328 ਸਰੂਪ ਗਾਇਬ ਹੋਣ ਮਾਮਲੇ ਦੀ ਜਾਂਚ ਲਈ SGPC ਦੇ ਅੰਮ੍ਰਿਤਸਰ ਤੇ ਚੰਡੀਗੜ੍ਹ ਦੇ ਦਫਤਰਾਂ ‘ਚ ਪਹੁੰਚੀ SIT, ਮੰਗੇ ਦਸਤਾਵੇਜ
SIT Reached SGPC Office in 328 Saroop Missing Case: ਹਾਲ ਹੀ ਵਿੱਚ 328 ਐਸਆਈਟੀ ਨੇ ਲੁਧਿਆਣਾ ਦੇ ਪੌਸ਼ ਟੈਗੋਰ ਨਗਰ ਇਲਾਕੇ ਵਿੱਚ ਸਥਿਤ ਮਸ਼ਹੂਰ ਸੀਏ ਅਸ਼ਵਨੀ ਕੁਮਾਰ ਦੇ ਦਫ਼ਤਰ, "ਅਸ਼ਵਨੀ ਐਂਡ ਐਸੋਸੀਏਟਸ" 'ਤੇ SIT ਟੀਮ ਨੇ ਛਾਪਾ ਮਾਰਿਆ ਸੀ। ਛਾਪੇਮਾਰੀ ਦੌਰਾਨ, ਪੁਲਿਸ ਨੇ ਦਫਤਰ ਤੋਂ ਲੈਪਟਾਪ ਅਤੇ ਸੀਸੀਟੀਵੀ ਕੈਮਰੇ ਦੇ ਡੀਵੀਆਰ ਸਮੇਤ ਕਈ ਮਹੱਤਵਪੂਰਨ ਦਸਤਾਵੇਜ਼ ਜ਼ਬਤ ਕੀਤੇ ਸਨ।
328 Saroop Missing Case: 328 ਪਾਵਨ ਸਰੂਪਾਂ ਨਾਲ ਜੁੜੇ ਗੰਭੀਰ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (SIT) ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਮ੍ਰਿਤਸਰ ਸਥਿਤ ਮੁੱਖ ਦਫ਼ਤਰ ਅਤੇ ਚੰਡੀਗੜ੍ਹ ਦੇ ਪਹੁੰਚੀ। ਉਨ੍ਹਾਂ ਵੱਲੋਂ 328 ਪਾਵਨ ਸਰੂਪ ਮਾਮਲੇ ਸਬੰਧੀ ਜਾਂਚ ਪ੍ਰਕਿਰਿਆ ਸ਼ੁਰੂ ਕੀਤੀ ਗਈ। ਐਸਆਈਟੀ ਦੇ ਮੈਂਬਰ ਨੇ ਮੀਡੀਆ ਨਾਲ ਗੱਲਬਾਤ ਤੋਂ ਦੱਸਿਆ ਕਿ ਐਸਜੀਪੀਸੀ ਨੂੰ ਕੁਝ ਰਿਕਾਰਡ ਦੇਣ ਲਈ ਕਿਹਾ ਗਿਆ ਹੈ। ਜਿਸਤੋਂ ਬਾਅਦ ਐਸਜੀਪੀਸੀ ਨੇ ਛੇਤੀ ਹੀ ਇਹ ਰਿਕਾਰਡ ਦੇਣ ਦਾ ਭਰੋਸਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਜਾਂਚ ਹਾਲੇ ਜਾਰੀ ਹੈ। ਕਮੇਟੀ ਵੱਲੋਂ ਜਦੋਂ ਐਸਆਈਟੀ ਵੱਲੋਂ ਰਿਕਾਰਡ ਦਿੱਤਾ ਜਾਵੇਗਾ, ਉਸਤੋਂ ਬਾਅਦ ਮਾਮਲੇ ਦੀ ਸਹੀ ਤਰ੍ਹਾਂ ਨਾਲ ਜਾਂਚ ਕਰਨ ਦੇ ਯੋਗ ਹੋ ਜਾਵਾਂਗੇ। ਉਨ੍ਹਾਂ ਭਰੋਸਾ ਦੁਆਇਆ ਕਿ ਛੇਤੀ ਹੀ ਉਹ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਨਾਲ ਹੱਲ ਕਰ ਲਵਾਂਗੇ। ਇਹ ਮਾਮਲਾ ਸਿੱਖ ਸੰਗਤ ਦੀਆਂ ਭਾਵਨਾਵਾਂ ਨਾਲ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ, ਜਿਸ ਕਾਰਨ ਇਸ ਦੀ ਜਾਂਚ ਨੂੰ ਲੈ ਕੇ ਸੂਬੇ ਭਰ ਵਿੱਚ ਖਾਸ ਧਿਆਨ ਦਿੱਤਾ ਜਾ ਰਿਹਾ ਹੈ।
ਦੱਸਿਆ ਜਾਂਦਾ ਹੈ ਕਿ ਪਹਿਲਾਂ ਇਸ ਮਾਮਲੇ ਦੀ ਜਾਂਚ ਚੱਲ ਰਹੀ ਸੀ, ਜਿਸ ਨੂੰ ਹੋਰ ਪਾਰਦਰਸ਼ੀ ਅਤੇ ਡੁੰਘਾਈ ਨਾਲ ਅੱਗੇ ਵਧਾਉਣ ਲਈ ਐੱਸਆਈਟੀ ਦਾ ਗਠਨ ਕੀਤਾ ਗਿਆ ਹੈ। ਐੱਸਆਈਟੀ ਦੇ ਸ਼੍ਰੋਮਣੀ ਕਮੇਟੀ ਦਫ਼ਤਰ ਪਹੁੰਚਣ ਤੇ ਅਧਿਕਾਰੀਆਂ ਵੱਲੋਂ ਜ਼ਰੂਰੀ ਦਸਤਾਵੇਜ਼ਾਂ ਅਤੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਮਾਮਲੇ ਦੇ ਹਰੇਕ ਪੱਖ ਨੂੰ ਸਪਸ਼ਟ ਕੀਤਾ ਜਾ ਸਕੇ।
ਜਥੇਦਾਰ ਨੇ ਦਿੱਤੇ ਹਨ ਜਾਂਚ ‘ਚ ਸਹਿਯੋਗ ਦੇ ਹੁਕਮ
ਇਸ ਸਬੰਧ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਪੁਲਿਸ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਸਭ ਤੋਂ ਉੱਪਰ ਹਨ ਅਤੇ ਸ਼੍ਰੋਮਣੀ ਕਮੇਟੀ ਉਨ੍ਹਾਂ ਦੀ ਪੂਰੀ ਤਰ੍ਹਾਂ ਪਾਲਣਾ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਜੋ ਵੀ ਹੁਕਮ ਅਕਾਲ ਤਖ਼ਤ ਸਾਹਿਬ ਵੱਲੋਂ ਮਿਲੇ ਹਨ, ਉਨ੍ਹਾਂ ਅਨੁਸਾਰ ਹੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐੱਸਆਈਟੀ ਅੱਜ ਇੱਥੇ ਪੁੱਜੀ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਵੀ ਮੌਕੇ ਤੇ ਮੌਜੂਦ ਹਨ। ਪੁਲਿਸ ਵੱਲੋਂ ਜਿੱਥੇ ਵੀ ਸਹਿਯੋਗ ਮੰਗਿਆ ਜਾਵੇਗਾ, ਉੱਥੇ ਪੂਰਾ ਸਹਿਯੋਗ ਦਿੱਤਾ ਜਾਵੇਗਾ, ਤਾਂ ਜੋ ਸੱਚ ਸਾਹਮਣੇ ਆ ਸਕੇ ਅਤੇ ਮਾਮਲੇ ਦੀ ਨਿਰਪੱਖ ਜਾਂਚ ਹੋ ਸਕੇ।
ਇਹ ਵੀ ਪੜ੍ਹੋ
ਸ਼੍ਰੋਮਣੀ ਕਮੇਟੀ ਨੇ ਦੁਹਰਾਇਆ ਕਿ ਉਹ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਨਾਲ ਕੰਮ ਕਰੇਗੀ, ਤਾਂ ਜੋ ਸਿੱਖ ਸੰਗਤ ਦਾ ਭਰੋਸਾ ਕਾਇਮ ਰਹੇ।


