‘ਵਰਕਰਾਂ ਲਈ ਲੜਨਾ ਭੁੱਲ ਗਏ ਹਨ ਪੰਜਾਬ ਕਾਂਗਰਸ ਦੇ ਜਰਨੈਲ’, ਆਸ਼ੂ ਨੇ ਸੁਖਬੀਰ ਬਾਦਲ ਦੀ ਕੀਤੀ ਤਾਰੀਫ਼
ਆਸ਼ੂ ਨੇ ਪੰਜਾਬ ਕਾਂਗਰਸ ਦੀ ਅਗਵਾਈ ਕਰਨ ਵਾਲੇ ਆਗੂਆਂ ਨੂੰ ਨਸੀਹਤ ਦਿੱਤੀ ਹੈ ਕਿ ਉਹ ਵਰਕਰਾਂ ਨਾਲ ਖੜੇ ਹੋਣਗੇ ਤਾਂ ਪਾਰਟੀ ਉਮੀਦ ਤੋਂ ਵੱਧ ਕੇ ਪ੍ਰਦਰਸ਼ਨ ਕਰੇਗੀ। ਉਨ੍ਹਾਂ ਨੇ ਕਿਹਾ ਕਿ ਵਰਕਰਾਂ 'ਤੇ ਪਰਚੇ ਹੀ ਪਰਚੇ ਦਰਜ ਕੀਤੇ ਜਾ ਰਹੇ ਹਨ। ਸੂਬਾ ਪ੍ਰਧਾਨ ਪਾਰਟੀ ਤੇ ਵਰਕਰਾਂ ਨਾਲ ਖੜ੍ਹੇ ਨਹੀਂ ਦਿਖਾਈ ਦਿੱਤੇ।
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਹੈ ਕਿ ਕਾਂਗਰਸ ਦੇ ਜਰਨੈਲ ਆਪਣੇ ਵਰਕਰਾਂ ਲਈ ਲੜਨਾ ਭੁੱਲ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਰਕਰਾਂ ਨੂੰ ਆਗੂਆਂ ਦਾ ਸਪੋਰਟ ਹੋਣ ਨਾ ਕਾਰਨ ਉਹ ਸੰਗਠਨ ਤੋਂ ਦੂਰ ਹੋ ਰਹੇ ਹਨ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਤਾਰੀਫ਼ ਕੀਤੀ ਹੈ। ਆਸ਼ੂ ਨੇ ਸੁਖਬੀਰ ਬਾਦਲ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਉਹ ਬੁਰੇ ਸਮੇਂ ਦੌਰਾਨ ਆਪਣੇ ਵਰਕਰਾਂ ਨਾਲ ਖੜ੍ਹਦੇ ਹਨ।
ਸੁਖਬੀਰ ਬਾਦਲ ਦੀ ਕੀਤੀ ਤਾਰੀਫ਼
ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ‘ਤੇ ਪਰਚੇ ਦਰਜ ਕੀਤੇ ਗਏ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਲਈ ਖੜ੍ਹੇ ਹੋਏ ਤੇ ਪੂਰੀ ਪਾਰਟੀ ਨੇ ਮਿਲ ਕੇ ਕੰਮ ਕੀਤਾ। ਉਨ੍ਹਾਂ ਨੇ ਆਪਣੇ ਵਰਕਰਾਂ ਨੂੰ ਰਿਹਾ ਕਰਵਾਇਆ। ਆਸ਼ੂ ਨੇ ਕਿਹਾ ਕਿ ਹੁਣ ਅਕਾਲੀ ਵਰਕਰਾਂ ‘ਤੇ ਝੂਠੇ ਪਰਚੇ ਦਰਜ ਕਰਨ ਤੋਂ ਪਹਿਲਾਂ ਦੱਸ ਬਾਰ ਸੋਚਿਆ ਜਾਵੇਗਾ ਕਿਉਂਕਿ ਅਕਾਲੀਆਂ ਦੇ ਪ੍ਰਧਾਨ ਤੇ ਲੀਗਲ ਟੀਮ ਝੂਠੇ ਪਰਚਾ ਹੋਣ ‘ਤੇ ਮੌਕੇ ‘ਤੇ ਪਹੁੰਚ ਜਾਂਦੇ ਹਨ। ਆਸ਼ੂ ਨੇ ਕਿਹਾ ਕਿ ਜੇਕਰ ਪਾਰਟੀ ਦਾ ਪ੍ਰਧਾਨ ਵਰਕਰਾਂ ਨਾਲ ਇਸ ਤਰ੍ਹਾਂ ਮਜ਼ਬੂਤੀ ਨਾਲ ਖੜ੍ਹਾ ਹੋਵੇਗਾ ਤਾਂ ਵਰਕਰ ਉਸ ਨਾਲ ਕਿਉਂ ਨਹੀਂ ਜੁੜੇਗਾ।


