ਜਲੰਧਰ ‘ਚ 14 ਤੋਂ 22 ਨਵੰਬਰ ਤੱਕ ਹੋਵੇਗੀ ਅਗਨੀਵੀਰ ਭਰਤੀ ਰੈਲੀ, 6 ਹਜ਼ਾਰ ਤੋਂ ਵੱਧ ਉਮੀਦਵਾਰ ਲੈਣਗੇ ਹਿੱਸਾ

Published: 

18 Oct 2026 12:30 PM IST

ਭਰਤੀ ਪ੍ਰਕਿਰਿਆ ਦੌਰਾਨ ਉਮੀਦਵਾਰਾਂ ਦੀ ਸਰੀਰਕ ਸਮਰੱਥਾ ਤੇ ਯੋਗਤਾ ਦੀ ਜਾਂਚ ਲਈ ਵੱਖ-ਵੱਖ ਟੈਸਟ ਕਰਵਾਏ ਜਾਣਗੇ। ਇਨ੍ਹਾਂ 'ਚ 1.6 ਕਿਲੋਮੀਟਰ ਦੌੜ, ਬੀਮ ਟੈਸਟ ਤੇ ਸਰੀਰਕ ਮਾਪਦੰਡਾਂ ਦੀ ਜਾਂਚ ਸ਼ਾਮਲ ਹੋਵੇਗੀ।

ਜਲੰਧਰ ਚ 14 ਤੋਂ 22 ਨਵੰਬਰ ਤੱਕ ਹੋਵੇਗੀ ਅਗਨੀਵੀਰ ਭਰਤੀ ਰੈਲੀ, 6 ਹਜ਼ਾਰ ਤੋਂ ਵੱਧ ਉਮੀਦਵਾਰ ਲੈਣਗੇ ਹਿੱਸਾ

(Image Credit source: getty images)

ਭਾਰਤੀ ਫ਼ੌਜ ‘ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਅਹਿਮ ਖ਼ਬਰ ਹੈ। ਅਗਨੀਪਥ ਯੋਜਨਾ ਤਹਿਤ ਅਗਨੀਵੀਰ ਭਰਤੀ ਰੈਲੀ ਦਾ ਆਯੋਜਨ 14 ਨਵੰਬਰ ਤੋਂ 22 ਨਵੰਬਰ 2026 ਤੱਕ ਜਲੰਧਰ ਦੇ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਵਿਖੇ ਕੀਤਾ ਜਾਵੇਗਾ। ਇਸ ਭਰਤੀ ਰੈਲੀ ‘ਚ 6,000 ਤੋਂ ਵੱਧ ਉਮੀਦਵਾਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ, ਜਿਨ੍ਹਾਂ ਨੇ ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ (ਐਸਬੀਐਸ ਨਗਰ) ਜ਼ਿਲ੍ਹਿਆਂ ਤੋਂ ਸਾਂਝੀ ਪ੍ਰਵੇਸ਼ ਪ੍ਰੀਖਿਆ (CEE) ਪਾਸ ਕੀਤੀ ਹੈ।

ਇਸ ਭਰਤੀ ਰੈਲੀ ਰਾਹੀਂ ਪੰਜਾਬ ਦੇ ਨਾਲ-ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਤੇ ਲੱਦਾਖ ਦੀਆਂ ਯੋਗ ਮਹਿਲਾ ਉਮੀਦਵਾਰਾਂ ਨੂੰ ਵੀ ਭਾਰਤੀ ਫ਼ੌਜ ‘ਚ ਭਰਤੀ ਹੋਣ ਦਾ ਮੌਕਾ ਦਿੱਤਾ ਜਾਵੇਗਾ।

ਭਰਤੀ ਲਈ ਦੇਣੇ ਪੈਣਗੇ ਸਰੀਰਕ ਅਤੇ ਮੈਡੀਕਲ ਟੈਸਟ

ਭਰਤੀ ਪ੍ਰਕਿਰਿਆ ਦੌਰਾਨ ਉਮੀਦਵਾਰਾਂ ਦੀ ਸਰੀਰਕ ਸਮਰੱਥਾ ਤੇ ਯੋਗਤਾ ਦੀ ਜਾਂਚ ਲਈ ਵੱਖ-ਵੱਖ ਟੈਸਟ ਕਰਵਾਏ ਜਾਣਗੇ। ਇਨ੍ਹਾਂ ‘ਚ 1.6 ਕਿਲੋਮੀਟਰ ਦੌੜ, ਬੀਮ ਟੈਸਟ ਤੇ ਸਰੀਰਕ ਮਾਪਦੰਡਾਂ ਦੀ ਜਾਂਚ ਸ਼ਾਮਲ ਹੋਵੇਗੀ।

ਦੌੜ ਰਾਹੀਂ ਉਮੀਦਵਾਰਾਂ ਦੀ ਸਹਿਣਸ਼ੀਲਤਾ ਤੇ ਸਰੀਰਕ ਸਮਰੱਥਾ ਨੂੰ ਪਰਖਿਆ ਜਾਵੇਗਾ, ਜਦਕਿ ਬੀਮ ਟੈਸਟ ਰਾਹੀਂ ਸਰੀਰ ਦੇ ਉੱਪਰਲੇ ਹਿੱਸੇ ਦੀ ਮਾਸਪੇਸ਼ੀਆਂ ਦੀ ਤਾਕਤ ਦਾ ਮੁਲਾਂਕਣ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਉਮੀਦਵਾਰਾਂ ਦੇ ਕੱਦ, ਭਾਰ ਤੇ ਹੋਰ ਨਿਰਧਾਰਤ ਸਰੀਰਕ ਮਾਪਦੰਡਾਂ ਦੀ ਜਾਂਚ ਵੀ ਕੀਤੀ ਜਾਵੇਗੀ। ਸਰੀਰਕ ਕੁਸ਼ਲਤਾ ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਦਾ ਮੈਡੀਕਲ ਟੈਸਟ ਕੀਤਾ ਜਾਵੇਗਾ, ਤਾਂ ਜੋ ਭਾਰਤੀ ਫ਼ੌਜ ‘ਚ ਭਰਤੀ ਲਈ ਉਨ੍ਹਾਂ ਦੀ ਡਾਕਟਰੀ ਯੋਗਤਾ ਯਕੀਨੀ ਬਣਾਈ ਜਾ ਸਕੇ।

ਦਲਾਲਾਂ ਤੋਂ ਸਾਵਧਾਨ ਰਹਿਣ ਉਮੀਦਵਾਰ

ਭਾਰਤੀ ਫ਼ੌਜ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਭਰਤੀ ਪ੍ਰਕਿਰਿਆ ਨਿਰਧਾਰਤ ਨੀਤੀਆਂ ਤੇ ਯੋਗਤਾ ਦੇ ਮਾਪਦੰਡਾਂ ਅਨੁਸਾਰ ਨਿਰਪੱਖ, ਪਾਰਦਰਸ਼ੀ ਤੇ ਵਿਵਸਥਿਤ ਢੰਗ ਨਾਲ ਕਰਵਾਈ ਜਾਵੇਗੀ। ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਭਰਤੀ ਸਬੰਧੀ ਅਧਿਕਾਰਤ ਨੋਟੀਫਿਕੇਸ਼ਨਾਂ ਨੂੰ ਧਿਆਨ ਨਾਲ ਪੜ੍ਹਨ ਤੇ ਸਾਰੇ ਲੋੜੀਂਦੇ ਦਸਤਾਵੇਜ਼ ਆਪਣੇ ਨਾਲ ਲੈ ਕੇ ਆਉਣ।

ਇਸ ਦੇ ਨਾਲ ਹੀ ਉਮੀਦਵਾਰਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਦਲਾਲਾਂ ਤੇ ਅਜਿਹੇ ਸ਼ਰਾਰਤੀ ਅਨਸਰਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ, ਜੋ ਪੈਸੇ ਲੈ ਕੇ ਭਰਤੀ ਕਰਵਾਉਣ ਜਾਂ ਚੋਣ ਦੀ ਗਾਰੰਟੀ ਦੇਣ ਦੇ ਝੂਠੇ ਦਾਅਵੇ ਕਰਦੇ ਹਨ। ਫ਼ੌਜ ਵੱਲੋਂ ਕਿਹਾ ਗਿਆ ਹੈ ਕਿ ਭਰਤੀ ਪੂਰੀ ਤਰ੍ਹਾਂ ਯੋਗਤਾ ਤੇ ਨਿਰਧਾਰਤ ਚੋਣ ਮਾਪਦੰਡਾਂ ਦੇ ਆਧਾਰ ‘ਤੇ ਹੁੰਦੀ ਹੈ। ਕੋਈ ਵੀ ਵਿਅਕਤੀ ਜਾਂ ਏਜੰਟ ਚੋਣ ਦੀ ਗਾਰੰਟੀ ਨਹੀਂ ਦੇ ਸਕਦਾ। ਇਸ ਲਈ ਉਮੀਦਵਾਰ ਅਜਿਹੇ ਕਿਸੇ ਵੀ ਵਿਅਕਤੀ ਨੂੰ ਪੈਸੇ ਨਾ ਦੇਣ ਤੇ ਪੈਸਿਆਂ ਦੀ ਮੰਗ ਜਾਂ ਕਿਸੇ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਭਰਤੀ ਅਧਿਕਾਰੀਆਂ ਨੂੰ ਸੂਚਿਤ ਕਰਨ।

ਦਸਤਾਵੇਜ਼ਾਂ ਦੀ ਜਾਣਕਾਰੀ ਲਈ QR ਕੋਡ ਸਕੈਨ ਕਰੋ

ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਭਰਤੀ ਰੈਲੀ ‘ਚ ਸ਼ਾਮਲ ਹੋਣ ਤੋਂ ਪਹਿਲਾਂ ਦਸਤਾਵੇਜ਼ਾਂ ਸਬੰਧੀ ਸਾਰੀਆਂ ਲੋੜਾਂ ਦੀ ਜਾਣਕਾਰੀ ਹਾਸਲ ਕਰ ਲੈਣ। ਭਰਤੀ ਦੌਰਾਨ ਲੋੜੀਂਦੇ ਦਸਤਾਵੇਜ਼ਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰਨ ਲਈ ਜਾਰੀ ਕੀਤੇ ਗਏ QR ਕੋਡ ਨੂੰ ਸਕੈਨ ਕੀਤਾ ਜਾ ਸਕਦਾ ਹੈ।

ਭਾਰਤੀ ਫ਼ੌਜ ਨੇ ਸਾਰੇ ਯੋਗ ਨੌਜਵਾਨਾਂ, ਖ਼ਾਸ ਕਰਕੇ ਮਹਿਲਾ ਉਮੀਦਵਾਰਾਂ ਨੂੰ ਇਸ ਮੌਕੇ ਦਾ ਲਾਭ ਉਠਾਉਣ ਤੇ ਮਾਣ, ਸਨਮਾਨ ਤੇ ਸਮਰਪਣ ਨਾਲ ਦੇਸ਼ ਦੀ ਸੇਵਾ ਕਰਨ ਲਈ ਭਰਤੀ ਰੈਲੀ ‘ਚ ਵੱਧ ਤੋਂ ਵੱਧ ਗਿਣਤੀ ‘ਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ।

Loading...
Unable to load recommendations.
Follow Us