ਚੰਡੀਗੜ੍ਹ-ਸ਼ਿਮਲਾ ਨੈਸ਼ਨਲ ਹਾਈਵੇਅ ‘ਤੇ 5 ਥਾਵਾਂ ‘ਤੇ ਖਿਸਕੀ ਜ਼ਮੀਨ, ਹਿਮਾਚਲ ‘ਚ ਤਬਾਹੀ ਮਚਾ ਰਿਹਾ ਮੌਨਸੂਨ
Chandigarh-Shimla National Highway Landslides: ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸ਼ਿਮਲਾ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ 'ਤੇ ਪੰਜ ਥਾਵਾਂ 'ਤੇ ਜ਼ਮੀਨ ਖਿਸਕ ਦੇ ਮਾਮਲੇ ਦੇਖੇ ਗਏ ਹਨ, ਜਿਸ ਕਾਰਨ ਆਵਾਜਾਈ ਨੂੰ ਇੱਕ ਲੇਨ ਵਿੱਚ ਮੋੜ ਦਿੱਤਾ ਗਿਆ, ਜਿਸ ਕਾਰਨ ਜਾਮ ਲੱਗ ਗਿਆ ਹੈ। ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ, ਹਿਮਾਚਲ ਵਿੱਚ 259 ਸੜਕਾਂ ਬੰਦ ਕਰਨੀਆਂ ਪਈਆਂ ਹਨ।

ਹਿਮਾਚਲ ਪ੍ਰਦੇਸ਼ ਵਿੱਚ ਮੌਨਸੂਨ ਦੇ ਸਰਗਰਮ ਰਹਿਣ ਕਾਰਨ, ਸੋਮਵਾਰ ਨੂੰ ਭਾਰੀ ਮੀਂਹ ਕਾਰਨ ਨੁਕਸਾਨ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਸ਼ਿਮਲਾ ਵਿੱਚ ਇੱਕ ਪੰਜ ਮੰਜ਼ਿਲਾ ਇਮਾਰਤ ਢਹਿ ਗਈ, ਜਦੋਂ ਕਿ ਰਾਮਪੁਰ ਵਿੱਚ ਬੱਦਲ ਫਟਣ ਨਾਲ ਕਈ ਜਾਨਵਰ ਰੁੜ੍ਹ ਗਏ ਹਨ। ਕਈ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਤੇ ਸੜਕਾਂ ਬੰਦ ਹੋਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਅਚਾਨਕ ਆਏ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ ਬਹੁਤ ਸਾਰਾ ਮਲਬਾ ਡਿੱਗ ਗਿਆ ਹੈ। ਭਾਰੀ ਮੀਂਹ ਕਾਰਨ ਹੋਈਆਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਹਿਮਾਚਲ ‘ਚ 259 ਸੜਕਾਂ ਬੰਦ ਕਰਨੀਆਂ ਪਈਆਂ ਹਨ। ਇਸ ਦੇ ਨਾਲ ਹੀ 130 ਇਲਾਕਿਆਂ ਵਿੱਚ ਬਿਜਲੀ ਸਪਲਾਈ ਵੀ ਠੱਪ ਹੋ ਗਈ ਹੈ। ਇੰਨਾ ਹੀ ਨਹੀਂ, ਆਈਐਮਡੀ (ਮੌਸਮ ਵਿਭਾਗ) ਨੇ 22 ਵਿੱਚੋਂ 18 ਜ਼ਮੀਨ ਖਿਸਕਣ ਵਾਲੇ ਸੰਵੇਦਨਸ਼ੀਲ ਖੇਤਰਾਂ ਲਈ ਚੇਤਾਵਨੀ ਜਾਰੀ ਕੀਤੀ ਹੈ।
ਸੋਮਵਾਰ ਨੂੰ ਸ਼ਿਮਲਾ ਦੇ ਭੱਟਾਕੁਫਰ ਵਿੱਚ ਇੱਕ ਪੰਜ ਮੰਜ਼ਿਲਾ ਇਮਾਰਤ ਢਹਿ ਗਈ। ਇਸ ਦੇ ਨਾਲ ਹੀ, ਰਾਮਪੁਰ ਦੇ ਸਿਕਾਸੇਰੀ ਪਿੰਡ ਵਿੱਚ, ਬੱਦਲ ਫਟਣ ਕਾਰਨ ਕਈ ਜਾਨਵਰ ਇੱਕ ਵਾੜੇ ਵਿੱਚੋਂ ਵਹਿ ਗਏ। ਚਮਿਆਣਾ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਰਸਤੇ ‘ਤੇ ਮਾਥੂ ਕਲੋਨੀ ਵਿੱਚ ਇੱਕ ਇਮਾਰਤ ਢਹਿ ਗਈ। ਹਾਲਾਂਕਿ, ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਗੰਭੀਰ ਖ਼ਤਰੇ ਨੂੰ ਮਹਿਸੂਸ ਕਰਨ ਤੋਂ ਬਾਅਦ ਇਮਾਰਤ ਨੂੰ ਪਹਿਲਾਂ ਹੀ ਖਾਲੀ ਕਰਵਾ ਲਿਆ ਸੀ। ਨੇੜਲੀਆਂ ਦੋ ਹੋਰ ਇਮਾਰਤਾਂ ਵੀ ਖ਼ਤਰੇ ਵਿੱਚ ਹਨ।
ਸਿੱਕਾਸੇਰੀ ਪਿੰਡ ਵਿੱਚ ਤਬਾਹੀ
ਇਸ ਦੌਰਾਨ, ਰਾਮਪੁਰ ਦੇ ਸਰਪਾਰਾ ਗ੍ਰਾਮ ਪੰਚਾਇਤ ਅਧੀਨ ਆਉਂਦੇ ਸਿਕਾਸੇਰੀ ਪਿੰਡ ਵਿੱਚ ਬੱਦਲ ਫਟਣ ਕਾਰਨ ਦੋ ਗਊਸ਼ਾਲਾ, ਤਿੰਨ ਗਾਵਾਂ ਅਤੇ ਦੋ ਵੱਛੇ, ਇੱਕ ਰਸੋਈ ਅਤੇ ਇੱਕ ਕਮਰਾ ਵਹਿ ਗਿਆ। ਇਹ ਘਰ ਪਲਾਸ ਰਾਮ ਦੇ ਪੁੱਤਰਾਂ ਰਾਜਿੰਦਰ ਕੁਮਾਰ, ਵਿਨੋਦ ਕੁਮਾਰ ਅਤੇ ਗੋਪਾਲ ਦਾ ਸੀ। ਇਸ ਘਟਨਾ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਪਿਛਲੇ ਸਾਲ ਜੁਲਾਈ ਵਿੱਚ, ਸਰਪਾਰਾ ਪੰਚਾਇਤ ਖੇਤਰ ਵਿੱਚ ਬੱਦਲ ਫਟਣ ਕਾਰਨ 21 ਲੋਕਾਂ ਦੀ ਜਾਨ ਚਲੀ ਗਈ ਸੀ।
ਸ਼ਿਮਲਾ-ਚੰਡੀਗੜ੍ਹ ਹਾਈਵੇਅ ‘ਤੇ 5 ਥਾਵਾਂ ‘ਤੇ ਭੂ-ਖਿਸਕਣ
ਇਸ ਦੌਰਾਨ, ਲਗਾਤਾਰ ਮੀਂਹ ਕਾਰਨ ਸ਼ਿਮਲਾ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ‘ਤੇ ਪੰਜ ਥਾਵਾਂ ‘ਤੇ ਜ਼ਮੀਨ ਖਿਸਕ ਗਈ, ਜਿਸ ਕਾਰਨ ਆਵਾਜਾਈ ਨੂੰ ਇੱਕ ਲੇਨ ਵਿੱਚ ਮੋੜ ਦਿੱਤਾ ਗਿਆ, ਜਿਸ ਕਾਰਨ ਜਾਮ ਲੱਗ ਗਿਆ। ਸੋਲਨ ਜ਼ਿਲ੍ਹੇ ਦੇ ਕੋਟੀ ਨੇੜੇ ਚੱਕੀ ਮੋੜ ‘ਤੇ ਹਾਈਵੇਅ ‘ਤੇ ਵੀ ਇਹੀ ਸਥਿਤੀ ਬਣੀ ਹੋਈ ਸੀ। ਉੱਥੇ ਵੀ ਸੜਕ ‘ਤੇ ਪੱਥਰ ਡਿੱਗਣ ਕਾਰਨ ਆਵਾਜਾਈ ਵਿੱਚ ਵਿਘਨ ਪਿਆ ਅਤੇ ਯਾਤਰੀਆਂ ਨੂੰ ਇੱਕ ਲੇਨ ‘ਤੇ ਹੌਲੀ-ਹੌਲੀ ਗੱਡੀ ਚਲਾਉਣ ਲਈ ਮਜਬੂਰ ਹੋਣਾ ਪਿਆ।
ਤੂਫਾਨ, ਮੀਂਹ ਅਤੇ ਭੂ-ਖਿਸਕਣ ਨਾਲ 20 ਲੋਕਾਂ ਦੀ ਮੌਤ
ਇਸ ਦੌਰਾਨ ਪਾਲਮਪੁਰ, ਬੈਜਨਾਥ, ਸੁੰਦਰਨਗਰ, ਮੁਰਾਰੀ ਦੇਵੀ, ਕਾਂਗੜਾ, ਸ਼ਿਮਲਾ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਜੁਬਰਹੱਟੀ ‘ਚ ਤੂਫਾਨ ਆਇਆ। ਸੂਬੇ ਦੇ ਕਈ ਇਲਾਕਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ, 20 ਜੂਨ ਤੋਂ 29 ਜੂਨ ਤੱਕ ਮਾਨਸੂਨ ਦੇ ਆਉਣ ਤੋਂ ਬਾਅਦ ਰਾਜ ਵਿੱਚ ਤੂਫਾਨ, ਮੀਂਹ ਅਤੇ ਜ਼ਮੀਨ ਖਿਸਕਣ ਕਾਰਨ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਚਾਰ ਲਾਪਤਾ ਹਨ।