Avtar Singh Khanda ਦੀ ਭੈਣ ਨੇ HC ਨੂੰ ਸੌਂਪੇ ਦਸਤਾਵੇਜ਼, ਖੰਡਾ ਦੇ ਭਾਰਤੀ ਨਾਗਰਿਕ ਹੋਣ ਦਾ ਦਾਅਵਾ
ਖੰਡਾ ਦੀ ਭੈਣ ਨੇ ਅਵਤਾਰ ਸਿੰਘ ਦਾ ਜੁਲਾਈ 2006 ਵਿੱਚ ਖੇਤਰੀ ਪਾਸਪੋਰਟ ਅਫ਼ਸਰ, ਚੰਡੀਗੜ੍ਹ ਵੱਲੋਂ ਜਾਰੀ 2016 ਤੱਕ ਦਾ ਜਾਇਜ਼ ਪਾਸਪੋਰਟ, 2005 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤਾ ਗਿਆ ਬਾਰ੍ਹਵੀਂ ਜਮਾਤ ਦਾ ਸਰਟੀਫਿਕੇਟ, ਮੋਗਾ ਦੀ ਲਾਇਸੈਂਸਿੰਗ ਅਥਾਰਟੀ ਵੱਲੋਂ 1 ਅਗਸਤ 2009 ਨੂੰ ਜਾਰੀ ਕੀਤਾ ਗਿਆ ਲਾਇਸੰਸ ਪੇਸ਼ ਕੀਤਾ ਗਿਆ ਸੀ, ਜੋ ਕਿ 31 ਜੁਲਾਈ 2012 ਤੱਕ ਵੈਧ ਹੈ।
ਪੰਜਾਬ ਨਿਊਜ। ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ‘ਤੇ ਹਮਲੇ ਦੇ ਦੋਸ਼ੀ ਅਤੇ ਖਾਲਿਸਤਾਨ (Khalistan) ਪੱਖੀ ਨੇਤਾ ਅਵਤਾਰ ਸਿੰਘ ਉਰਫ ਖੰਡਾ ਦੀ ਭੈਣ ਨੇ ਪੰਜਾਬ-ਹਰਿਆਣਾ ਹਾਈ ਕੋਰਟ ‘ਚ ਕੁਝ ਦਸਤਾਵੇਜ਼ ਜਮ੍ਹਾ ਕਰਵਾਉਂਦੇ ਹੋਏ ਦਾਅਵਾ ਕੀਤਾ ਕਿ ਉਹ ਭਾਰਤੀ ਹੈ। ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ ‘ਤੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਭਾਰਤ ਲਿਆਉਣ ਦੇ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਗਈ ਹੈ।
ਪੰਜਾਬ ਦੇ ਮੋਗਾ ਦੀ ਰਹਿਣ ਵਾਲੀ ਖੰਡਾ ਦੀ ਭੈਣ ਜਸਪ੍ਰੀਤ ਕੌਰ ਨੇ ਪਟੀਸ਼ਨ ਦਾਇਰ ਕਰਦਿਆਂ ਕਿਹਾ ਸੀ ਕਿ ਉਹ ਆਪਣੇ ਭਰਾ ਦੀ ਮ੍ਰਿਤਕ ਦੇਹ ਨੂੰ ਯੂਕੇ ਤੋਂ ਉਨ੍ਹਾਂ ਦੇ ਜੱਦੀ ਸ਼ਹਿਰ ਮੋਗਾ ਲੈ ਜਾਣਾ ਚਾਹੁੰਦੀ ਹੈ, ਤਾਂ ਜੋ ਉਹ ਆਪਣੇ ਖਰਚੇ ‘ਤੇ ਉਸ ਦਾ ਸਸਕਾਰ ਕਰ ਸਕੇ। ਉਸ ਦੇ ਭਰਾ ਅਵਤਾਰ ਸਿੰਘ ਉਰਫ ਖੰਡਾ ਦੀ 15 ਜੂਨ ਨੂੰ ਇੰਗਲੈਂਡ (England) ਦੇ ਸੈਂਡਵੈਲ ਅਤੇ ਵੈਸਟ ਬਰਮਿੰਘਮ ਹਸਪਤਾਲ ਵਿਖੇ ਮੌਤ ਹੋ ਗਈ ਸੀ ਅਤੇ ਉਸ ਦੀ ਲਾਸ਼ ਪੋਸਟਮਾਰਟਮ ਅਤੇ ਹੋਰ ਟੈਸਟਾਂ ਲਈ ਉਥੇ ਪਈ ਹੈ।


