ਭਗਤ ਪੂਰਨ ਸਿੰਘ ਜੀ ਨੂੰ ‘ਭਾਰਤ ਰਤਨ’ ਦੇਣ ਦੀ ਮੰਗ, ਸੰਤ ਸੀਚੇਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ
ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਸੰਸਥਾਪਕ, ਮਹਾਨ ਸਮਾਜ ਸੇਵਕ ਅਤੇ ਮਾਨਵਤਾ ਦੇ ਮੁਦਈ ਭਗਤ ਪੂਰਨ ਸਿੰਘ ਜੀ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਨਵਾਜਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਭਗਤ ਪੂਰਨ ਸਿੰਘ ਜੀ ਦੀਆਂ ਅਤੁਲ ਨਿਸ਼ਕਾਮ ਸਮਾਜ ਸੇਵੀ ਅਤੇ ਮਨੁੱਖਤਾ ਪ੍ਰਤੀ ਸਮਰਪਿਤ ਸੇਵਾਵਾਂ ਨੂੰ ਮੁੱਖ ਰੱਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਉਨ੍ਹਾਂ ਨੂੰ ਮਰਨ ਉਪਰੰਤ ਭਾਰਤ ਰਤਨ ਦੇਣ ਦੀ ਪੁਰਜ਼ੋਰ ਮੰਗ ਕੀਤੀ ਗਈ ਹੈ।
ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਸੰਸਥਾਪਕ, ਮਹਾਨ ਸਮਾਜ ਸੇਵਕ ਅਤੇ ਮਾਨਵਤਾ ਦੇ ਮੁਦਈ ਭਗਤ ਪੂਰਨ ਸਿੰਘ ਜੀ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਨਵਾਜਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਭਗਤ ਪੂਰਨ ਸਿੰਘ ਜੀ ਦੀਆਂ ਅਤੁਲ ਨਿਸ਼ਕਾਮ ਸਮਾਜ ਸੇਵੀ ਅਤੇ ਮਨੁੱਖਤਾ ਪ੍ਰਤੀ ਸਮਰਪਿਤ ਸੇਵਾਵਾਂ ਨੂੰ ਮੁੱਖ ਰੱਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਉਨ੍ਹਾਂ ਨੂੰ ਮਰਨ ਉਪਰੰਤ ਭਾਰਤ ਰਤਨ ਦੇਣ ਦੀ ਪੁਰਜ਼ੋਰ ਮੰਗ ਕੀਤੀ ਗਈ ਹੈ। ਇਸ ਇਤਿਹਾਸਕ ਪਹਿਲਕਦਮੀ ‘ਤੇ ਪਿੰਗਲਵਾੜਾ ਸੰਸਥਾ ਦੀ ਮੁੱਖ ਸੰਚਾਲਕ ਬੀਬੀ ਡਾ. ਇੰਦਰਜੀਤ ਕੌਰ ਨੇ ਡੂੰਘੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਸੰਤ ਸੀਚੇਵਾਲ ਦਾ ਉਪਰਾਲਾ ਸ਼ਲਾਘਾਯੋਗ: ਡਾ. ਇੰਦਰਜੀਤ ਕੌਰ
ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਅੱਜ ਦਾ ਦਿਨ ਪਿੰਗਲਵਾੜਾ ਪਰਿਵਾਰ ਅਤੇ ਸਮੁੱਚੀ ਮਾਨਵਤਾ ਲਈ ਬੇਹੱਦ ਖ਼ੁਸ਼ੀ ਭਰਿਆ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਜਦੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਭਗਤ ਪੂਰਨ ਸਿੰਘ ਜੀ ਨੂੰ ਦੇਸ਼ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ‘ਭਾਰਤ ਰਤਨ’ ਦੇਣ ਦੀ ਵਕਾਲਤ ਕੀਤੀ ਹੈ, ਤਾਂ ਉਨ੍ਹਾਂ ਦਾ ਮਨ ਖ਼ੁਸ਼ੀ ਨਾਲ ਭਰ ਗਿਆ।
ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਸੰਤ ਸੀਚੇਵਾਲ ਵੱਲੋਂ ਭਗਤ ਪੂਰਨ ਸਿੰਘ ਜੀ ਦੀਆਂ ਮਹਾਨ ਸੇਵਾਵਾਂ ਨੂੰ ਪਛਾਣਨਾ ਅਤੇ ਇਸ ਮੁੱਦੇ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ।
ਪਿੰਗਲਵਾੜਾ ਅਤੇ ਸੰਤ ਸੀਚੇਵਾਲ ਦੇ ਸਬੰਧ ਦਹਾਕਿਆਂ ਪੁਰਾਣੇ
ਉਨ੍ਹਾਂ ਦੱਸਿਆ ਕਿ ਪਿੰਗਲਵਾੜਾ ਸੰਸਥਾ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਆਪਸੀ ਸਬੰਧ ਕਾਫ਼ੀ ਪੁਰਾਣੇ ਅਤੇ ਗੂੜ੍ਹੇ ਹਨ। ਸਾਲ 2004 ਵਿੱਚ ਪਿੰਗਲਵਾੜਾ ਸੰਸਥਾ ਵੱਲੋਂ ਵਾਤਾਵਰਨ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਬਦਲੇ ਸੰਤ ਸੀਚੇਵਾਲ ਨੂੰ ਭਗਤ ਪੂਰਨ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
ਉਨ੍ਹਾਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਸ ਸਮੇਂ ਬਹੁਤ ਘੱਟ ਲੋਕ ਜਾਣਦੇ ਸਨ ਕਿ ਸੰਤ ਸੀਚੇਵਾਲ ਵਾਤਾਵਰਨ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਇੰਨੀ ਗੰਭੀਰਤਾ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਸੰਤ ਸੀਚੇਵਾਲ ਨਾਲ ਫ਼ੋਨ ਤੇ ਰਾਬਤਾ ਕਾਇਮ ਕੀਤਾ ਸੀ, ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਖ਼ੁਦ ਸੰਗਤ ਨਾਲ ਮਿਲ ਕੇ ਗੰਦੇ ਨਾਲਿਆਂ ਦੀ ਸਫ਼ਾਈ ਕਰਨ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਵਰਗੇ ਸੇਵਾ ਦੇ ਕਾਰਜਾਂ ਵਿੱਚ ਦਿਨ-ਰਾਤ ਜੁਟੇ ਹੋਏ ਹਨ।
ਇਹ ਵੀ ਪੜ੍ਹੋ
ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨਾਲ ਜੁੜੀਆਂ ਦੋਵੇਂ ਸ਼ਖ਼ਸੀਅਤਾਂ
ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਭਗਤ ਪੂਰਨ ਸਿੰਘ ਜੀ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਦੋਵੇਂ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਅਤੇ ‘ਸਰਬੱਤ ਦੇ ਭਲੇ’ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਰਹੇ ਹਨ। ਦੋਵਾਂ ਨੇ ਹੀ ਸਮਾਜ ਦੇ ਲਾਚਾਰ ਤੇ ਲੋੜਵੰਦ ਲੋਕਾਂ ਦੀ ਸੇਵਾ ਦੇ ਨਾਲ-ਨਾਲ ਕੁਦਰਤ ਅਤੇ ਵਾਤਾਵਰਨ ਦੀ ਸੰਭਾਲ ਨੂੰ ਆਪਣੀ ਜ਼ਿੰਦਗੀ ਦਾ ਮੁੱਖ ਮਕਸਦ ਬਣਾਇਆ।
ਉਨ੍ਹਾਂ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਅੱਜ ਪਾਣੀ, ਧਰਤੀ ਅਤੇ ਹਵਾ ਪ੍ਰਦੂਸ਼ਣ ਵਰਗੀਆਂ ਗੰਭੀਰ ਸਮੱਸਿਆਵਾਂ ਪੂਰੀ ਦੁਨੀਆ ਲਈ ਵੰਗਾਰ ਬਣ ਚੁੱਕੀਆਂ ਹਨ। ਅਜਿਹੇ ਨਾਜ਼ੁਕ ਸਮੇਂ ਵਿੱਚ ਸਮਾਜ ਅਤੇ ਸਰਕਾਰ ਦੋਵਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਹੋਰ ਜ਼ਿਆਦਾ ਗੰਭੀਰਤਾ ਨਾਲ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਆਖਿਆ ਕਿ ਜੇਕਰ ਕੇਂਦਰ ਸਰਕਾਰ ਭਗਤ ਪੂਰਨ ਸਿੰਘ ਜੀ ਨੂੰ ਭਾਰਤ ਰਤਨ ਦੇਣ ਦਾ ਫੈਸਲਾ ਕਰਦੀ ਹੈ ਤਾਂ ਇਹ ਪੂਰੇ ਸਮਾਜ ਲਈ ਬੇਹੱਦ ਮਾਣ ਵਾਲੀ ਗੱਲ ਹੋਵੇਗੀ।
ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸਰੋਤ ਬਣੇਗਾ ਇਹ ਸਨਮਾਨ
ਡਾ. ਇੰਦਰਜੀਤ ਕੌਰ ਅਨੁਸਾਰ, ਇਸ ਸਨਮਾਨ ਦਾ ਸਭ ਤੋਂ ਵੱਡਾ ਅਤੇ ਹਾਂਪੱਖੀ ਪ੍ਰਭਾਵ ਅੱਜ ਦੀ ਨੌਜਵਾਨ ਪੀੜ੍ਹੀ ਤੇ ਪਵੇਗਾ। ਅੱਜ ਜਿਹੜੇ ਨੌਜਵਾਨ ਭਟਕ ਕੇ ਨਸ਼ਿਆਂ ਅਤੇ ਗੈਂਗਸਟਰਵਾਦ ਵਰਗੀਆਂ ਬੁਰਾਈਆਂ ਦੇ ਜਾਲ ਵਿੱਚ ਫਸ ਰਹੇ ਹਨ, ਉਨ੍ਹਾਂ ਨੂੰ ਭਗਤ ਪੂਰਨ ਸਿੰਘ ਜੀ ਦੇ ਤਿਆਗ, ਸਮਰਪਣ ਅਤੇ ਜ਼ਿੰਦਗੀ ਤੋਂ ਸਹੀ ਤੇ ਨੇਕ ਰਾਹ ਤੇ ਚੱਲਣ ਦੀ ਵੱਡੀ ਪ੍ਰੇਰਣਾ ਮਿਲੇਗੀ।
ਅੰਤਰਰਾਸ਼ਟਰੀ ਸਨਮਾਨ ਦੀਆਂ ਕੋਸ਼ਿਸ਼ਾਂ ਦਾ ਕੀਤਾ ਜ਼ਿਕਰ
ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਭਗਤ ਪੂਰਨ ਸਿੰਘ ਜੀ ਦੇ ਜੀਵਨ ਦੇ ਆਖਰੀ ਦਿਨਾਂ ਦੌਰਾਨ ਅਮਰੀਕਾ ਦੀ ਸੰਗਤ ਵੱਲੋਂ ਉਨ੍ਹਾਂ ਨੂੰ ਰਾਈਟ ਲਿਵਲੀਹੁੱਡ ਐਵਾਰਡ (ਜਿਸ ਨੂੰ ਵਿਕਲਪਿਕ ਨੋਬਲ ਪੁਰਸਕਾਰ ਵੀ ਕਿਹਾ ਜਾਂਦਾ ਹੈ) ਵਰਗੇ ਅੰਤਰਰਾਸ਼ਟਰੀ ਸਨਮਾਨ ਲਈ ਨਾਮਜ਼ਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਅਫ਼ਸੋਸ ਦੀ ਗੱਲ ਹੈ ਕਿ ਭਗਤ ਜੀ ਦੇ ਅਕਾਲ ਚਲਾਣੇ ਕਾਰਨ ਇਹ ਸਨਮਾਨ ਉਨ੍ਹਾਂ ਨੂੰ ਨਹੀਂ ਮਿਲ ਸਕਿਆ ਸੀ।
ਡਾ. ਇੰਦਰਜੀਤ ਕੌਰ ਨੇ ਅੰਤ ਵਿੱਚ ਕਿਹਾ ਕਿ ਭਗਤ ਪੂਰਨ ਸਿੰਘ ਜੀ ਵਰਗੇ ਮਹਾਨ ਮਾਨਵਤਾਵਾਦੀ ਸੇਵਕਾਂ ਨੂੰ ਸਨਮਾਨਿਤ ਕਰਨਾ ਸਾਰਾ ਸਮਾਜ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਕੇਂਦਰ ਸਰਕਾਰ ਸੰਤ ਸੀਚੇਵਾਲ ਵੱਲੋਂ ਕੀਤੀ ਗਈ ਇਸ ਮੰਗ ਤੇ ਗੰਭੀਰਤਾ ਨਾਲ ਵਿਚਾਰ ਕਰੇਗੀ। ਜੇਕਰ ਭਗਤ ਪੂਰਨ ਸਿੰਘ ਜੀ ਨੂੰ ‘ਭਾਰਤ ਰਤਨ’ ਮਿਲਦਾ ਹੈ ਤਾਂ ਇਹ ਸਿਰਫ਼ ਪਿੰਗਲਵਾੜਾ ਲਈ ਹੀ ਨਹੀਂ, ਸਗੋਂ ਸਮੁੱਚੇ ਪੰਜਾਬ ਅਤੇ ਪੂਰੇ ਦੇਸ਼ ਲਈ ਇਤਿਹਾਸਕ ਤੇ ਮਾਣਮੱਤਾ ਪਲ ਹੋਵੇਗਾ।
