ਅੰਮ੍ਰਿਤਸਰ ‘ਚ ਵਾਪਰੀ ਲੁੱਟ ਦੀ ਵੀਡੀਓ ਵਾਇਰਲ ਹੋਣ ਮਗਰੋਂ ਐਕਸ਼ਨ ‘ਚ ਪੁਲਿਸ, 4 ਮੁੱਖ ਮੁਲਜ਼ਮ ਗ੍ਰਿਫ਼ਤਾਰ

Updated On: 

24 Jun 2026 23:48 PM IST

ਅੰਮ੍ਰਿਤਸਰ ਪੁਲਿਸ ਨੇ ਲੋਹਗੜ੍ਹ ਵਿੱਚ ਪੱਛਮੀ ਬੰਗਾਲ ਦੇ ਸੋਨੇ ਦੇ ਕਾਰੀਗਰ ਨਾਲ ਹੋਈ ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦਿਆਂ ਚਾਰ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ। ਮਾਮਲੇ ਦਾ ਇੱਕ ਹੋਰ ਮੁਲਜ਼ਮ ਅਜੇ ਫਰਾਰ ਹੈ, ਜਿਸ ਦੀ ਭਾਲ ਜਾਰੀ ਹੈ।

ਅੰਮ੍ਰਿਤਸਰ ਚ ਵਾਪਰੀ ਲੁੱਟ ਦੀ ਵੀਡੀਓ ਵਾਇਰਲ ਹੋਣ ਮਗਰੋਂ ਐਕਸ਼ਨ ਚ ਪੁਲਿਸ, 4 ਮੁੱਖ ਮੁਲਜ਼ਮ ਗ੍ਰਿਫ਼ਤਾਰ

ਅੰਮ੍ਰਿਤਸਰ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਸ਼ਹਿਰ ਵਿੱਚ ਬੀਤੇ ਦਿਨੀਂ ਵਾਪਰੀ ਲੁੱਟਖੋਹ ਦੀ ਇੱਕ ਵੱਡੀ ਵਾਰਦਾਤ ਨੂੰ ਮਹਿਜ਼ ਕੁਝ ਹੀ ਦਿਨਾਂ ਵਿੱਚ ਸੁਲਝਾ ਕੇ ਚਾਰ ਮੁੱਖ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਧੱਕਣ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਮਾਮਲੇ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਅਹਿਮ ਖ਼ੁਲਾਸੇ ਕਰਦਿਆਂ ਏਡੀਸੀਪੀ (ADCP) ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ 21 ਜੂਨ ਨੂੰ ਇੱਕ ਨੌਜਵਾਨ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਕੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਵਾਰਦਾਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈ ਸੀ, ਜਿਸ ਦਾ ਨੋਟਿਸ ਲੈਂਦਿਆਂ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਹਰਕਤ ਵਿੱਚ ਆ ਕੇ ਕਾਰਵਾਈ ਸ਼ੁਰੂ ਕੀਤੀ।

ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਘਟਨਾ ਦਾ ਸ਼ਿਕਾਰ ਹੋਇਆ ਪੀੜਤ ਨੌਜਵਾਨ, ਜਿਸ ਦੀ ਪਛਾਣ ਨਿਕਲ ਵਜੋਂ ਹੋਈ ਹੈ, ਮੂਲ ਰੂਪ ਵਿੱਚ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ। ਉਹ ਅੰਮ੍ਰਿਤਸਰ ਸ਼ਹਿਰ ਵਿੱਚ ਕਿਰਾਏ ਦੇ ਮਕਾਨ ‘ਤੇ ਰਹਿ ਕੇ ਸੁਨਿਆਰੇ ਦਾ ਕੰਮ ਕਰਦਾ ਹੈ। ਬੀਤੀ 21 ਜੂਨ ਦੀ ਰਾਤ ਨੂੰ ਕਰੀਬ 11 ਵਜੇ ਜਦੋਂ ਉਹ ਆਪਣਾ ਕੰਮ ਖ਼ਤਮ ਕਰਕੇ ਵਾਪਸ ਆਪਣੇ ਘਰ ਲੋਹਗੜ੍ਹ ਵੱਲ ਜਾ ਰਿਹਾ ਸੀ, ਤਾਂ ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ ਪੰਜ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਇੱਕ ਸੁੰਨਸਾਨ ਗਲੀ ਦੇ ਅੰਦਰ ਘੇਰ ਲਿਆ।

ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਦਰਜ ਕੀਤਾ ਮੁਕੱਦਮਾ

ਏਡੀਸੀਪੀ ਨੇ ਦੱਸਿਆ ਕਿ ਲੁਟੇਰਿਆਂ ਨੇ ਇਕੱਲੇ ਲੰਘ ਰਹੇ ਇਸ ਪ੍ਰਵਾਸੀ ਨੌਜਵਾਨ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਡਰਾ-ਧਮਕਾ ਕੇ ਉਸ ਦੀ ਜੇਬ ਵਿੱਚ ਮੌਜੂਦ ਸਾਰੀ ਨਕਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਦੀ ਸੀਸੀਟੀਵੀ (CCTV) ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਤੁਰੰਤ ਬਾਅਦ ਥਾਣਾ ਡੀ-ਡਿਵੀਜ਼ਨ ਦੀ ਪੁਲਿਸ ਨੇ ਮੁਕੱਦਮਾ ਨੰਬਰ 107 ਦਰਜ ਕੀਤਾ। ਇਹ ਮਾਮਲਾ ਭਾਰਤੀਆ ਨਿਆਏ ਸੰਹਿਤਾ (BNS) ਦੀ ਧਾਰਾ 310 ਅਤੇ 317 ਤਹਿਤ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।

ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਨੇ ਚਾਰ ਮੁੱਖ ਮੁਲਜ਼ਮ ਕੀਤੇ ਕਾਬੂ

ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਏਸੀਪੀ (ACP) ਸੁਰਿੰਦਰ ਸਿੰਘ ਅਤੇ ਥਾਣਾ ਡੀ-ਡਿਵੀਜ਼ਨ ਦੇ ਮੁੱਖ ਅਫ਼ਸਰ (SHO) ਸਮੇਤ ਪੁਲਿਸ ਦੀਆਂ ਵੱਖ-ਵੱਖ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ। ਪੁਲਿਸ ਟੀਮਾਂ ਨੇ ਦਿਨ-ਰਾਤ ਇੱਕ ਕਰਕੇ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਇਸ ਅੰਨ੍ਹੇ ਕਤਲ ਵਰਗੀ ਲੁੱਟ ਦੀ ਵਾਰਦਾਤ ਨੂੰ ਬਹੁਤ ਜਲਦ ਟ੍ਰੇਸ ਕਰ ਲਿਆ। ਪੁਲਿਸ ਨੇ ਇਸ ਮਾਮਲੇ ਵਿੱਚ ਸ਼ਿਵਮ, ਸੌਰਵ, ਸੰਜੂ ਕੁਮਾਰ ਅਤੇ ਜੋਬਿਨਾ ਉਰਫ਼ ਇਲਾ ਨਾਮਕ ਚਾਰ ਮੁੱਖ ਮੁਲਜ਼ਮਾਂ ਨੂੰ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਇਹ ਸਾਰੇ ਮੁਲਜ਼ਮ ਸਥਾਨਕ ਲੋਹਗੜ੍ਹ ਅਤੇ ਇਨਰ ਵਰਲਡ ਸਿਟੀ ਇਲਾਕੇ ਦੇ ਹੀ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਫਰਾਰ ਮੁਲਜ਼ਮ ਦੀ ਭਾਲ ਜਾਰੀ, ਮਿਲੇਗਾ ਪੁਲਿਸ ਰਿਮਾਂਡ

ਪੁਲਿਸ ਅਧਿਕਾਰੀ ਵਿਸ਼ਾਲਜੀਤ ਸਿੰਘ ਨੇ ਅੱਗੇ ਦੱਸਿਆ ਕਿ ਇਸ ਵਾਰਦਾਤ ਵਿੱਚ ਸ਼ਾਮਲ ਇੱਕ ਹੋਰ ਮੁਲਜ਼ਮ, ਜਿਸ ਦੀ ਪਛਾਣ ਵਿਕੀ ਉਰਫ਼ ਕੈਸ਼ ਵਜੋਂ ਹੋਈ ਹੈ, ਅਜੇ ਪੁਲਿਸ ਦੀ ਗ੍ਰਿਫ਼ਤਾਰੀ ਤੋਂ ਬਾਹਰ ਹੈ, ਜਿਸ ਨੂੰ ਕਾਬੂ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਹ ਵੀ ਪੁਲਿਸ ਦੀ ਗ੍ਰਿਫ਼ਤਾਰ ਵਿੱਚ ਹੋਵੇਗਾ। ਫਿਲਹਾਲ ਪੁਲਿਸ ਨੇ ਫੜੇ ਗਏ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਲੁੱਟੀ ਗਈ ਰਕਮ ਵਿੱਚੋਂ 2 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕਰ ਲਈ ਹੈ, ਜਦਕਿ ਬਾਕੀ ਰਹਿੰਦੀ ਰਕਮ ਫਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਰਾਮਦ ਕੀਤੇ ਜਾਣ ਦੀ ਉਮੀਦ ਹੈ।

ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਪੂਰੀ ਯੋਜਨਾ ਬਣਾ ਕੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਰਿਕਾਰਡ ਅਨੁਸਾਰ ਫਰਾਰ ਚੱਲ ਰਹੇ ਮੁਲਜ਼ਮ ਵਿਕੀ ਉਰਫ਼ ਕੈਸ਼ ਦੇ ਖ਼ਿਲਾਫ਼ ਪਹਿਲਾਂ ਵੀ ਚੋਰੀ ਦਾ ਇੱਕ ਮੁਕੱਦਮਾ ਦਰਜ ਹੈ। ਪੁਲਿਸ ਵੱਲੋਂ ਇਨ੍ਹਾਂ ਸਾਰੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਡੂੰਘਾਈ ਨਾਲ ਕੀਤੀ ਜਾਣ ਵਾਲੀ ਪੁੱਛਗਿੱਛ ਦੌਰਾਨ ਹੋਰ ਵੀ ਕਈ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।

Follow Us