ਕੈਨੇਡਾ ‘ਚ ਇੱਕ ਹੋਰ 31 ਸਾਲਾ ਪੰਜਾਬੀ ਨੌਜਵਾਨ ਦੀ ਮੌਤ, ਡੇਢ ਸਾਲ ਪਹਿਲਾਂ ਹੋਇਆ ਸੀ ਵਿਆਹ
ਵਿਦੇਸ਼ਾਂ ਵਿੱਚ ਲਗਾਤਾਰ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਆ ਰਹੀਆਂ ਨੇ। ਹਾਲੇ ਕੁਝ ਦਿਨ ਪਹਿਲਾਂ ਸ੍ਰੀ ਫਤਿਹਗੜ੍ਹ ਸਾਹਿਬ ਦੇ ਇੱਕ ਨੌਜਵਾਨ ਦੀ ਕੈਨੇਡਾ ਚ ਮੋਤ ਦੀ ਖਬਰ ਆਈ ਸੀ ਤੇ ਹੁਣ ਮੁੜ ਇੱਕ ਪੰਜਾਬੀ ਨੌਜਵਾਨ ਦੀ ਕੈਨੇਡੇ ਦੇ ਅਲਬਰਟ ਸ਼ਹਿਰ ਵਿੱਚ ਡੈੱਥ ਹੋ ਗਈ। ਹਰਪ੍ਰੀਤ ਸਿੰਘ ਨਾਂਅ ਦੇ ਇਸ ਨੌਜਵਾਨ ਨੂੰ ਦਿਲ ਦਾ ਦੌਰਾ ਪਿਆ। ਮ੍ਰਿਤਕ ਹਰਪ੍ਰੀਤ ਸਿੰਘ ਜੋ ਕਿ ਪੀ.ਐਚ.ਡੀ ਦੀ ਪੂਰੀ ਕਰਕੇ 22 ਜੂਨ 2023 ਨੂੰ ਪੀ.ਆਰ ਲੈ ਕੇ ਕੈਨੇਡਾ (ਅਲਬਰਟਾ) ਗਿਆ ਸੀ।

ਐੱਨਆਰਆਈ ਨਿਊਜ। ਕੈਨੇਡਾ ਤੋਂ ਇੱਕ ਵਾਰ ਫਿਰ ਬੁਰੀ ਖ਼ਬਰ ਆਈ ਹੈ। ਬਲਾਕ ਅਮਲੋਹ ਦੇ ਪਿੰਡ ਸਲਾਣੀ ਦੇ ਨੌਜਵਾਨ ਹਰਪ੍ਰੀਤ ਸਿੰਘ (31) ਦੀ ਕੈਨੇਡਾ (Canada) ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਬਲਬੀਰ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਹਰਪ੍ਰੀਤ ਸਿੰਘ ਜੋ ਕਿ ਪੀ.ਐਚ.ਡੀ (ਪੀ.ਐਚ.ਡੀ.) ਦੀ ਪੜ੍ਹਾਈ ਪੂਰੀ ਕਰਕੇ 22 ਜੂਨ 2023 ਨੂੰ ਪੀ.ਆਰ ਲੈ ਕੇ ਕੈਨੇਡਾ (ਅਲਬਰਟਾ) ਗਿਆ ਸੀ। ਮ੍ਰਿਤਕ ਦਾ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।
ਉਹ ਆਪਣੇ ਛੋਟੇ ਭਰਾ ਲਵਪ੍ਰੀਤ ਸਿੰਘ ਨਾਲ ਅਲਬਰਟਾ (Alberta) ਵਿੱਚ ਰਹਿ ਰਿਹਾ ਸੀ। ਉੱਥੇ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ। ਪਿਤਾ ਨੇ ਨਮ ਅੱਖਾਂ ਨਾਲ ਦੱਸਿਆ ਕਿ ਹਰਪ੍ਰੀਤ ਸਿੰਘ ਦਾ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ। ਹਰਪ੍ਰੀਤ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰ ਦਾ ਕਹਿਣਾ ਹੈ ਕਿ ਨੌਜਵਾਨ ਪੁੱਤਰ ਦੀ ਮੌਤ ਨਾਲ ਉਨ੍ਹਾਂ ‘ਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ।
ਹਨਦੀਪ ਸਿੰਘ ਦੀ ਵੀ ਕੈਨੇਡਾ ‘ਚ ਹੋਈ ਸੀ ਮੌਤ
ਦੱਸ ਦੇਈਏ ਕਿ 2 ਦਿਨ ਪਹਿਲਾਂ ਕੈਨੇਡਾ ਦੇ ਐਡਮਿੰਟਨ (Edmonton) ਚ ਦਿਲ ਦਾ ਦੌਰਾ ਪੈਣ ਕਾਰਨ ਪਿੰਡ ਖੌਰੀ ਦੇ ਰਹਿਣ ਵਾਲੇ 32 ਸਾਲਾ ਨੌਜਵਾਨ ਹਨਦੀਪ ਸਿੰਘ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ। ਮ੍ਰਿਤਕ ਦੇ ਪਿਤਾ ਹਰਬਿੰਦਰ ਸਿੰਘ ਨੇ ਦੱਸਿਆ ਕਿ ਕਰੀਬ 6 ਮਹੀਨੇ ਪਹਿਲਾਂ ਉਸ ਦਾ ਲੜਕਾ ਹਨਦੀਪ ਸਿੰਘ ਵਰਕ ਪਰਮਿਟ ‘ਤੇ ਕੈਨੇਡਾ ਗਿਆ ਸੀ। ਉੱਥੇ ਵੀਰਵਾਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਹਨਦੀਪ ਸਿੰਘ ਵਿਆਹਿਆ ਹੋਇਆ ਸੀ, ਮ੍ਰਿਤਕ ਦੀ ਲਾਸ਼ ਕੈਨੇਡਾ ਤੋਂ ਲਿਆਉਣ ਲਈ ਪਰਿਵਾਰ ਨੇ ਯਤਨ ਸ਼ੁਰੂ ਕਰ ਦਿੱਤੇ ਹਨ।
ਦਿਲ ਦਾ ਦੌਰਾ ਪੈਣ ਦੇ ਵਧੇ ਕੇਸ
ਵਰਨਣਯੋਗ ਹੈ ਕਿ ਹਰ ਰੋਜ਼ ਅਸੀਂ ਸੁਣਦੇ ਹਾਂ ਕਿ ਦਿਲ ਦਾ ਦੌਰਾ ਪੈਣ ਕਾਰਨ ਕਿਸੇ ਦੀ ਮੌਤ ਹੋ ਗਈ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਦਿਲ ਦੇ ਦੌਰੇ ਦੇ ਮਾਮਲੇ ਵੱਧ ਰਹੇ ਹਨ। ਲੋਕ ਛੋਟੀ ਉਮਰ ਵਿੱਚ ਹੀ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਵਿਦੇਸ਼ ਗਏ ਪੰਜਾਬੀ ਨੌਜਵਾਨ ਵੀ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਰਹੇ ਹਨ। ਇਸ ਦੇ ਨਾਲ ਹੀ ਪਿਛਲੇ ਕੁਝ ਸਮੇਂ ਤੋਂ ਵਿਦੇਸ਼ਾਂ ‘ਚ ਦਿਲ ਦੇ ਦੌਰੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ।