ਮਸਕਟ ‘ਚ ਫਸੀਆਂ ਪੰਜਾਬੀ ਔਰਤਾਂ ਨੂੰ ਲੈ ਕੇ ਕੈਬਿਨੇਟ ਮੰਤਰੀ ਧਾਲੀਵਾਲ ਨੇ ਕੇਂਦਰੀ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ
ਕੈਬਨੇਟ ਮੰਤਰੀ ਨੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਮਸਕਟ ਦੀ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਉੱਥੇ ਫਸੀਆਂ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕਣ।
ਚੰਡੀਗੜ੍ਹ ਨਿਊਜ: ਪੰਜਾਬ ਦੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਓਮਾਨ ਦੀ ਰਾਜਧਾਨੀ ਮਸਕਟ ਵਿੱਚ ਫਸੀਆਂ ਪੰਜਾਬੀ ਔਰਤਾਂ ਬਾਰੇ ਅੱਜ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਪੱਤਰ ਲਿਖਿਆ ਹੈ। ਪੱਤਰ ਵਿੱਚ ਧਾਲੀਵਾਲ ਨੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੇ ਇਨ੍ਹਾਂ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਇਹਨਾਂ ਨੂੰ ਭਾਰਤ ਵਾਪਸ ਲਿਆਉਣ ਲਈ ਲੋੜੀਂਦੇ ਕਦਮ ਚੁੱਕਣ ਲਈ ਸਬੰਧਤ ਦੂਤਾਵਾਸਾਂ ਕੋਲ ਮਨੁੱਖੀ ਆਧਾਰ ‘ਤੇ ਮਾਮਲਾ ਉਠਾਉਣ।।
ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰੀ ਵਿਦੇਸ਼ ਮੰਤਰੀ ਨੂੰ ਪੱਤਰ ਰਾਹੀਂ ਲਿਖਿਆ, ਮੈਂ ਤੁਹਾਡਾ ਧਿਆਨ ਮਸਕਟ ਵਿੱਚ ਪੰਜਾਬੀ ਮਹਿਲਾਵਾਂ ਦੇ ਫਸੇ ਹੋਣ ਸਬੰਧੀ ਵਾਇਰਲ ਹੋਈ ਇਕ ਵੀਡੀਓ ਅਤੇ ਕੁਝ ਅਖਬਾਰਾਂ ਵਿੱਚ ਛਪੀ ਖ਼ਬਰ ਵੱਲ ਲੈ ਜਾਣਾ ਚਾਹੁੰਦਾ ਹਾਂ। ਉਹਨਾਂ ਲਿਖਿਆ ਕਿ ਇਨ੍ਹਾਂ ਮਹਿਲਾਵਾਂ ਵਿੱਚੋਂ ਜ਼ਿਆਦਤਰ ਹੈਦਰਾਬਾਦ ਦੇ ਇੱਕ ਏਜੰਟ ਰਾਹੀਂ ਰੁਜ਼ਗਾਰ ਦੀ ਭਾਲ ਵਿੱਚ ਉੱਥੇ ਗਈਆਂ ਸਨ।
ਉਹਨਾਂ ਨੇ ਇਹ ਵੀ ਲਿਖਿਆ ਕਿ ਬੇਇਮਾਨ ਏਜੰਟਾਂ ਵੱਲੋਂ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਵਿਦੇਸ਼ ਮੰਤਰਾਲੇ ਵੱਲੋਂ ਜ਼ਰੂਰੀ ਕਦਮ ਵੀ ਚੁੱਕੇ ਜਾਣ ਤਾਂ ਜੋ ਭੋਲੀਆ-ਭਾਲੀਆਂ ਮਹਿਲਾਵਾਂ ਨਾਲ ਧੋਖਾ ਨਾ ਕੀਤਾ ਜਾ ਸਕੇ।
‘ਘਰ ਦੇ ਹਾਲਤ ਸੁਧਾਰਨ ਲਈ ਵਿਦੇਸ਼ ਗਈਆਂ ਸਨ ਔਰਤਾਂ’
ਇਹ ਔਰਤਾਂ ਤਦ ਤੱਕ ਵਾਪਿਸ ਘਰੀਂ ਨਹੀ ਪਰਤ ਸਕਦੀਆਂ ਜਦ ਤੱਕ ਓਮਾਨ ਦੀਆ ਅਦਾਲਤਾਂ ਵੱਲੋਂ ਵੀਜ਼ਾ ਖਤਮ ਹੋਣ ਤੋ ਬਾਅਦ ਰਹਿਣ ਕਾਰਨ ਲਾਇਆ ਗਿਆ ਜੁਰਮਾਨਾ ਜਾਂ ਇੰਨਾਂ ਦੇ ਸਪਾਂਸਰਾਂ ਵੱਲੋਂ ਪੈਸੇ ਲੈ ਕੇ ਇੰਨਾਂ ਦਾ ਨੌਕਰੀ ਦਾ ਮੁਚੱਲਕਾ ਜਾਰੀ ਨਹੀ ਕੀਤਾ ਜਾਂਦਾ। ਲੁਧਿਆਣਾ (Ludhiana) ਮੋਗਾ ਜਗਰਾਉਂ ਮੋਹਾਲੀ ਦੇ ਨਾਲ-ਨਾਲ ਪੰਜਾਬ ਭਰ ਦੀਆਂ ਕੁੜੀਆਂ ਉਮਾਨ ਦੇ ਸ਼ਹਿਰ ਵਿਚ ਹਣ ਤੇ 20 ਤੋਂ 30 ਸਾਲ ਦੀ ਉਮਰ ਦੀਆ ਕੁੜੀਆਂ ਹਣ। ਅਤੇ ਕਾਫੀ ਗਰੀਬ ਕਰਦੀਆਂ ਕੁੜੀਆਂ ਹਨ ਉਹ ਆਪਣੇ ਘਰ ਦੇ ਹਾਲਾਤ ਸੁਧਾਰਨ ਲਈ ਵਿਦੇਸ਼ ਵਿੱਚ ਗਈਆਂ ਸਨ।
ਦੱਸ ਦੇਈਏ ਕਿ ਇਸ ਤੋਂ ਪਹਿਲਾ ਮੈਂਬਰ ਪਾਰਲੀਮੈਂਟ ਨੇ ਵਿਕਰਮਜੀਤ ਸਿੰਘ ਸਾਹਨੀ ਵੀ ਮਸਕਟ,ਓਮਾਨ ਵਿਚ ਫਸੀਆਂ ਇਨ੍ਹਾਂ ਪੰਜਾਬੀ 36 ਔਰਤਾਂ ਨੂੰ ਵਾਪਿਸ ਲਿਆਉਣ ਲਈ ਮਿਸ਼ਨ ਸ਼ੁਰੂ ਕਰ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਸੀ ਕਿ ਇਸ ਸਬੰਧੀ ਭਾਰਤੀ ਦੂਤਾਵਾਸ ਦਾ ਸਹਿਯੋਗ ਵੀ ਮਿਲਿਆ ਹੈ। ਉਨ੍ਹਾਂ ਦੱਸਿਆ ਸੀ ਕਿ 36 ਲੜਕੀਆਂ ਵਿੱਚੋਂ 13 ਦੀ ਪਛਾਣ ਹੋਈ ਹੈ। ਬਾਕੀ ਦੀਆਂ 23 ਨੂੰ ਵੀ ਜਲਦੀ ਹੀ ਮਦਦ ਪਹੁੰਚਾਈ ਜਾਵੇਗੀ।