Illegal Mining: ਗੈਰਕਾਨੂੰਨੀ ਖਣਨ ਦੇ ਖ਼ਾਤਮੇ ਅਤੇ ਲੋਕਾਂ ਨੂੰ ਵਾਜਿਬ ਰੇਟਾਂ ਤੇ ਰੇਤਾ ਉਪਲਬਧ ਕਰਵਾਉਣ ਲਈ ਵਚਨਬੱਧ ਸਰਕਾਰ : ਮੀਤ ਹੇਅਰ
ਮੀਤ ਹੇਅਰ ਨੇ ਬੀਤੀ ਸ਼ਾਮ ਕਮਰਸ਼ੀਅਲ ਮਾਈਨਿੰਗ ਸਾਈਟਾਂ ਸੰਬੰਧੀ ਠੇਕੇਦਾਰਾਂ ਅਤੇ ਕਰੱਸ਼ਰ ਮਾਲਕਾਂ ਨਾਲ ਵੀ ਮੀਟਿੰਗ ਕਰਕੇ ਨਾਜਾਇਜ਼ ਮਾਈਨਿੰਗ ਤੇ ਠੱਲ ਪਾਉਣ ਦੇ ਨਿਰਦੇਸ਼ ਦਿੱਤੇ ਸਨ।

ਚੰਡੀਗੜ੍ਹ ਨਿਊਜ਼। ਸੂਬਾ ਸਰਕਾਰ ਵੱਲੋਂ ਗੈਰਕਾਨੂੰਨੀ ਖਣਨ ਦੇ ਮੁਕੰਮਲ ਖ਼ਾਤਮੇ ਅਤੇ ਸੂਬਾ ਵਾਸੀਆਂ ਨੂੰ ਵਾਜਿਬ ਰੇਟਾਂ ਤੇ ਰੇਤਾ ਅਤੇ ਬੱਜਰੀ ਉਪਲਬਧ ਕਰਵਾਉਣ ਦੀ ਵਚਨਬੱਧਤਾ ਦੇ ਚੱਲਦਿਆਂ ਜਿੱਥੇ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਜਨਤਕ ਮਾਈਨਿੰਗ ਤੇ ਕਮਰਸ਼ੀਅਲ ਮਾਈਨਿੰਗ ਸਾਈਟ ਚਲਾਈਆਂ ਜਾ ਰਹੀਆਂ ਹਨ ਉੱਥੇ ਗੈਰਕਾਨੂੰਨੀ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਵਿਭਾਗ ਦੇ ਇਨਫੋਰਸਮੈਂਟ ਵਿੰਗ ਨੂੰ ਮੁਸਤੈਦ ਕੀਤਾ ਜਾ ਰਿਹਾ ਹੈ। ਇਹ ਗੱਲ ਅੱਜ ਖਣਨ ਤੇ ਭੂ-ਵਿਗਿਆਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇੱਥੇ ਪੰਜਾਬ ਭਵਨ ਵਿਖੇ ਖਣਨ ਤੇ ਪੰਜਾਬ ਪੁਲਿਸ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਕਹੀ।
ਮੀਤ ਹੇਅਰ ਨੇ ਕਿਹਾ ਕਿ ਜ਼ਮੀਨੀ ਪੱਧਰ ਉਤੇ ਨਿਗਰਾਨੀ ਲਈ ਖਣਨ ਤੇ ਪੁਲਿਸ ਵਿਭਾਗ ਦੇ ਫੀਲਡ ਅਧਿਕਾਰੀਆਂ ਦੀ ਸਾਂਝੀ ਕਮੇਟੀ ਬਣਾ ਕੇ ਨਿਰੰਤਰ ਚੈਕਿੰਗ ਯਕੀਨੀ ਬਣਾਈ ਜਾਵੇ। ਖਣਨ ਤੇ ਪੁਲਿਸ ਦੇ ਅਧਿਕਾਰੀ ਇਸ ਸੰਬੰਧੀ ਨਿਰੰਤਰ ਆਪਣੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜਣਗੇ।ਖਣਨ ਸਾਈਟ ਵਾਲੇ ਜ਼ਿਲ੍ਹਿਆਂ ਖਾਸ ਕਰਕੇ ਸਰਹੱਦੀ ਜ਼ਿਲਿਆਂ ਜਿੱਥੇ ਕੌਮਾਂਤਰੀ ਸਰਹੱਦ ਲੱਗਦੀ ਹੈ, ਉੱਥੇ ਗੈਰਕਾਨੂੰਨੀ ਖਣਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਪੁਲਿਸ ਵੱਲੋਂ ਖਣਨ ਵਿਭਾਗ ਦੇ ਇਨਫੋਰਸਮੈਂਟ ਵਿੰਗ ਨੂੰ ਆਪਣੇ 50 ਕਰਮੀ ਦਿੱਤੇ ਗਏ ਹਨ।
