Langar Scam: ਸ੍ਰੀ ਹਰਿਮੰਦਰ ਸਾਹਿਬ ‘ਚ ਸੁੱਕੀਆਂ ਰੋਟੀਆਂ ਦੇ ਘੁਟਾਲੇ ‘ਚ ਦੋ ਸੇਵਾਦਾਰ ਸਸਪੈਂਡ, ਜਾਂਚ ਜਾਰੀ, ਕਈ ਹੋਰਾਂ ਦਾ ਵੀ ਲੱਗ ਸਕਦਾ ਹੈ ਨੰਬਰ
Langar Lefrover Scam in Golden Temple: ਬਚਿਆ ਹੋਇਆ ਖਾਣਾ ਪਸ਼ੂਆਂ ਦੇ ਚਾਰੇ ਲਈ ਵਰਤਿਆ ਹੈ। ਮੁਲਾਜ਼ਮਾਂ ਨੇ ਤੈਅ ਸ਼ਰਤਾਂ ਨੂੰ ਨਜ਼ਰਅੰਦਾਜ਼ ਕਰਕੇ ਟੈਂਡਰ ਦਿੱਤੇ ਅਤੇ ਰਿਕਾਰਡ ਵਿੱਚ ਹੇਰਾਫੇਰੀ ਕਰਕੇ ਟੈਂਡਰ ਦੀ ਰਕਮ ਵੱਧ ਦੱਸ ਕੇ ਬਾਕੀ ਰਕਮ ਹੜੱਪ ਲਈ।
ਅੰਮ੍ਰਿਤਸਰ ਨਿਊਜ਼। ਸ੍ਰੀ ਹਰਿਮੰਦਿਰ ਸਾਹਿਬ ਦੇ ਲੰਗਰ ‘ਚ ਸੁੱਕੀਆਂ ਰੋਟੀਆਂ, ਬੱਚਿਆ-ਖੁੱਚਿਆ ਖਾਣਾ, ਛਾਨਬੂਰ, ਅਤੇ ਚੌਲਾਂ ਦੇ ਸਮਾਨ ‘ਚ ਹੋਏ ਤਕਰੀਬਨ ਇੱਕ ਕਰੋੜ ਦੇ ਘੁਟਾਲਾ ਮਾਮਲਾ ਚ ਐਸਜੀਪੀਸੀ ਨੇ ਦੋ ਸੇਵਾਦਾਰਾਂ ਨੂੰ ਸਸਪੈਂਡ ਕਰ ਦਿੱਤਾ ਹੈ। 1 ਅਪ੍ਰੈਲ, 2019 ਤੋਂ ਦਸੰਬਰ 2022 ਦਰਮਿਆਨ ਹੋਈ ਨਿਲਾਮੀ ਅਤੇ ਵਿਕਰੀ ਵਿੱਚ ਘਪਲੇ ਦੇ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਪੂਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਦੋਸ਼ੀ ਪਾਏ ਗਏ ਦੋ ਸੇਵਾਦਾਰਾਂ ਨੂੰ ਮੁਅੱਤਲ ਕਰਕੇ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ।
ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ- 2019 ਵਿੱਚ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿੱਚ ਹੋਈਆਂ ਪ੍ਰਬੰਧਕੀ ਬੇਨਿਯਮੀਆਂ ਦੀ ਸੱਚਾਈ ਪਾਰਦਰਸ਼ੀ ਢੰਗ ਨਾਲ ਸੰਗਤਾਂ ਦੇ ਸਾਹਮਣੇ ਰੱਖੀ ਜਾਵੇਗੀ। ਇਸ ਦੀ ਜਾਂਚ ਚੱਲ ਰਹੀ ਹੈ, ਜੋ ਵੀ ਬੇਨਿਯਮੀਆਂ ਦਾ ਦੋਸ਼ੀ ਪਾਇਆ ਗਿਆ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਲੰਗਰ ‘ਚ ਇਹ ਹੋਈਆਂ ਪ੍ਰਬੰਧਕੀ ਬੇਨਿਯਮੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੀ ਫਲਾਇੰਗ ਵਿਭਾਗ ਦੀ ਟੀਮ ਨੇ ਲੱਭੀਆਂ ਹਨ, ਜਿਸ ਦੀ ਮੁਕੰਮਲ ਜਾਂਚ ਜਾਰੀ ਹੈ।
— Harjinder Singh Dhami (@SGPCPresident) July 1, 2023
25 ਲੱਖ ਤੋਂ ਸ਼ੁਰੂ ਹੋਇਆ ਸੀ ਘੁਟਾਲਾ
ਦਰਅਸਲ, ਕੁਝ ਦਿਨ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਪ੍ਰੈਲ 2019 ਤੋਂ ਦਸੰਬਰ 2022 ਤੱਕ ਸੁੱਕੀਆਂ ਰੋਟੀਆਂ, ਛਾਨਬੂਰ, ਬਚੇ-ਖੁਚੇ ਖਾਣੇ ਆਦਿ ਦੀ ਵਿਕਰੀ ਵਿੱਚ ਇਹ ਘਪਲਾ ਸਾਹਮਣੇ ਆਇਆ ਸੀ। ਜਦੋਂ ਜਾਂਚ ਸ਼ੁਰੂ ਹੋਈ ਤਾਂ ਇਹ ਘਪਲਾ 25 ਲੱਖ ਅਤੇ ਫਿਰ 62 ਲੱਖ ਤੱਕ ਪਹੁੰਚ ਗਿਆ। ਹੁਣ ਤਾਜ਼ਾ ਰਿਪੋਰਟਾਂ ਮੁਤਾਬਕ ਇਹ ਘਪਲਾ 1 ਕਰੋੜ ਤੱਕ ਪਹੁੰਚ ਗਿਆ ਹੈ। ਜਾਂਚ ‘ਚ ਸਾਹਮਣੇ ਆਇਆ ਕਿ ਨਿਲਾਮੀ ਤੋਂ ਬਾਅਦ ਜੋ ਪੈਸੇ ਜਮ੍ਹਾ ਕੀਤੇ ਜਾਣੇ ਚਾਹੀਦੇ ਸਨ, ਉਹ ਜਮ੍ਹਾ ਨਹੀਂ ਕਰਵਾਏ ਗਏ। ਮਾਮਲੇ ਨੂੰ ਉਜਾਗਰ ਕਰਨ ਵਾਲੀਆਂ ਫਲਾਇੰਗ ਟੀਮਾਂ ਬਾਰੀਕੀ ਨਾਲ ਜਾਂਚ ਵਿੱਚ ਜੁਟੀਆਂ ਹੋਈਆਂ ਹਨ।
ਇਹ ਵੀ ਪੜ੍ਹੋ
ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ 2019 ‘ਚ ਹੋਈਆਂ ਪ੍ਰਬੰਧਕੀ ਬੇਨਿਯਮੀਆਂ ਦਾ ਸੱਚ ਸੰਗਤ ਸਾਹਮਣੇ ਪਾਰਦਰਸ਼ਤਾ ਨਾਲ ਰੱਖਿਆ ਜਾਵੇਗਾ। ਇਸ ਦੀ ਜਾਂਚ ਜਾਰੀ ਹੈ। ਜੋ ਵੀ ਬੇਨਿਯਮੀਆਂ ਦਾ ਦੋਸ਼ੀ ਪਾਇਆ ਗਿਆ, ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਕਿਸੇ ਤਰ੍ਹਾਂ ਦੀ ਅਣਗਿਹਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
— Harjinder Singh Dhami (@SGPCPresident) July 1, 2023
ਦੋ ਸਟੋਰ ਕੀਪਰਾਂ ‘ਤੇ ਕਾਰਵਾਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਫਲਾਇੰਗ ਵਿਭਾਗ ਨੇ ਦੋ ਮੁਲਜ਼ਮ ਸਟੋਰ ਕੀਪਰਾਂ ਤੋਂ ਲੱਖਾਂ ਰੁਪਏ ਦੀ ਵਸੂਲੀ ਕਰਨ ਦੇ ਹੁਕਮ ਦਿੱਤੇ ਹਨ। ਜੇਕਰ ਦੋਵੇਂ ਸਟੋਰਕੀਪਰ ਪੈਸੇ ਜਮ੍ਹਾ ਨਹੀਂ ਕਰਵਾਉਂਦੇ ਤਾਂ ਜਿਨ੍ਹਾਂ ਪ੍ਰਬੰਧਕਾਂ ਦੇ ਦਸਤਖਤ ਪੱਕੇ ਵਾਊਚਰਾਂ ‘ਤੇ ਹਨ, ਉਨ੍ਹਾਂ ਨੂੰ ਪੈਸੇ ਜਮ੍ਹਾ ਕਰਵਾਉਣੇ ਪੈਣਗੇ। ਫਲਾਇੰਗ ਟੀਮ ਵੱਲੋਂ ਕੀਤੀ ਗਈ ਜਾਂਚ ਵਿੱਚ ਇਸ ਨੁਕਸਾਨ ਲਈ 18 ਦੇ ਕਰੀਬ ਮੈਨੇਜਰ, ਸਟੋਰ ਕੀਪਰ, ਸੁਪਰਵਾਈਜ਼ਰ, ਇੰਸਪੈਕਟਰ ਆਦਿ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਕੀ ਹੁੰਦਾ ਹੈ ਬਚੇ-ਖੁਚੇ ਖਾਣੇ ਦਾ
ਦਰਅਸਲ, ਲੰਗਰ ਵਿੱਚ ਬਚੀਆਂ ਸੁੱਕੀਆਂ ਰੋਟੀਆਂ ਅਤੇ ਹੋਰ ਬਚੇ ਹੋਏ ਖਾਣੇ ਲਈ ਬੋਲੀ ਲਗਾਈ ਜਾਂਦੀ ਹੈ। ਇਹ ਰੋਟੀਆਂ ਗਾਵਾਂ ਅਤੇ ਪਸ਼ੂਆਂ ਲਈ ਤਿਆਰ ਹੋਣ ਵਾਲੇ ਚਾਰੇ ਵਿੱਚ ਵਰਤੀਆਂ ਜਾਂਦੀਆਂ ਹਨ। ਪਰ 2019 ਤੋਂ 2022 ਤੱਕ ਇਸ ਤੋਂ ਇਕੱਠੇ ਹੋਏ ਪੈਸਿਆਂ ਚੋਂ ਇੱਕ ਵੀ ਪੈਸਾ ਜਮ੍ਹਾ ਨਹੀਂ ਕਰਵਾਇਆ ਗਿਆ। ਜਿਵੇਂ-ਜਿਵੇਂ ਜਾਂਚ ਅੱਗੇ ਵਧ ਰਹੀ ਹੈ, ਘੁਟਾਲੇ ਦੀ ਰਕਮ ਵੀ ਵਧਦੀ ਜਾ ਰਹੀ ਹੈ।
ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ