ਦੁਬਈ ਪਹੁੰਚਣ ਦੇ 2 ਦਿਨ ਬਾਅਦ ਹੀ ਫਰੀਦਕੋਟ ਦੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ, ਪਿੰਡ ‘ਚ ਮਾਤਮ

Published: 

28 Jul 2026 23:15 PM IST

ਰੋਜ਼ੀ-ਰੋਟੀ ਕਮਾਉਣ ਅਤੇ ਪਰਿਵਾਰ ਦੇ ਚੰਗੇ ਭਵਿੱਖ ਲਈ ਇਨਸਾਨ ਆਪਣੇ ਵਤਨ ਤੱਕ ਨੂੰ ਛੱਡਣ ਲਈ ਮਜਬੂਰ ਹੋ ਜਾਂਦਾ ਹੈ। ਅਜਿਹਾ ਹੀ ਇੱਕ ਬੇਹੱਦ ਦੁਖਦ ਅਤੇ ਭਾਵੁਕ ਮਾਮਲਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਭਾਗਥਲਾ ਖੁਰਦ ਤੋਂ ਸਾਹਮਣੇ ਆਇਆ ਹੈ, ਜਿੱਥੇ ਗਰੀਬ ਕਿਸਾਨ ਦਾ ਪੁੱਤਰ ਗੁਰਪ੍ਰੀਤ ਸਿੰਘ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਦੇ ਸੁਪਨੇ ਲੈ ਕੇ ਦੁਬਈ ਗਿਆ ਸੀ।

ਦੁਬਈ ਪਹੁੰਚਣ ਦੇ 2 ਦਿਨ ਬਾਅਦ ਹੀ ਫਰੀਦਕੋਟ ਦੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ, ਪਿੰਡ ਚ ਮਾਤਮ

ਰੋਜ਼ੀ-ਰੋਟੀ ਕਮਾਉਣ ਅਤੇ ਪਰਿਵਾਰ ਦੇ ਚੰਗੇ ਭਵਿੱਖ ਲਈ ਇਨਸਾਨ ਆਪਣੇ ਵਤਨ ਤੱਕ ਨੂੰ ਛੱਡਣ ਲਈ ਮਜਬੂਰ ਹੋ ਜਾਂਦਾ ਹੈ। ਅਜਿਹਾ ਹੀ ਇੱਕ ਬੇਹੱਦ ਦੁਖਦ ਅਤੇ ਭਾਵੁਕ ਮਾਮਲਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਭਾਗਥਲਾ ਖੁਰਦ ਤੋਂ ਸਾਹਮਣੇ ਆਇਆ ਹੈ, ਜਿੱਥੇ ਗਰੀਬ ਕਿਸਾਨ ਦਾ ਪੁੱਤਰ ਗੁਰਪ੍ਰੀਤ ਸਿੰਘ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਦੇ ਸੁਪਨੇ ਲੈ ਕੇ ਦੁਬਈ ਗਿਆ ਸੀ। ਪਰਿਵਾਰ ਨੇ ਕਰਜ਼ਾ ਚੁੱਕ ਕੇ ਵੱਡੇ ਚਾਵਾਂ ਨਾਲ ਉਸ ਨੂੰ ਵਿਦੇਸ਼ ਭੇਜਿਆ ਸੀ, ਪਰ ਉੱਥੇ ਪਹੁੰਚਣ ਦੇ ਮਾਤਰ ਦੋ ਦਿਨਾਂ ਬਾਅਦ ਹੀ ਦਿਲ ਦਾ ਦੌਰਾ ਪੈਣ ਨਾਲ ਗੁਰਪ੍ਰੀਤ ਦੀ ਮੌਤ ਹੋ ਗਈ।

ਇਸ ਦਰਦਨਾਕ ਖ਼ਬਰ ਨੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ। ਕਰਜ਼ੇ ਦੇ ਬੋਝ ਹੇਠ ਦੱਬੇ ਪਰਿਵਾਰ ਲਈ ਵੱਡੀ ਚਿੰਤਾ ਇਹ ਸੀ ਕਿ ਗੁਰਪ੍ਰੀਤ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਕਿਵੇਂ ਲਿਆਂਦਾ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਇਸ ਮੁਸ਼ਕਿਲ ਘੜੀ ਵਿੱਚ ਪਰਿਵਾਰ ਦਾ ਸੰਪਰਕ ਡਾ. ਐੱਸ.ਪੀ. ਸਿੰਘ ਓਬਰਾਏ ਦੀ ਜਥੇਬੰਦੀ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਨੁਮਾਇੰਦਿਆਂ ਨਾਲ ਹੋਇਆ। ਟਰੱਸਟ ਦੇ ਅਣਥੱਕ ਯਤਨਾਂ ਤੋਂ ਬਾਅਦ, ਕਰੀਬ ਇੱਕ ਮਹੀਨੇ ਪੱਛੋਂ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਅੱਬੜੇ ਪਿੰਡ ਪਹੁੰਚੀ, ਜਿੱਥੇ ਦੇਹ ਦੇਖ ਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।

ਪਿੰਡ ਵਾਸੀਆਂ ਅਤੇ ਗ੍ਰੰਥੀ ਸਿੰਘ ਨੇ ਜਤਾਇਆ ਧੰਨਵਾਦ

ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾ ਰਹੇ ਗ੍ਰੰਥੀ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧਿਤ ਸੀ ਅਤੇ ਮਿਹਨਤ-ਮਜ਼ਦੂਰੀ ਕਰਨ ਲਈ ਹੀ ਦੁਬਈ ਗਿਆ ਸੀ। ਉੱਥੇ ਪਹੁੰਚਣ ਦੇ ਦੋ-ਤਿੰਨ ਦਿਨਾਂ ਵਿੱਚ ਹੀ ਉਸ ਦੀ ਡੈਥ ਹੋ ਗਈ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰ ਦੀ ਮਦਦ ਕਰਦਿਆਂ ‘ਸਰਬੱਤ ਦਾ ਭਲਾ ਟਰੱਸਟ’ ਨੇ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਇਸ ਲਈ ਪੂਰਾ ਪਰਿਵਾਰ, ਨਗਰ ਦੀ ਸੰਗਤ ਅਤੇ ਸਮੂਹ ਪਿੰਡ ਵਾਸੀ ਟਰੱਸਟ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਅਤੇ ਅਰਦਾਸ ਕਰਦੇ ਹਨ ਕਿ ਸਤਿਗੁਰੂ ਮਹਾਰਾਜ ਇਸ ਸੰਸਥਾ ਨੂੰ ਹੋਰ ਤਰੱਕੀਆਂ ਬਖਸ਼ਣ।

ਸਰਬੱਤ ਦਾ ਭਲਾ ਟਰੱਸਟ ਦੇ ਮੈਂਬਰਾਂ ਦਾ ਬਿਆਨ

ਟਰੱਸਟ ਦੇ ਮੈਂਬਰ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਨੌਜਵਾਨ ਪਰਿਵਾਰ ਦੀ ਆਰਥਿਕ ਸਥਿਤੀ ਸੁਧਾਰਨ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਗਿਆ ਸੀ। ਪਰਿਵਾਰ ਅਨੁਸਾਰ ਗੁਰਪ੍ਰੀਤ ਸਿਰਫ਼ ਇੱਕ ਦਿਨ ਹੀ ਕੰਮ ‘ਤੇ ਗਿਆ ਸੀ ਅਤੇ ਅਗਲੇ ਹੀ ਦਿਨ ਹਾਰਟ ਅਟੈਕ ਨਾਲ ਇਹ ਮਾੜੀ ਘਟਨਾ ਵਾਪਰ ਗਈ।

ਉਨ੍ਹਾਂ ਦੱਸਿਆ ਕਿ ਜਦੋਂ ਵਿਦੇਸ਼ ‘ਚ ਅਜਿਹਾ ਭਾਣਾ ਵਰਤਦਾ ਹੈ ਤਾਂ ਪਰਿਵਾਰ ‘ਤੇ ਗਮ ਦੇ ਨਾਲ-ਨਾਲ ਕਾਗਜ਼ੀ ਪ੍ਰਕਿਰਿਆ ਅਤੇ ਮ੍ਰਿਤਕ ਦੇਹ ਲਿਆਉਣ ਦੇ ਭਾਰੀ ਖ਼ਰਚੇ ਦਾ ਵੱਡਾ ਬੋਝ ਪੈ ਜਾਂਦਾ ਹੈ। ਫਰੀਦਕੋਟ ਇਕਾਈ ਵੱਲੋਂ ਪਰਿਵਾਰ ਤੋਂ ਜ਼ਰੂਰੀ ਦਸਤਾਵੇਜ਼ ਲੈ ਕੇ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਨਾਲ ਸੰਪਰਕ ਕੀਤਾ ਗਿਆ ਸੀ। ਓਬਰਾਏ ਸਾਹਿਬ ਨੇ ਆਪਣੇ ਸਾਰੇ ਸਰੋਤਾਂ ਅਤੇ ਯਤਨਾਂ ਦੀ ਵਰਤੋਂ ਕਰਦਿਆਂ ਮਾਨਵਤਾ ਦੀ ਸੇਵਾ ਹੇਠ ਇਹ ਕਾਰਜ ਨੇਪਰੇ ਚਾੜ੍ਹਿਆ, ਜਿਸ ਬਦੌਲਤ ਅੱਜ ਪੁੱਤਰ ਦੀ ਦੇਹ ਪਰਿਵਾਰ ਕੋਲ ਪਹੁੰਚ ਸਕੀ ਹੈ।

Follow Us