ 2 ਮੁੱਖ ਸ਼ਰਤਾਂ ਰੱਖੀਆਂ ਸਨ ਪਹਿਲੀ ਇਹ ਕਿ ਇਹ ਮੁਲਾਕਾਤ ਅਧਿਕਾਰਤ ਕਾਂਗਰਸ ਭਵਨ ਵਿਖੇ ਨਹੀਂ ਹੋਵੇਗੀ, ਅਤੇ ਦੂਜੀ ਇਹ ਕਿ ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਜੂਦ ਨਹੀਂ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਸ਼ਰਤਾਂ ‘ਤੇ ਸਹਿਮਤੀ ਨਾ ਬਣਨ ਕਾਰਨ ਹੀ ਅੱਜ ਦੀ ਬੈਠਕ ਰੱਦ ਹੋਈ।

ਚਰਨਜੀਤ ਚੰਨੀ ਦੇ ਬੇਹੱਦ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਉਹ ਸੂਬੇ ਦੇ ਆਗੂਆਂ ਨਾਲ ਗੱਲ ਕਰਨ ਦੀ ਬਜਾਏ ਸਿੱਧਾ ਦਿੱਲੀ ਜਾ ਕੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ। ਚੰਨੀ ਚਾਹੁੰਦੇ ਹਨ ਕਿ ਜੇਕਰ ਆਗਾਮੀ ਚੋਣਾਂ ਵਿੱਚ ਉਨ੍ਹਾਂ ਨੂੰ ਕੋਈ ਵੱਡੀ ਅਤੇ ਅਹਿਮ ਭੂਮਿਕਾ ਮਿਲਣੀ ਹੈ, ਤਾਂ ਉਸ ‘ਤੇ ਪ੍ਰਭਾਰੀ ਬਘੇਲ ਦੀ ਬਜਾਏ ਸਿੱਧੀ ਰਾਹੁਲ ਗਾਂਧੀ ਦੀ ਮੋਹਰ ਲੱਗੇ। ਇਸ ਉੱਚ-ਪੱਧਰੀ ਮੁਲਾਕਾਤ ਤੋਂ ਬਾਅਦ ਹੀ ਚੰਨੀ ਕੋਈ ਅਗਲਾ ਵੱਡਾ ਸਿਆਸੀ ਕਦਮ ਚੁੱਕਣਗੇ।

ਨਿੱਜੀ ਤੌਰ ‘ਤੇ ਗੱਲਬਾਤ ਕਰੇਗਾ ਚੰਨੀ ਧੜਾ: ਰਾਜਾ ਵੜਿੰਗ

ਚਰਨਜੀਤ ਚੰਨੀ ਅਤੇ ਭੂਪੇਸ਼ ਬਘੇਲ ਦੀ ਮੁਲਾਕਾਤ ਦੇ ਮੁੱਦੇ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਭੂਪੇਸ਼ ਬਘੇਲ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ ਕਿ ਕੱਲ੍ਹ ਲਈ ਇੱਕ ਬੈਠਕ ਤੈਅ ਕੀਤੀ ਗਈ ਹੈ। ਹਾਲਾਂਕਿ, ਵੜਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮੀਟਿੰਗ ਦੀ ਜਗ੍ਹਾ ਜਾਂ ਹੋਰ ਪ੍ਰਬੰਧਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪ੍ਰਭਾਰੀ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਚੰਨੀ ਗੁੱਟ ਦੇ ਆਗੂ ਪਹਿਲਾਂ ਇਕੱਲੇ (ਪ੍ਰਾਈਵੇਟ) ਵਿੱਚ ਗੱਲਬਾਤ ਕਰਨਗੇ ਅਤੇ ਉਸ ਤੋਂ ਬਾਅਦ ਸਾਰੇ ਇਕੱਠੇ ਬੈਠ ਕੇ ਅਗਲੀ ਚਰਚਾ ਕਰਨਗੇ। ਰਾਜਾ ਵੜਿੰਗ ਨੇ ਉਮੀਦ ਜਤਾਈ ਕਿ ਅਗਲੇ ਇੱਕ-ਦੋ ਦਿਨਾਂ ਵਿੱਚ ਸਾਰੇ ਆਗੂ ਇੱਕਜੁੱਟ ਹੋ ਕੇ ਇੱਕੋ ਮੰਚ ‘ਤੇ ਨਜ਼ਰ ਆਉਣਗੇ।

ਹਾਈਕਮਾਂਡ ‘ਤੇ ਦਬਾਅ ਬਣਾਉਣ ‘ਚ ਅਸਫ਼ਲ ਰਹੇ ਚੰਨੀ

ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਚਰਨਜੀਤ ਸਿੰਘ ਚੰਨੀ ਅਜੇ ਤੱਕ ਹਾਈਕਮਾਂਡ ‘ਤੇ ਆਪਣਾ ਲੋੜੀਂਦਾ ਦਬਾਅ ਬਣਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ ਹਨ। ਉਨ੍ਹਾਂ ਦੇ ਗੱਲਬਾਤ ਲਈ ਸਹਿਮਤ ਹੋਣ ਕਾਰਨ ਪਿਛਲੇ ਤਿੰਨ ਦਿਨਾਂ ਤੋਂ ਹਾਈਕਮਾਂਡ ‘ਤੇ ਬਣਿਆ ਹੋਇਆ ਸਿਆਸੀ ਦਬਾਅ ਕਾਫੀ ਹੱਦ ਤੱਕ ਘੱਟ ਹੋ ਗਿਆ ਹੈ। ਦੂਜੇ ਪਾਸੇ, ਇਸ ਪੂਰੇ ਘਟਨਾਕ੍ਰਮ ਦੌਰਾਨ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰ ਵੀ ਸ਼ਕਤੀਸ਼ਾਲੀ ਹੋ ਕੇ ਉੱਭਰੇ ਹਨ ਅਤੇ ਉਹ ਲਗਾਤਾਰ ਪਾਰਟੀ ਅੰਦਰ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਹੇ ਹਨ।

ਪ੍ਰਭਾਰੀ ਭੂਪੇਸ਼ ਬਘੇਲ ਵੀ ਹਾਈਕਮਾਂਡ ਦੇ ਫੈਸਲਿਆਂ ਨੂੰ ਸਹੀ ਸਾਬਿਤ ਕਰਨ ਲਈ ਸੂਬੇ ਦੇ ਉਨ੍ਹਾਂ ਸੀਨੀਅਰ ਨੇਤਾਵਾਂ ਤੱਕ ਪਹੁੰਚ ਕਰ ਰਹੇ ਹਨ ਜੋ ਸਿਆਸਤ ਵਿੱਚ ਬਹੁਤੇ ਸਰਗਰਮ ਨਹੀਂ ਹਨ। ਇਸੇ ਤਹਿਤ ਉਹ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਵਰਗੇ ਗੈਰ-ਸਰਗਰਮ ਆਗੂਆਂ ਨੂੰ ਮਿਲਣ ਲਈ ਖੁਦ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ।

ਮੋਰਿੰਡਾ ਨਗਰ ਕੌਂਸਲ ਚੋਣਾਂ ਵਿੱਚ ਡਟੇ ਚੰਨੀ

ਇਨ੍ਹਾਂ ਸਾਰੀਆਂ ਸਿਆਸੀ ਸਰਗਰਮੀਆਂ ਅਤੇ ਵਿਵਾਦਾਂ ਦੇ ਵਿਚਕਾਰ, ਚਰਨਜੀਤ ਸਿੰਘ ਚੰਨੀ ਅੱਜ ਸਵੇਰ ਤੋਂ ਹੀ ਮੋਰਿੰਡਾ ਨਗਰ ਕੌਂਸਲ ਦੇ ਚੇਅਰਮੈਨ ਦੀ ਚੋਣ ਨੂੰ ਲੈ ਕੇ ਪੂਰੀ ਤਰ੍ਹਾਂ ਸਰਗਰਮ ਨਜ਼ਰ ਆਏ। ਆਪਣੇ ਸਥਾਨਕ ਗੜ੍ਹ ਨੂੰ ਬਚਾਉਣ ਲਈ ਚੰਨੀ ਖੁਦ ਮੋਰਚੇ ‘ਤੇ ਡਟੇ ਹੋਏ ਹਨ। ਚੰਨੀ ਨੇ ਦਾਵਾ ਕੀਤਾ ਕਿ ਕੌਂਸਲ ਦੇ ਕੁੱਲ 15 ਮੈਂਬਰਾਂ ਵਿੱਚੋਂ 9 ਮੈਂਬਰ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਹਨ। ਆਪਣੇ ਸਿਆਸੀ ਦਬਦਬੇ ਦਾ ਪ੍ਰਦਰਸ਼ਨ ਕਰਦਿਆਂ ਚੰਨੀ ਇਨ੍ਹਾਂ ਸਾਰੇ ਸਮਰਥਕ ਮੈਂਬਰਾਂ ਨੂੰ ਆਪਣੇ ਨਾਲ ਲੈ ਕੇ ਖੁਦ ਮੋਰਿੰਡਾ ਨਗਰ ਕੌਂਸਲ ਦੇ ਦਫ਼ਤਰ ਪਹੁੰਚੇ।

Follow Us
Related Stories
ਹਲਵਾਰਾ ਏਅਰਪੋਰਟ ‘ਤੇ ਆਨਲਾਈਨ ਟੈਕਸੀ ਸੇਵਾਵਾਂ ਹੋਇਆਂ ਬੰਦ, ਲੋਕਲ ਯੂਨੀਅਨ ਨੇ ਤੈਅ ਕੀਤਾ ਨਵਾਂ ਕਿਰਾਇਆ
ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 8 ਕਿਲੋ 378 ਗ੍ਰਾਮ ਹੈਰੋਇਨ ਸਣੇ ਡਰੱਗ ਮਨੀ ਬਰਾਮਦ, ਦੋ ਮੁਲਜ਼ਮ ਗ੍ਰਿਫ਼ਤਾਰ
ਪਠਾਨਕੋਟ ‘ਚ ਬਿਜਲੀ ਸੰਕਟ, ਓਵਰਲੋਡਿਡ ਟ੍ਰਾਂਸਫਾਰਮਰਾਂ ‘ਚ ਧਮਾਕੇ, ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ
‘ਸਤਲੁਜ’ ਫ਼ਿਲਮ ਵਿਵਾਦ: ਮੰਤਰੀ ਬਿੱਟੂ ਨੇ ਸ਼ੇਅਰ ਕੀਤੀ ਬੰਮ ਧਮਾਕੇ ਦੀ ਵੀਡੀਓ, ਬੋਲੇ- ‘ਇੱਕਤਰਫ਼ਾ ਇਤਿਹਾਸ ਦਿਖਾਉਣਾ ਗਲਤ’
ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ, ਪੰਜਾਬ ਰੋਡਵੇਜ਼ ਨੇ ਲੁਧਿਆਣਾ-ਜਲੰਧਰ ਤੋਂ ਕਟੜਾ ਲਈ ਸ਼ੁਰੂ ਕੀਤੀ AC ਵਾਲਵੋ ਬੱਸ ਸੇਵਾ
ਪੰਜਾਬ ਸਰਕਾਰ ਵੱਲੋਂ ਰਿਟਾਇਰਡ ਮੁਲਾਜ਼ਮਾਂ ਨੂੰ ਵੱਡੀ ਰਾਹਤ, ਗ੍ਰੈਚੁਟੀ ਤੇ ਲੀਵ ਐਨਕੈਸ਼ਮੈਂਟ ਦਾ ਮਿਲੇਗਾ ਲਾਭ