ਸ਼ਰਾਬ, ਕਤਲ ਦੀ ਕੋਸ਼ਿਸ, ਰੇਪ… UP ਤੋਂ ਆਇਆ… 9 ਸਾਲ ਵਿੱਚ 10 ਲੱਖ ਲੋਕ ਬਣਾਏ ਸ਼ਰਧਾਲੂ, ਪਾਸਟਰ ਬਜਿੰਦਰ ਦੀ Untold Story
ਬਜਿੰਦਰ ਸਿੰਘ ਨੇ ਇੱਕ ਤੇਲ ਅਤੇ ਪਾਣੀ ਰਾਹੀਂ ਲੋਕਾਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਦਾਅਵਾ ਕੀਤਾ ਕਿ ਇਹ ਤੇਲ ਰੋਗੀਆਂ ਦੇ ਸ਼ਰੀਰ ਵਿੱਚੋਂ ਬੁਰੀਆਂ ਆਤਮਾਵਾਂ (ਭੂਤ, ਪਰੇਤ ਆਦਿ) ਨੂੰ ਬਾਹਰ ਕੱਢ ਦਿੰਦਾ ਹੈ। ਇਸ ਤਰੀਕੇ ਨਾਲ ਲੋਕ ਉਸ ਉੱਪਰ ਵਿਸ਼ਵਾਸ ਕਰਨ ਲੱਗੇ ਅਤੇ ਚਰਚ ਵਿੱਚ ਆਉਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਣ ਲੱਗਿਆ।

ਕਦੇ ਆਪਣੇ ਜਾਦੂ ਅਤੇ ਚਮਤਕਾਰ ਨਾਲ ਲੋਕਾਂ ਦੇ ਦੁੱਖ ਦੂਰ ਕਰਨ ਦਾ ਦਾਅਵਾ ਕਰਨ ਵਾਲਾ ਪਾਸਟਰ ਬਜਿੰਦਰ ਹੁਣ ਮਾਨਸਾ ਦੀ ਜੇਲ੍ਹ ਵਿੱਚ ਬੰਦ ਹੈ। ਮੁਹਾਲੀ ਦੀ ਜ਼ਿਲ੍ਹਾ ਕੋਰਟ ਨੇ ਬਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਸ ਖਿਲਾਫ਼ ਜਬਰ ਜਨਾਹ ਕਰਨ ਦਾ ਦੋਸ਼ ਸਾਬਿਤ ਹੋਇਆ ਹੈ। ਬਜਿੰਦਰ ਸਿੰਘ ਪਿਛਲੇ ਕੁੱਝ ਸਾਲਾਂ ਤੋਂ ਪੰਜਾਬ ਅਤੇ ਹੋਰਨਾਂ ਸੂਬਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ। ਉਸ ਦੀਆਂ ਵੀਡੀਓ ਸ਼ੋਸਲ ਮੀਡੀਆ ਉੱਪਰ ਵਾਇਰਲ ਹੁੰਦੀਆਂ। ਜਿੱਥੇ ਉਹ ਦਾਅਵਾ ਕਰਦਾ ਕਿ ਉਸ ਕੋਲ ਕੋਈ ਅਨੌਖੀ ਸ਼ਕਤੀ ਹੈ। ਜਿਸ ਨਾਲ ਉਹ ਉਸ ਦੀ ਚਰਚ ਵਿੱਚ ਆਏ ਲੋਕਾਂ ਦੇ ਦੁੱਖ ਦੂਰ ਕਰਦਾ ਸੀ।
ਪ੍ਰੋਗਰਾਮ ਵਿੱਚ ਜੇਕਰ ਕੋਈ ਮੰਨਤ ਮੰਗਦਾ ਤਾਂ ਉਹ ਉਸ ਨੂੰ ਪੂਰਾ ਹੋਣ ਦਾ ਆਸੀਰਵਾਦ ਦਿੰਦਾ। ਇਸ ਸਪੈਸ਼ਲ ਰਿਪੋਰਟ ਵਿੱਚ ਜਾਣਦੇ ਹਾਂ ਕਿ ਆਖਰ ਬਜਿੰਦਰ ਪਿਛਲੇ ਕੁੱਝ ਸਾਲਾਂ ਵਿੱਚ ਹੀ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਗਿਆ ਅਤੇ ਅਖੀਰ ਹੁਣ ਜੇਲ੍ਹ ਦੀਆਂ ਸਲਾਖਾਂ ਪਿੱਛੇ ਕਿਵੇਂ ਪਹੁੰਚ ਗਿਆ। ਬਜਿੰਦਰ ਦੇ ਪਰਿਵਾਰ ਦਾ ਪਿਛੋਕੜ UP ਨਾਲ ਜੁੜਦਾ ਹੈ। ਪਹਿਲਾਂ ਉਹਨਾਂ ਦਾ ਪਰਿਵਾਰ ਸ਼ਾਮਲੀ ਵਿੱਚ ਰਹਿੰਦਾ ਸੀ ਅਤੇ ਪਿਤਾ ਰੋਡਵੇਜ਼ ਵਿੱਚ ਕੰਮ ਕਰਦੇ ਸਨ। ਸੁਰੂ ਤੋਂ ਹੀ ਬਜਿੰਦਰ ਦੀ ਆਪਣੇ ਪਿਤਾ ਨਾਲ ਜ਼ਿਆਦਾ ਨਹੀਂ ਬਣਦੀ ਸੀ। ਪਿਤਾ ਨੇ ਹਰਿਆਣਾ ਦੇ ਯੁਮਨਾਨਗਰ ਵਿੱਚ ਆਪਣਾ ਘਰ ਬਣਾਇਆ।
ਸ਼ਰਾਬ ਦੇ ਨਸ਼ੇ ਦਾ ਆਦੀ ਸੀ ਬਜਿੰਦਰ
ਬਜਿੰਦਰ ਦੀ ਸ਼ੁਰੂਆਤੀ ਪੜਾਈ ਯੁਮਨਾ ਨਗਰ ਵਿੱਚ ਹੋਈ। ਜਿਸ ਤੋਂ ਬਾਅਦ ਮਾਪਿਆ ਨੇ ਉਸ ਨੂੰ ਕਾਲਜ ਵਿੱਚ ਪੜ੍ਹਣ ਲਈ ਭੇਜ ਦਿੱਤਾ ਪਰ ਬਜਿੰਦਰ ਦਾ ਪੜ੍ਹਾਈ ਵਿੱਚ ਜ਼ਿਆਦਾ ਮਨ ਨਹੀਂ ਸੀ ਲੱਗਦਾ। ਕਾਲਜ ਵਿੱਚ ਉਸ ਨੇ ਕਈ ਵਾਰ ਝਗੜਾ ਕੀਤਾ ਅਤੇ ਪੜ੍ਹਾਈ ਅਧੂਰੀ ਹੀ ਛੱਡ ਦਿੱਤੀ। ਜਿਸ ਤੋਂ ਬਾਅਦ ਬਜਿੰਦਰ ਉੱਪਰ ਮਾੜੀ ਸੰਗਤ ਦਾ ਅਸਰ ਹੋਇਆ ਅਤੇ ਉਹ ਸ਼ਰਾਬ ਪੀਣ ਲੱਗ ਗਿਆ।
ਕਤਲ ਦੀ ਕੋਸ਼ਿਸ
ਕਰੀਬ 18 ਸਾਲ ਪਹਿਲਾਂ ਬਜਿੰਦਰ ਨੇ ਯੂਪੀ ਦੇ ਸ਼ਾਮਲੀ ਵਿੱਚ ਇੱਕ ਵਿਅਕਤੀ ਤੇ ਗੋਲੀ ਚਲਾ ਦਿੱਤੀ। ਜਿਸ ਤੋਂ ਬਾਅਦ ਉਸ ਉੱਪਰ ਕਤਲ ਦੀ ਕੋਸ਼ਿਸ ਕਰਨ ਦੇ ਇਲਜ਼ਾਮ ਅਧੀਨ ਮਾਮਲਾ ਦਰਜ ਹੋਇਆ ਅਤੇ ਉਹ ਡੇਢ ਸਾਲ ਜੇਲ੍ਹ ਵਿੱਚ ਰਿਹਾ। ਇਸ ਮਗਰੋਂ ਉਹ ਈਸਾਈ ਧਰਮ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਦੇ ਸੰਪਰਕ ਵਿੱਚ ਆ ਗਿਆ ਅਤੇ ਈਸਾਈ ਬਣ ਗਿਆ।
ਇਹ ਵੀ ਪੜ੍ਹੋ

ਪੁਰਾਣੀ ਤਸਵੀਰ
ਪੰਜਾਬ ਵਿੱਚ ਐਂਟਰੀ
ਪੰਜਾਬ ਆਉਣ ਤੋਂ ਬਾਅਦ ਬਜਿੰਦਰ ਨੇ ਸਾਲ 2015 ਵਿੱਚ ਧਾਰਮਿਕ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਸਾਲ 2016 ਵਿੱਚ ਉਸ ਨੇ ਚੰਡੀਗੜ੍ਹ ਅਤੇ ਜਲੰਧਰ ਦੇ ਤਾਜ਼ਪੁਰ ਵਿੱਚ ਆਪਣੀ ਚਰਚ ਸ਼ੁਰੂ ਕੀਤੀ। ਇਸ ਦੇ ਲਈ ਉਸ ਨੇ ਗਲੋਰੀ ਆਫ਼ ਵਿਜ਼ਡਮ ਮਿਨੀਸਟਰੀ ਦਾ ਨਾਮ ਚੁਣਿਆ। ਗਲੋਰੀ ਆਫ਼ ਵਿਜ਼ਡਮ ਮਿਨੀਸਟਰੀ ਦੀ ਪਹਿਲੀ ਮੀਟਿੰਗ 2016 ਵਿੱਚ ਹੋਈ। ਉਸ ਸਮੇਂ ਬਜਿੰਦਰ ਵਿੱਚ ਆਸਥਾ ਰੱਖਣ ਵਾਲੇ ਲੋਕਾਂ ਦੀ ਗਿਣਤੀ 50 ਤੋਂ 100 ਲੋਕਾਂ ਵਿਚਕਾਰ ਸੀ।
ਬਜਿੰਦਰ ਸਿੰਘ ਨੇ ਇੱਕ ਤੇਲ ਅਤੇ ਪਾਣੀ ਰਾਹੀਂ ਲੋਕਾਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਦਾਅਵਾ ਕੀਤਾ ਕਿ ਇਹ ਤੇਲ ਰੋਗੀਆਂ ਦੇ ਸ਼ਰੀਰ ਵਿੱਚੋਂ ਬੁਰੀਆਂ ਆਤਮਾਵਾਂ (ਭੂਤ, ਪਰੇਤ ਆਦਿ) ਨੂੰ ਬਾਹਰ ਕੱਢ ਦਿੰਦਾ ਹੈ। ਇਸ ਤਰੀਕੇ ਨਾਲ ਲੋਕ ਉਸ ਉੱਪਰ ਵਿਸ਼ਵਾਸ ਕਰਨ ਲੱਗੇ ਅਤੇ ਚਰਚ ਵਿੱਚ ਆਉਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਣ ਲੱਗਿਆ। ਇਹ ਉਹੀ ਸਮਾਂ ਸੀ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਧਰਮ ਪਰਿਵਰਤਨ ਇੱਕ ਵੱਡਾ ਮੁੱਦਾ ਉਭਰਕੇ ਸਾਹਮਣੇ ਆਇਆ ਸੀ।

ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ
ਸ਼ੋਸਲ ਮੀਡੀਆ ਦੇ ਵਧਾਈ ਪਹਿਚਾਣ
ਈਸਾਈ ਧਰਮ ਦਾ ਪ੍ਰਚਾਰ ਕਰ ਰਹੇ ਬਜਿੰਦਰ ਨੇ ਸੋਸ਼ਲ ਮੀਡੀਆ ਨੂੰ ਆਪਣੇ ਹਿੱਤ ਵਿੱਚ ਚੰਗੇ ਤਰੀਕੇ ਨਾਲ ਵਰਤਿਆ। ਉਹ ਆਪਣੇ ਪ੍ਰੋਗਰਾਮਾਂ ਵਿੱਚ ਅਜਿਹੇ ਦਾਅਵੇ ਕਰਦਾ ਕਿ ਉਸ ਵੱਲੋਂ ਕੀਤੀ ਪ੍ਰਥਾਨਾ ਨੂੰ GOD (ਪ੍ਰਮਾਤਮਾ) ਸੁਣਦਾ ਹੈ ਅਤੇ ਜਿਸ ਲਈ ਉਹ ਪ੍ਰਾਥਨਾ ਕਰਦਾ ਹੈ ਉਹ ਠੀਕ ਹੋ ਜਾਂਦਾ ਹੈ। ਉਸ ਦੇ ਪ੍ਰੋਗਰਾਮ ਵਿੱਚ ਲੋਕ ਵ੍ਹੀਲਚੇਅਰ ਤੇ ਬੈਠ ਕੇ ਆਉਂਦੇ ਅਤੇ ਬਜਿੰਦਰ ਉਹਨਾਂ ਉੱਪਰ ਆਪਣਾ ਕੋਈ ਜਾਦੂ ਕਰਦਾ। ਜਿਸ ਮਗਰੋਂ ਉਹ ਲੋਕ ਆਪਣੇ ਪੈਰਾਂ ਤੇ ਖੜ੍ਹੇ ਹੋ ਜਾਂਦੇ।
ਇੱਕ ਵਾਰ ਬਜਿੰਦਰ ਦੀ ਚਰਚ ਵਿੱਚ ਅਜਿਹੀ ਲੜਕੀ ਆਈ ਜਿਸ ਨੂੰ ਜਨਮ ਤੋਂ ਹੀ ਬਲਾਈਂਡ (ਅੰਨ੍ਹੀ) ਦੱਸਿਆ ਗਿਆ। ਇਸ ਤੋਂ ਬਾਅਦ ਬਜਿੰਦਰ ਆਪਣੇ ਪ੍ਰੋਗਰਾਮ ਵਿੱਚ ਦਾਅਵਾ ਕਰਦਾ ਹੈ ਕਿ ਉਸ ਵੱਲੋਂ ਕੀਤੀ ਪ੍ਰਾਥਨਾ ਤੋਂ ਬਾਅਦ ਰੱਬ ਨੇ ਇਸ ਲੜਕੀ ਨੂੰ ਅੱਖਾਂ ਦੀ ਰੌਸ਼ਨੀ ਦੇ ਦਿੱਤੀ ਹੈ। ਜਿਸ ਤੋਂ ਬਾਅਦ ਪ੍ਰੋਗਰਾਮ ਵਿੱਚ ਸਾਰੇ ਲੋਕ ਖੁਸ਼ ਹੋ ਜਾਂਦੇ ਹਨ। ਇਸ ਤਰ੍ਹਾਂ ਦੀਆਂ ਹਜ਼ਾਰਾਂ ਵੀਡੀਓ ਸੋਸ਼ਲ ਮੀਡੀਆ ਤੇ ਪਾਈਆਂ ਗਈਆਂ। ਇਸ ਤੋਂ ਬਾਅਦ ਦੇਖਦਿਆਂ ਹੀ ਦੇਖਦਿਆਂ ਬਜਿੰਦਰ ਦੇ ਸ਼ਰਧਾਲੂਆਂ ਦੀ ਗਿਣਤੀ ਹਜ਼ਾਰਾਂ ਤੋਂ ਲੱਖਾਂ ਵਿੱਚ ਪਹੁੰਚ ਗਈ।
ਬਜਿੰਦਰ ਦੀਆਂ ਟੀਮਾਂ ਉਹਨਾਂ ਲੋਕਾਂ ਤੱਕ ਪਹੁੰਚ ਕਰਦੀਆਂ ਸਨ ਜੋ ਆਰਥਿਕ ਜਾਂ ਸਮਾਜਿਕ ਤੌਰ ਤੇ ਪ੍ਰੇਸ਼ਾਨ ਸਨ। ਪਿੰਡਾਂ ਵਿਚਰਲੇ ਲੋਕ ਆਪਣਾ ਧਰਮ ਪਰਿਵਰਤਨ ਕਰਨ ਲੱਗੇ ਅਤੇ ਚਰਚਾ ਦਾ ਵਿਸਥਾਰ ਹੋਣ ਲੱਗਿਆ। ਇਸ ਸਮੇਂ ਪੰਜਾਬ ਵਿੱਚ 6 ਵੱਡੀਆਂ ਮਿਨੀਸਟਰੀਆਂ (ਗਰੁੱਪ) ਹਨ ਜੋ ਵੱਖ ਵੱਖ ਚਰਚ ਚਲਾਉਂਦੇ ਹਨ। ਵੱਖ ਵੱਖ ਸਰੋਤਾਂ ਅਨੁਸਾਰ ਇਸ ਸਮੇਂ ਪੰਜਾਬ ਕਰੀਬ 2 ਹਜ਼ਾਰ ਚਰਚ ਚੱਲ ਰਹੇ ਹਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਚੰਡੀਗੜ੍ਹ, ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਵਰਗੇ ਸ਼ਹਿਰਾਂ ਵਿੱਚ ਹਨ ਇਹਨਾਂ ਸ਼ਹਿਰਾਂ ਤੋਂ ਇਲਾਵਾ ਛੋਟੇ ਕਸਬਿਆਂ ਅਤੇ ਪਿੰਡਾਂ ਵਿੱਚ ਵੀ ਚਰਚ ਬਣ ਰਹੇ ਹਨ।
ਵਿਵਾਦਾਂ ਵਿੱਚ ਘਿਰਿਆ ਪਾਸਟਰ ਬਜਿੰਦਰ
ਇੱਕ ਪਾਸੇ ਬਜਿੰਦਰ ਪ੍ਰਸਿੱਧੀ ਛੂਹ ਰਿਹਾ ਸੀ ਤਾਂ ਇਸੇ ਦੌਰਾਨ ਹੀ ਉਸ ਉੱਪਰ ਇੱਕ ਇਲਜ਼ਾਮ ਲੱਗਿਆ। ਸਾਲ 2018 ਵਿੱਚ ਇੱਕ ਮਹਿਲਾ ਨੇ ਉਸ ਉੱਪਰ ਜਿਨਸੀ ਸ਼ੋਸਣ ਦਾ ਇਲਜ਼ਾਮ ਲਗਾਇਆ। ਜਿਸ ਤੋ ਬਾਅਦ ਇਹ ਮਾਮਲਾ ਮੁਹਾਲੀ ਦੀ ਕੋਰਟ ਵਿੱਚ ਚੱਲਿਆ ਅਤੇ ਹੁਣ ਦੋਸ਼ੀ ਕਰਾਰ ਦੇਣ ਮਗਰੋਂ ਉਮਰ ਕੈਦ ਸੁਣਾਈ ਹੈ। ਇਸ ਤੋਂ ਇਲਾਵਾ ਇੱਕ ਵੀਡੀਓ ਵੀ ਵਾਇਰਲ ਹੋਈ ਜਿਸ ਵਿੱਚ ਉਹ ਆਪਣੇ ਸਟਾਫ ਦੇ ਮੈਂਬਰਾਂ ਨਾਲ ਕੁੱਟਮਾਰ ਕਰਦਾ ਨਜ਼ਰ ਆਇਆ ਸੀ। ਨਾਲ ਹੀ ਕਈ ਹੋਰ ਇਲਜ਼ਾਮ ਵੀ ਉਸ ਉੱਪਰ ਲੱਗੇ। ਫਿਲਹਾਲ ਹੁਣ ਬਜਿੰਦਰ ਮਾਨਸਾ ਦੀ ਜੇਲ੍ਹ ਵਿੱਚ ਆਪਣੇ ਕਰਮਾਂ ਦੀ ਸਜ਼ਾ ਕੱਟ ਰਿਹਾ ਹੈ।