ਪਰਾਲੀ ਤੇ CAQM ਦਾ ਵੱਡਾ ਐਕਸ਼ਨ, ਪੰਜਾਬ ਅਤੇ ਹਰਿਆਣਾ ਦੇ 34 ਜ਼ਿਲ੍ਹਿਆਂ ‘ਚ ਫਲਾਇੰਗ ਸਕੁਐਡ ਤੈਨਾਤ
ਝੋਨੇ ਦੀ ਵਾਢੀ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਹੀ ਦਿੱਲੀ-ਐੱਨ.ਸੀ.ਆਰ. ਵਿੱਚ ਹਵਾ ਦੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਪੂਰੀ ਤਰ੍ਹਾਂ ਹਰਕਤ ਵਿੱਚ ਆ ਗਿਆ ਹੈ। ਕਮਿਸ਼ਨ ਨੇ ਪੰਜਾਬ ਅਤੇ ਹਰਿਆਣਾ ਦੇ ਖੇਤਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਨਿਗਰਾਨੀ ਨੂੰ ਹੋਰ ਤੇਜ਼ ਕਰ ਦਿੱਤਾ ਹੈ।
ਝੋਨੇ ਦੀ ਵਾਢੀ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਹੀ ਦਿੱਲੀ-ਐੱਨ.ਸੀ.ਆਰ. ਵਿੱਚ ਹਵਾ ਦੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਪੂਰੀ ਤਰ੍ਹਾਂ ਹਰਕਤ ਵਿੱਚ ਆ ਗਿਆ ਹੈ। ਕਮਿਸ਼ਨ ਨੇ ਪੰਜਾਬ ਅਤੇ ਹਰਿਆਣਾ ਦੇ ਖੇਤਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਨਿਗਰਾਨੀ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਸ ਮੰਤਵ ਲਈ ਦੋਵਾਂ ਸੂਬਿਆਂ ਦੇ ਸੰਵੇਦਨਸ਼ੀਲ 34 ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਫਲਾਇੰਗ ਸਕੁਐਡ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਹ ਤਾਇਨਾਤੀ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 30 ਨਵੰਬਰ 2026 ਤੱਕ ਨਿਰੰਤਰ ਜਾਰੀ ਰਹੇਗੀ।
ਸੀ.ਏ.ਕਿਊ.ਐੱਮ. (CAQM) ਵੱਲੋਂ ਦਿੱਤੀ ਗਈ ਅਧਿਕਾਰਤ ਜਾਣਕਾਰੀ ਅਨੁਸਾਰ, ਇਨ੍ਹਾਂ ਫਲਾਇੰਗ ਸਕੁਐਡਾਂ ਅਧੀਨ ਪੰਜਾਬ ਦੇ 18 ਅਤੇ ਹਰਿਆਣਾ ਦੇ 16 ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਟੀਮਾਂ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚ ਜ਼ਮੀਨੀ ਹਕੀਕਤਾਂ ਦਾ ਜਾਇਜ਼ਾ ਲੈਣਗੀਆਂ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਸਥਾਨਕ ਪ੍ਰਸ਼ਾਸਨ ਤੇ ਸਬੰਧਤ ਵਿਭਾਗਾਂ ਨਾਲ ਮਿਲ ਕੇ ਕੰਮ ਕਰਨਗੀਆਂ।
ਸਥਾਨਕ ਪ੍ਰਸ਼ਾਸਨ ਤੇ ਕਿਸਾਨਾਂ ਨਾਲ ਬਣਾਇਆ ਜਾਵੇਗਾ ਤਾਲਮੇਲ
ਕਮਿਸ਼ਨ ਅਨੁਸਾਰ, ਇਹ ਫਲਾਇੰਗ ਸਕੁਐਡ ਜ਼ਮੀਨੀ ਪੱਧਰ ‘ਤੇ ਕਿਸਾਨਾਂ, ਪਰਾਲੀ ਪ੍ਰੋਟੈਕਸ਼ਨ ਫੋਰਸ, ਜ਼ਿਲ੍ਹਾ ਪ੍ਰਸ਼ਾਸਨ, ਸੂਬਾ ਸਰਕਾਰ ਦੇ ਨੋਡਲ ਅਫ਼ਸਰਾਂ, ਪ੍ਰਦੂਸ਼ਣ ਕੰਟਰੋਲ ਬੋਰਡ ਅਤੇ CAQM ਦੇ ਨੁਮਾਇੰਦਿਆਂ ਨਾਲ ਸਿੱਧਾ ਤਾਲਮੇਲ ਰੱਖਣਗੇ। ਟੀਮਾਂ ਵੱਲੋਂ ਜ਼ਮੀਨੀ ਸਥਿਤੀ ਅਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਦੀ ਇੱਕ ਵਿਸਤ੍ਰਿਤ ਰੋਜ਼ਾਨਾ ਰਿਪੋਰਟ ਤਿਆਰ ਕਰਕੇ CAQM ਸੈੱਲ ਨੂੰ ਭੇਜੀ ਜਾਵੇਗੀ, ਜਿਸ ਦੇ ਆਧਾਰ ‘ਤੇ ਉੱਚ ਪੱਧਰ ‘ਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਪੰਜਾਬ ਅਤੇ ਹਰਿਆਣਾ ਦੇ ਇਨ੍ਹਾਂ ਜ਼ਿਲ੍ਹਿਆਂ ਤੇ ਰਹੇਗਾ ਵਿਸ਼ੇਸ਼ ਪਹਿਰਾ
ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਸਖ਼ਤੀ ਨਾਲ ਰੋਕਣ ਲਈ ਪੰਜਾਬ ਦੇ ਜਿਨ੍ਹਾਂ 18 ਪ੍ਰਮੁੱਖ ਜ਼ਿਲ੍ਹਿਆਂ ਵਿੱਚ ਟੀਮਾਂ ਨਜ਼ਰ ਰੱਖਣਗੀਆਂ, ਸੰਗਰੂਰ, ਤਰਨਤਾਰਨ, ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਅੰਮ੍ਰਿਤਸਰ, ਮੋਗਾ, ਮਾਨਸਾ, ਫ਼ਾਜ਼ਿਲਕਾ, ਪਟਿਆਲਾ, ਲੁਧਿਆਣਾ, ਕਪੂਰਥਲਾ, ਫ਼ਰੀਦਕੋਟ, ਬਰਨਾਲਾ, ਮਲੇਰਕੋਟਲਾ, ਗੁਰਦਾਸਪੁਰ, ਜਲੰਧਰ ਅਤੇ ਫ਼ਤਹਿਗੜ੍ਹ ਸਾਹਿਬ। ਜੀਂਦ, ਫ਼ਤਿਹਾਬਾਦ, ਹਿਸਾਰ, ਕੈਥਲ, ਸੋਨੀਪਤ, ਰੋਹਤਕ, ਸਿਰਸਾ, ਕਰਨਾਲ, ਪਲਵਲ, ਝੱਜਰ, ਕੁਰੂਕਸ਼ੇਤਰ, ਅੰਬਾਲਾ, ਯਮੁਨਾਨਗਰ, ਫ਼ਰੀਦਾਬਾਦ, ਪਾਣੀਪਤ ਅਤੇ ਹਾਂਸੀ।
ਵਾਢੀ ਸ਼ੁਰੂ ਹੁੰਦਿਆਂ ਹੀ ਐਕਸ਼ਨ ਮੋਡ ਵਿੱਚ ਆਇਆ ਕਮਿਸ਼ਨ
CAQM ਨੇ ਸਪੱਸ਼ਟ ਕੀਤਾ ਹੈ ਕਿ ਇਸ ਵਿਸ਼ੇਸ਼ ਪ੍ਰਬੰਧ ਦਾ ਮੁੱਖ ਮੰਤਵ ਸਮੇਂ ਸਿਰ ਜ਼ਮੀਨੀ ਸਥਿਤੀ ਦਾ ਮੁਲਾਂਕਣ ਕਰਨਾ, ਲਾਗੂਕਰਨ ਏਜੰਸੀਆਂ (ਇਨਫੋਰਸਮੈਂਟ ਏਜੰਸੀਆਂ) ਵਿਚਕਾਰ ਬਿਹਤਰ ਤਾਲਮੇਲ ਬਣਾਉਣਾ ਅਤੇ ਜਿੱਥੇ ਵੀ ਅੱਗ ਲੱਗਣ ਦੀ ਘਟਨਾ ਸਾਹਮਣੇ ਆਵੇ, ਉੱਥੇ ਤੁਰੰਤ ਕਾਰਵਾਈ ਯਕੀਨੀ ਬਣਾਉਣਾ ਹੈ। ਰੋਜ਼ਾਨਾ ਪ੍ਰਾਪਤ ਹੋਣ ਵਾਲੀਆਂ ਰਿਪੋਰਟਾਂ ਦੇ ਆਧਾਰ ‘ਤੇ ਕਮਿਸ਼ਨ ਸਬੰਧਤ ਅਧਿਕਾਰੀਆਂ ਨਾਲ ਅਗਲੇਰੀ ਰਣਨੀਤੀ ਉਲੀਕੇਗਾ।
ਇਹ ਵੀ ਪੜ੍ਹੋ
ਇਸ ਦੇ ਨਾਲ ਹੀ ਕਮਿਸ਼ਨ ਨੇ ਪੰਜਾਬ ਅਤੇ ਹਰਿਆਣਾ ਸਰਕਾਰਾਂ, ਰਾਜ ਪ੍ਰਦੂਸ਼ਣ ਕੰਟਰੋਲ ਬੋਰਡਾਂ ਅਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਸਾੜਨ ਦੀ ਰੋਕਥਾਮ ਲਈ ਆਪਸੀ ਸਹਿਯੋਗ ਨਾਲ ਸਾਂਝੇ ਯਤਨ ਜਾਰੀ ਰੱਖਣ। ਕਮਿਸ਼ਨ ਨੇ ਇਸ ਗੰਭੀਰ ਵਾਤਾਵਰਣਕ ਮਸਲੇ ਦੇ ਹੱਲ ਲਈ ਕਿਸਾਨ ਭਾਈਚਾਰੇ ਅਤੇ ਹੋਰ ਸਬੰਧਤ ਧਿਰਾਂ ਦੇ ਸਰਗਰਮ ਸਹਿਯੋਗ ਨੂੰ ਬੇਹੱਦ ਅਹਿਮ ਕਰਾਰ ਦਿੱਤਾ ਹੈ।


