ਮੋਗਾ ਸੁਨਿਆਰਾ ਲੁੱਟ ਮਾਮਲੇ ‘ਚ ਵੱਡਾ ਐਕਸ਼ਨ, ਫ਼ੌਜੀ ਸਮੇਤ 3 ਗ੍ਰਿਫ਼ਤਾਰ; ਲੁੱਟੀ ਚਾਂਦੀ ਤੇ ਹਥਿਆਰ ਬਰਾਮਦ

Updated On: 

28 Jul 2026 19:06 PM IST

ਮੋਗਾ ਦੇ ਅਜੀਤਵਾਲ ਦੀ ਮੇਨ ਮਾਰਕੀਟ 'ਚ ਸੁਨਿਆਰੇ ਤੋਂ ਹੋਈ ਗਨਪੁਆਇੰਟ ਲੁੱਟ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਫ਼ੌਜੀ ਜਵਾਨ ਸੁਖਦੀਪ ਸਿੰਘ, ਉਸ ਦੇ ਭਰਾ ਹਰਦੀਪ ਸਿੰਘ ਅਤੇ ਪਵਿੱਤਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਲੁੱਟੀ ਗਈ ਡੇਢ ਕਿਲੋ ਚਾਂਦੀ, ਵਰਨਾ ਕਾਰ, ਦੇਸੀ ਪਿਸਤੌਲ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ।

ਮੋਗਾ ਸੁਨਿਆਰਾ ਲੁੱਟ ਮਾਮਲੇ ਚ ਵੱਡਾ ਐਕਸ਼ਨ, ਫ਼ੌਜੀ ਸਮੇਤ 3 ਗ੍ਰਿਫ਼ਤਾਰ; ਲੁੱਟੀ ਚਾਂਦੀ ਤੇ ਹਥਿਆਰ ਬਰਾਮਦ

ਬੀਤੀ 21 ਜੁਲਾਈ ਨੂੰ ਥਾਣਾ ਅਜੀਤਵਾਲ ਦੇ ਖੇਤਰ ਅਧੀਨ ਆਉਂਦੀ ਮੇਨ ਮਾਰਕੀਟ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੋਂ ਪਿਸਤੌਲ ਦੀ ਨੋਕ ‘ਤੇ ਚਾਂਦੀ ਅਤੇ ਹੋਰ ਗਹਿਣਿਆਂ ਦੀ ਹੋਈ ਖ਼ੋਹ-ਛੋਹ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਘਟਨਾ ਦੇ ਲਗਭਗ ਇੱਕ ਹਫ਼ਤੇ ਬਾਅਦ ਥਾਣਾ ਅਜੀਤਵਾਲ ਦੀ ਪੁਲਿਸ ਨੇ ਇਸ ਵਾਰਦਾਤ ਵਿੱਚ ਸ਼ਾਮਲ ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲੁੱਟ ਲਈ ਵਰਤੀ ਗਈ ਇੱਕ ਵਰਨਾ ਕਾਰ, ਇੱਕ ਦੇਸੀ ਪਿਸਤੌਲ, ਤੇਜ਼ਧਾਰ ਹਥਿਆਰ, ਡੇਢ ਕਿਲੋਗ੍ਰਾਮ ਦੇ ਕਰੀਬ ਚਾਂਦੀ ਅਤੇ ਹੋਰ ਗਹਿਣੇ ਬਰਾਮਦ ਕਰ ਲਏ ਹਨ।

ਪੁਲਿਸ ਵੱਲੋਂ ਕਾਬੂ ਕੀਤੇ ਗਏ ਤਿੰਨਾਂ ਨੌਜਵਾਨਾਂ ਵਿੱਚੋਂ ਦੋ ਆਪਸ ਵਿੱਚ ਸਕਾ ਭਰਾ ਹਨ, ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਸੁਖਦੀਪ ਸਿੰਘ ਉਰਫ਼ ਸੁੱਖਾ ਭਾਰਤੀ ਫ਼ੌਜ ਵਿੱਚ ਸਿਪਾਹੀ ਦੇ ਅਹੁਦੇ ‘ਤੇ ਤੈਨਾਤ ਹੈ, ਜਦਕਿ ਫੜਿਆ ਗਿਆ ਤੀਜਾ ਨੌਜਵਾਨ ਵੀ ਜ਼ਿਲ੍ਹੇ ਦੇ ਹੀ ਪਿੰਡ ਰਾਮੂਵਾਲਾ ਨਵਾਂ ਦਾ ਰਹਿਣ ਵਾਲਾ ਹੈ।

ਫ਼ੌਜੀ ਸਮੇਤ ਤਿੰਨੇ ਮੁਲਜ਼ਮ ਇੱਕੋ ਪਿੰਡ ਦੇ ਨਿਵਾਸੀ

ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਨਿਹਾਲ ਸਿੰਘ ਵਾਲਾ ਦੇ ਡੀ.ਐੱਸ.ਪੀ. (DSP) ਅਨਵਰ ਅਲੀ ਨੇ ਦੱਸਿਆ ਕਿ 21 ਜੁਲਾਈ ਨੂੰ ਗਨ ਪੁਆਇੰਟ ‘ਤੇ ਅਜੀਤਵਾਲ ਮਾਰਕੀਟ ਤੋਂ ਇੱਕ ਸੁਨਿਆਰੇ ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਤੁਰੰਤ ਕਾਰਵਾਈ ਕਰਦਿਆਂ ਥਾਣਾ ਅਜੀਤਵਾਲ ਦੀ ਪੁਲਿਸ ਟੀਮ ਨੇ ਸੁਖਦੀਪ ਸਿੰਘ ਉਰਫ਼ ਸੁੱਖਾ, ਹਰਦੀਪ ਸਿੰਘ ਉਰਫ਼ ਹੈਪੀ ਅਤੇ ਪਵਿੱਤਰ ਸਿੰਘ ਉਰਫ਼ ਲੱਲੂ, ਤਿੰਨੋਂ ਵਾਸੀ ਪਿੰਡ ਰਾਮੂਵਾਲਾ ਨਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀ.ਐੱਸ.ਪੀ. ਨੇ ਅੱਗੇ ਦੱਸਿਆ ਕਿ ਕਾਬੂ ਕੀਤੇ ਨੌਜਵਾਨਾਂ ਵਿੱਚੋਂ ਸੁਖਦੀਪ ਸਿੰਘ ਉਰਫ਼ ਸੁੱਖਾ ਫ਼ੌਜ ਦਾ ਜਵਾਨ ਹੈ ਅਤੇ ਵਰਤਮਾਨ ਵਿੱਚ ਕੋਲਕਾਤਾ ਵਿਖੇ ਆਪਣੀ ਡਿਊਟੀ ਦੇ ਰਿਹਾ ਹੈ।

ਲੁੱਟ ਦਾ ਸਮਾਨ, ਗੱਡੀ ਅਤੇ ਹਥਿਆਰ ਬਰਾਮਦ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੇ ਕਬਜ਼ੇ ਵਿੱਚੋਂ ਵਾਰਦਾਤ ਸਮੇਂ ਵਰਤੀ ਗਈ ਵਰਨਾ ਗੱਡੀ, ਦੇਸੀ ਪਿਸਤੌਲ, ਤੇਜ਼ਧਾਰ ਹਥਿਆਰ, ਡੇਢ ਕਿਲੋਗ੍ਰਾਮ ਚਾਂਦੀ ਅਤੇ ਹੋਰ ਸੁਨਿਆਰੀ ਗਹਿਣੇ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਅਦਾਲਤ ਤੋਂ ਤਿੰਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੇਰੀ ਡੂੰਘਾਈ ਨਾਲ ਪੁੱਛਗਿੱਛ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਜੋ ਕੇਸ ਨਾਲ ਜੁੜੇ ਹੋਰ ਤੱਥ ਸਾਹਮਣੇ ਆ ਸਕਣ।

Follow Us