Channi Reply to Maan: ਨੌਕਰੀ ਬਦਲੇ ਪੈਸੇ ਮੰਗਣ ਦੇ ਸੀਐੱਮ ਮਾਨ ਦੇ ਇਲਜ਼ਾਮਾਂ ਦਾ ਚੰਨੀ ਨੇ ਕੀ ਦਿੱਤਾ ਜਵਾਬ…ਪੜ੍ਹੋ
ਚੰਨੀ ਨੇ ਕਿਹਾ ਕਿ ਸੀਐੱਮ ਮਾਨ ਨੇ ਹੀ ਕ੍ਰਿਕਟਰ ਜਸਇੰਦਰ ਨੂੰ ਇਸ ਤਰ੍ਹਾਂ ਦੇ ਇਲਜ਼ਾਮ ਲਗਾ ਕੇ ਉਨ੍ਹਾ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਲਈ ਕਿਹਾ ਹੋਵੇਗਾ।
ਚੰਡੀਗੜ੍ਹ ਨਿਊਜ। ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਦਿੱਤੇ ਅਲਟੀਮੇਟਮ ਦੇ ਖਤਮ ਹੋਣ ਤੋਂ ਬਾਅਦ ਸੂਬੇ ਦੀ ਜਨਤਾ ਸਾਹਮਣੇ ਉਸ ਕ੍ਰਿਕਟਰ ਨੂੰ ਪੇਸ਼ ਕਰ ਦਿੱਤਾ, ਜਿਸਨੇ ਚੰਨੀ ਦੇ ਭਤੀਜੇ ਤੇ ਨੌਕਰੀ ਦੇਣ ਬਦਲੇ ਪੈਸੇ ਮੰਗਣ ਦੇ ਇਲਜ਼ਾਮ ਲੱਗਾਏ ਹਨ। ਮੁੱਖ ਮੰਤਰੀ ਦੇ ਇਸ ਵਾਰ ਦੇ ਕੁਝ ਹੀ ਦੇਰ ਬਾਅਦ ਚੰਨੀ ਵੀ ਆਪਣੀ ਪਾਰਟੀ ਦੇ ਆਗੂਆਂ ਪ੍ਰਤਾਪ ਸਿੰਘ ਬਾਜਵਾ (Pratap Singh Bajwa) ਅਤੇ ਪਰਗਟ ਸਿੰਘ (Pargat Singh) ਨਾਲ ਪਲਟਵਾਰ ਕਰਨ ਪਹੁੰਚ ਗਏ। ਮੀਡੀਆ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਮੁੱਖ ਮੰਤਰੀ ਦੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਹੀ ਖਾਰਜ ਕਰ ਦਿੱਤਾ।
ਚੰਨੀ ਨੇ ਇਲਜ਼ਾਮ ਲਗਾਇਆ, ਮੇਰੇ ਅਤੇ ਮੇਰੇ ਪਰਿਵਾਰ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸਿਆਸੀ ਬਦਲਾਖੋਰੀ ਚ ਮੇਰੇ ਪਰਿਵਾਰ ਨੂੰ ਘੜੀਸ ਕੇ ਮੁੱਖ ਮੰਤਰੀ ਹਰ ਮਰਿਯਾਦਾ ਲੰਘ ਰਹੇ ਹਨ।’ ਉਨ੍ਹਾਂ ਨੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦਿਆ ਦਾਅਵਾ ਕੀਤਾ ਕਿ ਉਨ੍ਹਾਂ ਖਿਲਾਫ ਕੋਝੀ ਸਾਜਿਸ਼ ਰਚੀ ਜਾ ਰਹੀ ਹੈ। ਸਿਰਫ ਸਿਆਸੀ ਬਦਲਾਖੋਰੀ ਕਰਕੇ ਹੀ ਮੁੱਖ ਮੰਤਰੀ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਚੰਨੀ ਨੇ ਨਕਾਰੇ ਸੀਐੱਮ ਦੇ ਸਾਰੇ ਇਲਜ਼ਾਮ
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਜਿਸ ਭਤੀਜੇ ਤੇ ਨੌਕਰੀ ਬਦਲੇ ਪੈਸੇ ਮੰਗਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ, ਉਹ ਉਨ੍ਹਾਂ ਦੇ ਭਰਾ ਮਨੋਹਰ ਸਿੰਘ ਦਾ ਬੇਟਾ ਜਸ਼ਨ ਹੈ। ਉਹ ਡਾਕਟਰ ਹੈ ਅਤੇ ਐਮਡੀ ਬਣਨ ਦੀ ਤਿਆਰੀ ਚ ਰੁੱਝਿਆ ਹੋਇਆ ਹੈ। ਚੰਨੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਇਲਜ਼ਾਮ ਜਸ਼ਨ ਦੇ ਕੈਰੀਅਰ ਤੇ ਵੀ ਕਿਤੇ ਨਾ ਕਿਤੇ ਅਸਰ ਪਾ ਸਕਦੇ ਹਨ। ਉਸਦੀ ਸਾਰੀ ਮਿਹਨਤ ਤੇ ਪਾਣੀ ਫਿਰ ਸਕਦਾ ਹੈ।
ਦੱਸ ਦੇਈਏ ਕੇ ਇਸ ਤੋਂ ਪਹਿਲਾਂ ਬੁੱਧਵਾਰ ਦੁਪਿਹਰ ਨੂੰ ਕ੍ਰਿਕਟਰ ਜਸਇੰਦਰ ਅਤੇ ਉਨ੍ਹਾਂ ਦੇ ਪਿਤਾ ਨਾਲ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਮਾਨ ਨੇ ਚੰਨੀ ਅਤੇ ਉਨ੍ਹਾਂ ਦੇ ਭਤੀਜੇ ਤੇ ਇਲਜ਼ਾਮ ਲਗਾਏ ਕਿ ਜਸਇੰਦਰ ਨੂੰ ਨੌਕਰੀ ਦੇਣ ਬਦਲੇ ਜਸ਼ਨ ਵੱਲੋਂ 2 ਕਰੋੜ ਰੁਪਏ ਮੰਗੇ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਚੰਨੀ ਦੀ ਜਸਇੰਦਰ ਦੇ ਪਿਤਾ ਨਾਲ ਮੁਲਾਕਾਤ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ।
ਕਿਵੇਂ ਸ਼ੁਰੂ ਹੋਇਆ ਸੀ ਵਿਵਾਦ?
ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਬੀਤੇ ਦਿਨੀਂ ਉਹ ਧਰਮਸ਼ਾਲਾ ਵਿੱਚ IPL ਦਾ ਮੈਚ ਦੇਖਣ ਗਏ ਸਨ। ਇਸ ਦੌਰਾਨ ਜਸਇੰਦਰ ਸਿੰਘ ਨੇ ਉਨ੍ਹਾਂ ਨੂੰ ਪੂਰਾ ਮਾਮਲਾ ਦੱਸਿਆ ਸੀ। ਜਸਇੰਦਰ ਨੇ ਮੁੱਖ ਮੰਤਰੀ ਮਾਨ ਨੂੰ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਚੰਨੀ ਨੇ ਆਪਣੇ ਭਤੀਜੇ ਦੇ ਜ਼ਰੀਏ ਕ੍ਰਿਕਟਰ ਜਸਇੰਦਰ ਤੋਂ ਨੌਕਰੀ ਬਦਲੇ 2 ਕਰੋੜ ਰੁਪਏ ਮੰਗੇ ਸਨ। ਮੁੱਖ ਮੰਤਰੀ ਨੇ ਕਿਹਾ ਹੈ ਕਿ ਹੁਣ ਉਨ੍ਹਾਂ ਦੀ ਸਰਕਾਰ ਜਸਇੰਦਰ ਨੂੰ ਬਣਦੀ ਨੌਕਰੀ ਦੇਵੇਗੀ।
ਇਹ ਵੀ ਪੜ੍ਹੋ
ਇਹ ਵੀ ਦੱਸ ਦੇਈਏ ਕਿ ਜੱਸਇੰਦਰ ਸਿੰਘ ਕਿੰਗਜ਼ XI ਪੰਜਾਬ ਟੀਮ ਦਾ ਨੈੱਟ ਦੇ ਗੇਂਦਬਾਜ ਹਨ। ਆਈਪੀਐਲ ਦੌਰਾਨ ਇਹ ਪਲੇਇੰਗ ਇਲੈਵਨ ਵਿੱਚ ਵੀ ਕਦੇ ਨਹੀਂ ਆਏ ਹਨ। ਹਾਲਾਂਕਿ, ਉਹ ਰਣਜੀ ਟਰਾਫੀ ਦੇ ਖਿਡਾਰੀ ਜਰੂਰ ਹਨ। ਉਹ ਸਪਿਨ ਗੇਂਦਬਾਜ਼ੀ ਕਰਦੇ ਹਨ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ