ਅੱਖਾਂ ਦੇ ਅਪਰੇਸ਼ਨ ਲਈ PGI ਪੁੱਜੇ ਬਲਵੰਤ ਸਿੰਘ ਰਾਜੋਆਣਾ, ਬੇਅੰਤ ਸਿੰਘ ਕਤਲ ਕਾਂਡ ਦੇ ਨੇ ਦੋਸ਼ੀ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੂੰ ਅੱਜ ਦੋਵੇਂ ਅੱਖਾਂ ਦੇ ਅਪਰੇਸ਼ਨ ਲਈ ਪੀ.ਜੀ.ਆਈ. (PGI) ਚੰਡੀਗੜ੍ਹ ਲਿਆਂਦਾ ਗਿਆ। ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਪਿਛਲੇ 30 ਸਾਲਾਂ ਤੋਂ ਵੱਧ ਸਮੇਂ ਤੋਂ ਸਜ਼ਾ ਕੱਟ ਰਹੇ ਰਾਜੋਆਣਾ ਦੋਵਾਂ ਅੱਖਾਂ ਵਿੱਚ ਮੋਤੀਆਬਿੰਦ ਦੀ ਸਮੱਸਿਆ ਨਾਲ ਜੂਝ ਰਹੇ ਹਨ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੂੰ ਅੱਜ ਦੋਵੇਂ ਅੱਖਾਂ ਦੇ ਅਪਰੇਸ਼ਨ ਲਈ ਪੀ.ਜੀ.ਆਈ. (PGI) ਚੰਡੀਗੜ੍ਹ ਲਿਆਂਦਾ ਗਿਆ। ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਪਿਛਲੇ 30 ਸਾਲਾਂ ਤੋਂ ਵੱਧ ਸਮੇਂ ਤੋਂ ਸਜ਼ਾ ਕੱਟ ਰਹੇ ਰਾਜੋਆਣਾ ਦੋਵਾਂ ਅੱਖਾਂ ਵਿੱਚ ਮੋਤੀਆਬਿੰਦ ਦੀ ਸਮੱਸਿਆ ਨਾਲ ਜੂਝ ਰਹੇ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੀ ਅਰਜ਼ੀ ਤੇ ਸੁਣਵਾਈ ਕਰਦਿਆਂ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦੋਵੇਂ ਅੱਖਾਂ ਦੀ ਸਰਜਰੀ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਸੀ। ਸਰਜਰੀ ਅਤੇ ਜ਼ਰੂਰੀ ਇਲਾਜ ਮੁਕੰਮਲ ਹੋਣ ਉਪਰੰਤ ਉਨ੍ਹਾਂ ਨੂੰ ਪੁਲਿਸ ਦੇ ਸਖ਼ਤ ਪਹਿਰੇ ਹੇਠ ਵਾਪਸ ਪਟਿਆਲਾ ਸੈਂਟਰਲ ਜੇਲ੍ਹ ਭੇਜ ਦਿੱਤਾ ਜਾਵੇਗਾ।
ਪਹਿਲਾਂ ਪਟਿਆਲਾ ਦੇ ਨਿੱਜੀ ਹਸਪਤਾਲ ਚ ਅਪਰੇਸ਼ਨ ਦੀ ਕੀਤੀ ਸੀ ਮੰਗ
ਬਲਵੰਤ ਸਿੰਘ ਰਾਜੋਆਣਾ ਨੇ ਆਪਣੀਆਂ ਅੱਖਾਂ ਦੇ ਇਲਾਜ ਸਬੰਧੀ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ ਵਿੱਚ ਉਨ੍ਹਾਂ ਪਟਿਆਲਾ ਸਥਿਤ ਡਾ. ਆਰ.ਐੱਸ. ਰੰਧਾਵਾ ਆਈ ਹਸਪਤਾਲ ਵਿਖੇ ਦੋਵੇਂ ਅੱਖਾਂ ਦਾ ਅਪਰੇਸ਼ਨ ਕਰਵਾਉਣ ਦੀ ਆਗਿਆ ਮੰਗੀ ਸੀ। ਦਾਇਰ ਅਰਜ਼ੀ ਵਿੱਚ ਦਲੀਲ ਦਿੱਤੀ ਗਈ ਸੀ ਕਿ ਪਟਿਆਲਾ ਕੇਂਦਰੀ ਜੇਲ੍ਹ ਦੇ ਹਸਪਤਾਲ ਵਿੱਚ ਮੋਤੀਆਬਿੰਦ ਦੇ ਅਪਰੇਸ਼ਨ ਦੀ ਢੁਕਵੀਂ ਸਹੂਲਤ ਮੌਜੂਦ ਨਹੀਂ ਹੈ। ਇਸ ਦੇ ਨਾਲ ਹੀ ਰਾਜੋਆਣਾ ਨੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਉਹ ਇਸ ਸਰਜਰੀ ਅਤੇ ਪੂਰੇ ਇਲਾਜ ਦਾ ਖ਼ਰਚਾ ਆਪਣੀ ਜੇਬ ਵਿੱਚੋਂ ਚੁੱਕਣ ਲਈ ਪੂਰੀ ਤਰ੍ਹਾਂ ਤਿਆਰ ਹਨ।
ਉਨ੍ਹਾਂ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਜੇਲ੍ਹ ਤੋਂ ਮਹਿਜ਼ ਦੋ ਕਿਲੋਮੀਟਰ ਦੀ ਦੂਰੀ ਤੇ ਸਥਿਤ ਡਾ. ਰੰਧਾਵਾ ਹਸਪਤਾਲ ਵਿੱਚ ਪੁਲਿਸ ਸੁਰੱਖਿਆ ਹੇਠ ਉਨ੍ਹਾਂ ਨੂੰ ਲਿਜਾਇਆ ਜਾਵੇ ਅਤੇ ਅਪਰੇਸ਼ਨ ਤੋਂ ਤੁਰੰਤ ਬਾਅਦ ਵਾਪਸ ਜੇਲ੍ਹ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇ। ਹਾਲਾਂਕਿ, ਮਾਮਲੇ ਦੀ ਸੁਣਵਾਈ ਕਰਦਿਆਂ ਹਾਈਕੋਰਟ ਨੇ ਨਿੱਜੀ ਹਸਪਤਾਲ ਦੀ ਬਜਾਏ ਪੀ.ਜੀ.ਆਈ. ਚੰਡੀਗੜ੍ਹ ਵਿਖੇ ਹੀ ਦੋਵਾਂ ਅੱਖਾਂ ਦਾ ਅਪਰੇਸ਼ਨ ਕਰਵਾਉਣ ਦੇ ਆਦੇਸ਼ ਜਾਰੀ ਕੀਤੇ।
27 ਜਨਵਰੀ ਨੂੰ ਵੀ ਮੈਡੀਕਲ ਜਾਂਚ ਲਈ ਲਿਆਂਦਾ ਗਿਆ ਸੀ PGI
ਅਦਾਲਤ ਵਿੱਚ ਪੇਸ਼ ਰਿਕਾਰਡ ਮੁਤਾਬਕ, ਬੀਤੀ 27 ਜਨਵਰੀ 2026 ਨੂੰ ਵੀ ਰਾਜੋਆਣਾ ਨੂੰ ਪੁਲਿਸ ਦੀ ਸਖ਼ਤ ਨਿਗਰਾਨੀ ਹੇਠ ਪੀ.ਜੀ.ਆਈ. ਚੰਡੀਗੜ੍ਹ ਲਿਆਂਦਾ ਗਿਆ ਸੀ, ਜਿੱਥੇ ਮਾਹਿਰ ਡਾਕਟਰਾਂ ਨੇ ਉਨ੍ਹਾਂ ਦੀਆਂ ਅੱਖਾਂ ਦਾ ਵਿਸਥਾਰਪੂਰਵਕ ਮੁਆਇਨਾ ਕੀਤਾ ਸੀ। ਉਸ ਜਾਂਚ ਦੌਰਾਨ ਮੋਤੀਆਬਿੰਦ ਦੀ ਸਥਿਤੀ ਪਹਿਲਾਂ ਵਾਂਗ ਹੀ ਦੱਸੀ ਗਈ ਸੀ।
ਉਸ ਵੇਲੇ ਡਾਕਟਰਾਂ ਦਾ ਕਹਿਣਾ ਸੀ ਕਿ ਜੇਕਰ ਉਹ ਨੰਬਰ ਵਾਲੀ ਐਨਕ ਲਗਾ ਕੇ 6/6 ਦ੍ਰਿਸ਼ਟੀ ਨਾਲ ਸਹੀ ਪੜ੍ਹਨ ਦੇ ਯੋਗ ਹਨ ਤਾਂ ਫਿਲਹਾਲ ਕੁਝ ਸਮੇਂ ਲਈ ਸਰਜਰੀ ਟਾਲੀ ਜਾ ਸਕਦੀ ਹੈ। ਇਸ ਤੋਂ ਬਾਅਦ ਪਟਿਆਲਾ ਜੇਲ੍ਹ ਹਸਪਤਾਲ ਦੇ ਡਾਕਟਰਾਂ ਨੇ ਡਾ. ਆਰ.ਐੱਸ. ਰੰਧਾਵਾ ਆਈ ਹਸਪਤਾਲ ਨਾਲ ਵੀ ਰਾਬਤਾ ਕਾਇਮ ਕੀਤਾ ਸੀ। ਪਟੀਸ਼ਨ ਵਿੱਚ ਡਾਕਟਰੀ ਰਾਇ ਦਾ ਹਵਾਲਾ ਦਿੰਦਿਆਂ ਦੱਸਿਆ ਗਿਆ ਸੀ ਕਿ ਮੋਤੀਆਬਿੰਦ ਦੇ ਸਫ਼ਲ ਅਪਰੇਸ਼ਨ ਤੋਂ ਬਾਅਦ ਰਾਜੋਆਣਾ ਨੂੰ ਸ਼ਾਇਦ ਨੰਬਰ ਵਾਲੀ ਐਨਕ ਲਗਾਉਣ ਦੀ ਲੋੜ ਨਾ ਪਵੇ। ਜੇਲ੍ਹ ਹਸਪਤਾਲ ਵਿੱਚ ਉੱਨਤ ਸਰਜੀਕਲ ਪ੍ਰਬੰਧ ਨਾ ਹੋਣ ਕਾਰਨ ਹੀ ਬਾਹਰਲੇ ਮਿਆਰੀ ਹਸਪਤਾਲ ਵਿੱਚ ਇਲਾਜ ਕਰਵਾਉਣ ਦੀ ਮੰਗ ਕੀਤੀ ਗਈ ਸੀ।
ਇਹ ਵੀ ਪੜ੍ਹੋ
30 ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹ ਅੰਦਰ ਬੰਦ
ਜ਼ਿਕਰਯੋਗ ਹੈ ਕਿ 31 ਅਗਸਤ 1995 ਨੂੰ ਦਰਜ ਹੋਈ ਸੀ.ਬੀ.ਆਈ. (CBI) ਐੱਫ.ਆਈ.ਆਰ. ਨਾਲ ਜੁੜੇ ਕਤਲ ਮਾਮਲੇ ਵਿੱਚ ਚੰਡੀਗੜ੍ਹ ਦੀ ਵਧੀਕ ਸੈਸ਼ਨ ਅਦਾਲਤ ਨੇ 31 ਜੁਲਾਈ 2007 ਨੂੰ ਬਲਵੰਤ ਸਿੰਘ ਰਾਜੋਆਣਾ ਨੂੰ ਦੋਸ਼ੀ ਠਹਿਰਾਉਂਦਿਆਂ ਮੌਤ ਦੀ ਸਜ਼ਾ ਸੁਣਾਈ ਸੀ। ਹੇਠਲੀ ਅਦਾਲਤ ਦੇ ਇਸ ਫ਼ੈਸਲੇ ਨੂੰ ਬਾਅਦ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਨੇ ਵੀ ਬਰਕਰਾਰ ਰੱਖਿਆ ਸੀ।
ਰਾਜੋਆਣਾ ਵੱਲੋਂ ਅਦਾਲਤ ਵਿੱਚ ਦੱਸਿਆ ਗਿਆ ਕਿ ਉਹ ਇਸ ਕੇਸ ਦੇ ਸਬੰਧ ਵਿੱਚ 27 ਜਨਵਰੀ 1996 ਤੋਂ ਲਗਾਤਾਰ ਹਿਰਾਸਤ ਅਧੀਨ ਹਨ ਅਤੇ ਆਪਣੀ ਜ਼ਿੰਦਗੀ ਦੇ 30 ਸਾਲਾਂ ਤੋਂ ਵੱਧ ਦਾ ਲੰਮਾ ਅਰਸਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਗੁਜ਼ਾਰ ਚੁੱਕੇ ਹਨ।


