ਬਲਵਿੰਦਰ ਸਿੰਘ ਭੁੰਦੜ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ, ਬਾਗੀ ਧੜਾ ਬੋਲਿਆ – ਪਾਰਟੀ ਨੂੰ ਟੁੱਟਣ ਤੋਂ ਨਹੀਂ ਬਚਾ ਸਕਦਾ ਫੈਸਲਾ
Balwinder Singh Bhunder: ਹਾਲੇ ਕੁਝ ਦਿਨ ਪਹਿਲਾਂ ਹੀ ਪੰਜਾਬ ਵਿੱਚ ਕੋਰ ਕਮੇਟੀ ਬਣਾਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦਾ ਸੰਸਦੀ ਬੋਰਡ ਵੀ ਬਣਾਇਆ ਸੀ। ਬੋਰਡ ਵਿੱਚ ਇੱਕ ਚੇਅਰਮੈਨ ਅਤੇ 5 ਮੈਂਬਰ ਹੁੰਦੇ ਹਨ। ਇਸ ਵਿੱਚ ਬਲਵਿੰਦਰ ਸਿੰਘ ਭੂੰਦੜ ਨੂੰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਹੋਰਨਾਂ ਮੈਂਬਰਾਂ ਵਿੱਚ ਜਨਮੇਜਾ ਸਿੰਘ ਸੇਖੋਂ, ਗੁਲਜ਼ਾਰ ਸਿੰਘ ਰਣੀਕੇ, ਮਹੇਸ਼ ਇੰਦਰ ਸਿੰਘ ਗਰੇਵਾਲ, ਡਾਕਟਰ ਦਲਜੀਤ ਸਿੰਘ ਚੀਮਾ ਅਤੇ ਹੀਰਾ ਸਿੰਘ ਗਾਬੜੀਆ ਨੂੰ ਸ਼ਾਮਲ ਕੀਤਾ ਗਿਆ ਸੀ।
ਸ਼੍ਰੋਮਣੀ ਅਕਾਲੀ ਦਲ ਅੰਦਰ ਚੱਲ ਰਹੇ ਕਲੇਸ਼ ਵਿਚਾਲੇ ਵੱਡੀ ਖਬਰ ਆ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਦੇ ਸੋਸ਼ਲ ਮੀਡੀਆ ਹੈਂਡਲ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਖੁਦ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। 2 ਵਾਰ ਦੇ ਰਾਜ ਸਭਾ ਮੈਂਬਰ ਰਹਿ ਚੁੱਕੇ ਭੂੰਦੜ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵੀ ਰਹੇ ਹਨ। ਪਰ ਇਸ ਵਿਚਾਲੇ ਵੱਡਾ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣਗੇ।
ਦੱਸ ਦਈਏ ਕਿ 30 ਅਗਸਤ ਯਾਨੀ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ। ਉਸਤੋਂ ਠੀਕ ਪਹਿਲਾਂ ਸੁਖਬੀਰ ਬਾਦਲ ਵੱਲੋਂ ਲਏ ਗਏ ਇਸ ਫੈਸਲੇ ਪਿੱਛੇ ਕਈ ਤਰ੍ਹਾਂ ਦੀਆਂ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਹਨ।
S Sukhbir Singh Badal has appointed Senior party leader S Balwinder Singh Bhundar as Working President of the party. pic.twitter.com/CVAqxn7xld
— Dr Daljit S Cheema (@drcheemasad) August 29, 2024
ਇਹ ਵੀ ਪੜ੍ਹੋ
ਬਾਗੀ ਧੜਾ ਫੈਸਲੇ ਤੋਂ ਨਰਾਜ਼
ਉੱਧਰ ਪਾਰਟੀ ਦਾ ਬਾਗੀ ਧੜਾ ਹਾਲੇ ਵੀ ਇਸ ਫੈਸਲੇ ਤੋਂ ਖੁਸ਼ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਬਲਵਿੰਦਰ ਸਿੰਘ ਭੂੰਦੜ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਕਾਫੀ ਕਰੀਬੀ ਹਨ, ਇਸ ਲਈ ਉਨ੍ਹਾਂ ਨੂੰ ਸਿਰਫ਼ ਇੱਕ ਮੋਹਰਾ ਬਣਾਇਆ ਗਿਆ ਹੈ। ਬਾਗੀ ਧੜੇ ਦੀ ਆਗੂ ਬੀਬੀ ਜਾਗੀਰ ਕੌਰ ਦਾ ਕਹਿਣਾ ਹੈ ਕਿ ਇਸ ਨਾਲ ਪਾਰਟੀ ਵਿੱਚ ਟੁੱਟ ਹੋਰ ਵੀ ਵਧੇਗੀ। ਭੁੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾਉਣਾ ਕਿਸੇ ਵੀ ਸੱਮਸਿਆ ਦਾ ਹੱਲ ਨਹੀਂ ਹੈ। ਸੁਖਬੀਰ ਬਾਦਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।
ਉੱਧਰ ਇਸ ਮਾਮਲੇ ਦੇ ਜਾਣਕਾਰਾਂ ਦੀ ਮੰਨੀਏ ਤਾਂ ਸੁਖਬੀਰ ਸਿੰਘ ਬਾਦਲ ਵੱਲੋਂ ਲਏ ਗਏ ਫੈਸਲਿਆਂ ਤੋਂ ਨਰਾਜ਼ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਬਾਗੀ ਧੜਾ ਅਕਾਲੀ ਦਲ ਤੋਂ ਵੱਖ ਹੋ ਕੇ ਖੁਦ ਨੂੰ ਪਾਕ-ਸਾਫ ਨਹੀਂ ਕਰਾਰ ਦੇ ਸਕਦਾ। ਜਿਸ ਸਮੇਂ ਸੁਖਬੀਰ ਸਿੰਘ ਬਾਦਲ ਵੱਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫੀ ਦੇਣ ਦਾ ਫੈਸਲਾ ਲਿਆ ਗਿਆ ਸੀ ਉਦੋਂ ਇਹ ਸਾਰੇ ਬਾਗੀ ਵੀ ਪਾਰਟੀ ਦਾ ਅਹਿਮ ਹਿੱਸਾ ਸਨ।
ਕੱਲ੍ਹ ਹੋਣੀ ਹੈ ਸ੍ਰੀ ਅਕਾਲ ਤਖ਼ਤ ‘ਤੇ ਇੱਕਤਰਤਾ
ਕੱਲ੍ਹ ਯਾਨੀ 30 ਅਗਸਤ ਨੂੰ ਸਵੇਰੇ 11 ਵਜੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਣੀ ਹੈ। ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕੋਈ ਵੱਡਾ ਹੁਕਮ ਜਾਰੀ ਕੀਤਾ ਜਾ ਸਕਦਾ ਹੈ। ਹਾਲਾਂਕਿ ਮੰਨਿਆ ਇਹ ਵੀ ਜਾ ਰਿਹਾ ਹੈ ਕਿ ਇਸ ਬਾਰੇ ਜਲਦਬਾਜ਼ੀ ਵਿੱਚ ਕੋਈ ਫੈਸਲਾ ਨਹੀਂ ਲਿਆ ਜਾਵੇਗਾ। ਜਥੇਦਾਰ ਗਿਆਨੀ ਰਘਬੀਰ ਸਿੰਘ ਪੂਰੀ ਡੁੰਘਾਈ ਨਾਲ ਇਸ ਮੁੱਦੇ ਤੇ ਸਿੰਘ ਸਾਹਿਬਾਨਾਂ ਨਾਲ ਵਿਚਾਰ ਚਰਚਾ ਕਰਨਗੇ, ਉਸਤੋਂ ਬਾਅਦ ਹੀ ਸੁਖਬੀਰ ਬਾਦਲ ਨੂੰ ਪੇਸ਼ ਹੋਣ ਲਈ ਕਿਹਾ ਜਾ ਸਕਦਾ ਹੈ।
ਪਰ ਜਿਸ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ ਤੋਂ ਠੀਕ ਇੱਕ ਦਿਨ ਪਹਿਲਾਂ ਇਹ ਵੱਡਾ ਫੈਸਲਾ ਲਿਆ ਗਿਆ ਹੈ, ਉਸਨੂੰ ਵੇਖ ਕੇ ਇਹ ਸੰਭਾਵਨਾ ਵੱਧ ਰਹੀ ਹੈ ਕਿ ਹੋ ਸਕਦਾ ਹੈ ਕਿ ਕੱਲ੍ਹ ਹੀ ਸੁਖਬੀਰ ਬਾਦਲ ਅਕਾਲ ਤਖ਼ਤ ਤੇ ਪੇਸ਼ ਹੋ ਜਾਣ ਅਤੇ ਕੱਲ੍ਹ ਹੀ ਉਨ੍ਹਾਂ ਤੇ ਕੋਈ ਫੈਸਲਾ ਲੈ ਲਿਆ ਜਾਵੇ ਅਤੇ ਉਨ੍ਹਾਂ ਨੂੰ ਕੋਈ ਮਿਸਾਲੀ ਜਾਂ ਪੰਥਕ ਸਜ਼ਾ ਸੁਣਾਈ ਜਾਵੇ।
ਮੁਆਫੀਨਾਮਾ ਦੇ ਚੁੱਕੇ ਹਨ ਸੁਖਬੀਰ ਬਾਦਲ
ਇਸਤੋਂ ਕੁਝ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਆਪ ਸ੍ਰੀ ਅਕਾਲ ਤਖਤ ਤੇ ਪੇਸ਼ ਹੋ ਕੇ ਆਪਣਾ ਮੁਆਫੀਨਾਮਾ ਦੇ ਚੁੱਕੇ ਹਨ। ਜਿਸਨੂੰ ਬਾਅਦ ਵਿੱਚ ਜਨਤੱਕ ਵੀ ਕੀਤਾ ਗਿਆ ਸੀ। ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਮਾਮਲੇ ਅਤੇ ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫੀ ਦੇਣ ਸਮੇਤ ਹੋਰ ਕਈ ਗੱਲਾਂ ਲਈ ਨਿਮਾਣੇ ਸਿੱਖ ਵੱਜੋਂ ਮੁਆਫੀ ਮੰਗੀ ਸੀ। ਜਿਸ ਤੇ ਹਾਲੇ ਵੀ ਵਿਚਾਰ ਚੱਲ ਰਿਹਾ ਹੈ।
ਅੰਮ੍ਰਿਤਪਾਲ ਦੇ ਪਿਤਾ ਦੀ ਸੁਖਬੀਰ ਖਿਲਾਫ ਕਾਰਵਾਈ ਦੀ ਮੰਗ
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਚਾਚਾ ਸੁਖਚੈਨ ਸਿੰਘ ਨੇ ਬੀਤੇ ਮੰਗਲਵਾਰ ਨੂੰ ਆਪਣੀ ਪੂਰੀ ਟੀਮ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ ਸੀ। ਜਿਸ ਵਿੱਚ ਉਨ੍ਹਾਂ ਨੇ ਸੁਖਬੀਰ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਪਾਰਟੀ ਅਹੁਦੇ ਤੋਂ ਹਟਾਉਣ ਅਤੇ ਉਨ੍ਹਾਂ ਅਤੇ ਪਰਿਵਾਰ ‘ਤੇ 10 ਸਾਲ ਲਈ ਸਿਆਸੀ ਅਤੇ ਧਾਰਮਿਕ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ।