ਜਲੰਧਰ-ਲੁਧਿਆਣਾ ਹਾਈਵੇ ‘ਤੇ ਵੱਡੀ ਵਾਰਦਾਤ, ਗੰਨ ਪੁਆਇੰਟ ‘ਤੇ ਟਰੱਕ ਡਰਾਈਵਰ ਦੀ ਕੁੱਟਮਾਰ; 50 ਹਜ਼ਾਰ ਤੇ ਮੋਬਾਈਲ ਲੁੱਟਿਆ
ਜਲੰਧਰ-ਲੁਧਿਆਣਾ ਨੇਸ਼ਨਲ ਹਾਈਵੇਅ 'ਤੇ ਫ਼ਿਲੌਰ ਅਧੀਨ ਪੈਂਦੇ ਪਿੰਡ ਭੱਟੀਆਂ ਨੇੜੇ ਦੇਰ ਰਾਤ ਹਥਿਆਰਬੰਦ ਕਾਰ ਸਵਾਰ ਬਦਮਾਸ਼ਾਂ ਵੱਲੋਂ ਗੰਨ ਪੁਆਇੰਟ 'ਤੇ ਇੱਕ ਟਰੱਕ ਚਾਲਕ ਨੂੰ ਨਿਸ਼ਾਨਾ ਬਣਾਉਂਦਿਆਂ ਬੇਰਹਿਮੀ ਨਾਲ ਕੁੱਟਮਾਰ ਕਰਕੇ ਲੁੱਟ-ਖੋਹ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।
ਜਲੰਧਰ-ਲੁਧਿਆਣਾ ਨੇਸ਼ਨਲ ਹਾਈਵੇਅ ‘ਤੇ ਫ਼ਿਲੌਰ ਅਧੀਨ ਪੈਂਦੇ ਪਿੰਡ ਭੱਟੀਆਂ ਨੇੜੇ ਦੇਰ ਰਾਤ ਹਥਿਆਰਬੰਦ ਕਾਰ ਸਵਾਰ ਬਦਮਾਸ਼ਾਂ ਵੱਲੋਂ ਗੰਨ ਪੁਆਇੰਟ ‘ਤੇ ਇੱਕ ਟਰੱਕ ਚਾਲਕ ਨੂੰ ਨਿਸ਼ਾਨਾ ਬਣਾਉਂਦਿਆਂ ਬੇਰਹਿਮੀ ਨਾਲ ਕੁੱਟਮਾਰ ਕਰਕੇ ਲੁੱਟ-ਖੋਹ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਸ਼ੁੱਕਰਵਾਰ ਦੇਰ ਰਾਤ ਤਕਰੀਬਨ 12 ਵਜੇ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ। ਇੱਕ i20 ਕਾਰ ਵਿੱਚ ਸਵਾਰ ਹੋ ਕੇ ਆਏ 4 ਤੋਂ 5 ਅਣਪਛਾਤੇ ਹਮਲਾਵਰਾਂ ਨੇ ਚੱਲਦੇ ਟਰੱਕ ਨੂੰ ਓਵਰਟੇਕ ਕਰਕੇ ਅਚਾਨਕ ਆਪਣੀ ਗੱਡੀ ਅੱਗੇ ਅੜਾ ਦਿੱਤੀ। ਇਸ ਉਪਰੰਤ ਲੁਟੇਰਿਆਂ ਨੇ ਲਾਠੀ-ਡੰਡਿਆਂ ਨਾਲ ਹਮਲਾ ਬੋਲਦਿਆਂ ਟਰੱਕ ਦੇ ਸ਼ੀਸ਼ੇ ਭੰਨ ਦਿੱਤੇ ਅਤੇ ਚਾਲਕ ਨੂੰ ਬਾਹਰ ਖਿੱਚ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਪਿਸਤੌਲ ਤਾਣ ਕੇ 50 ਹਜ਼ਾਰ ਦੀ ਨਕਦੀ ਤੇ ਮੋਬਾਈਲ ਖੋਹਿਆ
ਜ਼ਖ਼ਮੀ ਹੋਏ ਟਰੱਕ ਡਰਾਈਵਰ ਆਸਿਫ਼ ਹੁਸੈਨ, ਵਾਸੀ ਸਤਵਾੜ (ਜੰਮੂ-ਕਸ਼ਮੀਰ), ਨੇ ਘਟਨਾ ਦੇ ਖ਼ੌਫ਼ਨਾਕ ਪਲਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਟੇਰਿਆਂ ਨੇ ਉਸ ਦੇ ਸਿਰ ‘ਤੇ ਪਿਸਤੌਲ ਤਾਣ ਦਿੱਤੀ ਅਤੇ ਗੋਲੀ ਮਾਰਨ ਦੀ ਸਿੱਧੀ ਧਮਕੀ ਦਿੰਦਿਆਂ ਉਸ ਕੋਲ ਮੌਜੂਦ 50 ਹਜ਼ਾਰ ਰੁਪਏ ਦੀ ਨਕਦੀ ਅਤੇ ਮੋਬਾਈਲ ਫ਼ੋਨ ਖੋਹ ਲਿਆ। ਪੀੜਤ ਨੇ ਦੱਸਿਆ ਕਿ ਵਾਰਦਾਤ ਦੇ ਵਕਤ ਉਹ ਖੰਨਾ ਤੋਂ ਮਾਲ ਲੋਡ ਕਰਕੇ ਵਾਪਸ ਜੰਮੂ ਵੱਲ ਜਾ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਫ਼ਿਲੌਰ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਪੀੜਤ ਚਾਲਕ ਦੇ ਬਿਆਨ ਦਰਜ ਕਰਕੇ ਅਗਲੇਰੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
ਪਿੰਡ ਵਾਸੀਆਂ ਨੇ ਕੀਤਾ ਬਚਾਉਣ ਦਾ ਯਤਨ
ਵਾਰਦਾਤ ਦੌਰਾਨ ਜਦੋਂ ਹਾਈਵੇ ਕਿਨਾਰੇ ਸਥਿਤ ਪਿੰਡ ਭੱਟੀਆਂ ਦੇ ਕੁਝ ਨੌਜਵਾਨਾਂ ਨੇ ਚੀਕ-ਚਿਹਾੜਾ ਸੁਣ ਕੇ ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਬੇਖ਼ੌਫ਼ ਲੁਟੇਰੇ ਹੱਥਾਂ ਵਿੱਚ ਪਿਸਤੌਲ ਲਹਿਰਾਉਂਦੇ ਹੋਏ ਪਿੰਡ ਵਾਲਿਆਂ ਪਿੱਛੇ ਹੀ ਦੌੜ ਪਏ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪਿੰਡ ਦੇ ਸਰਪੰਚ ਅਨੁਸਾਰ ਘਟਨਾ ਸਥਾਨ ਦੇ ਐਨ ਕੋਲ ਸਥਿਤ ਸੰਦੀਪ ਕਰਿਆਨਾ ਸਟੋਰ ‘ਤੇ ਸੀਸੀਟੀਵੀ (CCTV) ਕੈਮਰੇ ਲੱਗੇ ਹੋਏ ਹਨ। ਦੁਕਾਨ ਖੁੱਲ੍ਹਣ ‘ਤੇ ਪੁਲਿਸ ਵੱਲੋਂ ਇਨ੍ਹਾਂ ਕੈਮਰਿਆਂ ਦੀ ਫੁਟੇਜ ਖੰਗਾਲੀ ਜਾਵੇਗੀ, ਜਿਸ ਨਾਲ ਦੋਸ਼ੀਆਂ ਦੇ ਚਿਹਰਿਆਂ ਅਤੇ ਕਾਰ ਦੇ ਰੂਟ ਦਾ ਅਹਿਮ ਸੁਰਾਗ ਮਿਲਣ ਦੀ ਪੂਰੀ ਆਸ ਹੈ। ਘਟਨਾ ਦੀ ਜਾਣਕਾਰੀ ਮਿਲਦੇ ਸਾਰ 112 ਐਮਰਜੈਂਸੀ ਰਿਸਪਾਂਸ ਟੀਮ ਅਤੇ ਥਾਣਾ ਫ਼ਿਲੌਰ ਦੇ ਐੱਸਐੱਚਓ ਧਰਮਿੰਦਰ ਸਿੰਘ ਪੁਲਿਸ ਫ਼ੋਰਸ ਸਮੇਤ ਮੌਕੇ ‘ਤੇ ਪਹੁੰਚੇ।
ਕਾਰ ਨੰਬਰ ਦੇ ਆਧਾਰ ‘ਤੇ ਛਾਪੇਮਾਰੀ ਜਾਰੀ
ਮਾਮਲੇ ਦੀ ਪੁਸ਼ਟੀ ਕਰਦਿਆਂ ਐੱਸਐੱਚਓ ਧਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਕੰਟਰੋਲ ਰੂਮ ਤੋਂ ਮਿਲੀ ਇਤਲਾਹ ‘ਤੇ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਸੀ। ਮੁੱਢਲੀ ਜਾਂਚ ਵਿੱਚ ਇਹ ਮਾਮਲਾ ਲੁੱਟ-ਖੋਹ ਦਾ ਹੀ ਪ੍ਰਤੀਤ ਹੁੰਦਾ ਹੈ। ਜ਼ਖ਼ਮੀ ਡਰਾਈਵਰ ਨੂੰ ਇਲਾਜ ਅਤੇ ਮੈਡੀਕਲ ਜਾਂਚ ਲਈ ਸਥਾਨਕ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਵੱਲੋਂ ਪੁਲਿਸ ਨੂੰ ਵਾਰਦਾਤ ਵਿੱਚ ਵਰਤੀ ਗਈ i20 ਕਾਰ ਦਾ ਰਜਿਸਟ੍ਰੇਸ਼ਨ ਨੰਬਰ ਮੁਹੱਈਆ ਕਰਵਾ ਦਿੱਤਾ ਗਿਆ ਹੈ। ਪੁਲਿਸ ਟੀਮਾਂ ਕਾਰ ਨੰਬਰ ਦੇ ਆਧਾਰ ‘ਤੇ ਵਾਹਨ ਮਾਲਕ ਦਾ ਪਤਾ ਲਗਾਉਣ ਵਿੱਚ ਜੁਟ ਗਈਆਂ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੋਸ਼ੀ ਕਿਸੇ ਚੋਰੀ ਦੀ ਗੱਡੀ ਦੀ ਵਰਤੋਂ ਕਰ ਰਹੇ ਸਨ। ਐੱਸਐੱਚਓ ਨੇ ਦਾਅਵਾ ਕੀਤਾ ਹੈ ਕਿ ਲੁਟੇਰਿਆਂ ਨੂੰ ਜਲਦ ਟਰੇਸ ਕਰਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਲੁੱਟੀ ਗਈ ਨਕਦੀ ਸਮੇਤ ਹਥਿਆਰ ਬਰਾਮਦ ਕਰ ਲਏ ਜਾਣਗੇ।