ਸ੍ਰੀ ਹਰਿਮੰਦਿਰ ਸਾਹਿਬ ਦੇ ਲੰਗਰ ਦੀਆਂ ਸੁੱਕੀਆਂ ਰੋਟੀਆਂ ਦੀ ਵਿਕਰੀ ‘ਚ ਇਕ ਕਰੋੜ ਦਾ ਘੁਟਾਲਾ, ਜਿੰਮੇਦਾਰ ਮੁਲਾਜ਼ਮਾਂ ਤੋਂ ਹੋਵੇਗੀ ਵਸੂਲੀ
Roti Scam in Golden Temple: ਸ਼੍ਰੋਮਣੀ ਕਮੇਟੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਜਾਂਚ ਪੂਰੀ ਹੋਣ ਤੇ ਜੋ ਵੀ ਅਧਿਕਾਰੀ ਜਾਂ ਮੁਲਾਜ਼ਮ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਅਸਫਲ ਪਾਇਆ ਗਿਆ, ਉਸ ਕੋਲੋਂ ਇਸ ਸਾਰੇ ਪੈਸੇ ਦੀ ਭਰਪਾਈ ਕੀਤੀ ਜਾਵੇਗੀ।
ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਵਿੱਚ ਅਪ੍ਰੈਲ 2019 ਤੋਂ ਦਸੰਬਰ 2022 ਤੱਕ ਸੁੱਕੀਆਂ ਅਤੇ ਝੂਠੀਆਂ ਰੋਟੀਆਂ ਦੀ ਨਿਲਾਮੀ ਅਤੇ ਵਿਕਰੀ ਵਿੱਚ ਇੱਕ ਕਰੋੜ ਤੋਂ ਵੱਧ ਦਾ ਘਪਲਾ ਸਾਹਮਣੇ ਆਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦਾ ਉਡਣ ਦਸਤਾ ਇਸ ਦੀ ਜਾਂਚ ਕਰ ਰਿਹਾ ਹੈ। ਵਿੰਗ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਲੰਗਰ ਦੀਆਂ ਸੁੱਕੀਆਂ ਅਤੇ ਜੂਠੀਆਂ ਰੋਟਆ, ਛਾਨਬੂਰ, ਸਫਾਈ ਤੋਂ ਬਾਅਦ ਬਚੀ ਸਮੱਗਰੀ ਅਤੇ ਝੋਨੇ ਆਦਿ ਦੀ ਵਿਕਰੀ ਅਤੇ ਨਿਲਾਮੀ ਵਿੱਚ 62 ਲੱਖ ਦੀਆਂ ਬੇਨਿਯਮੀਆਂ ਸਾਹਮਣੇ ਆਈਆਂ ਸਨ, ਪਰ ਹੁਣ ਇਹ ਘਪਲਾ ਇੱਕ ਕਰੋੜ ਤੱਕ ਪਹੁੰਚ ਗਿਆ ਹੈ।
ਇਸ ਘੁਟਾਲੇ ਲਈ ਡੇਢ ਦਰਜਨ ਦੇ ਕਰੀਬ ਮੈਨੇਜਰ, ਸਟੋਰ ਕੀਪਰ, ਸੁਪਰਵਾਈਜ਼ਰ ਤੇ ਇੰਸਪੈਕਟਰ ਆਦਿ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਮਾਮਲੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸਮੇਤ ਤਿੰਨ ਸੇਵਾਮੁਕਤ ਮੈਨੇਜਰਾਂ ਦੇ ਨਾਂ ਵੀ ਸਾਹਮਣੇ ਆਏ ਹਨ। ਫਲਾਇੰਗ ਸਕੁਐਡ ਨੇ ਇਸ ਮਾਮਲੇ ਵਿੱਚ ਦੋਸ਼ੀ ਪਾਏ ਗਏ ਵੱਖ-ਵੱਖ ਮੁਲਾਜ਼ਮਾਂ ਅਤੇ ਅਧਿਕਾਰੀਆਂ ਕੋਲੋਂ ਗਬਨ ਦੀ ਰਕਮ ਵਸੂਲਣ ਲਈ ਕਿਹਾ ਹੈ।


