ਕਨਿਸ਼ਕ ਜਹਾਜ਼ ਹਾਦਸੇ ਦੇ 38 ਸਾਲ: 329 ਨਾਗਰਿਕਾਂ ਦੀ ਮੌਤ ਦੀ ਇਸ ਦੁਖਦਾਈ ਘਟਨਾ ਤੋਂ ਜਿਆਦਾਤਰ ਕੈਨੇਡੀਅਨ ਨਾਗਰਿਕ ਨੇ ਅਣਜਾਨ
Kanishka Plane Blast: ਕੈਨੇਡੀਅਨ ਇਤਿਹਾਸ ਵਿੱਚ ਅੱਤਵਾਦ ਦੀ ਸਭ ਤੋਂ ਘਾਤਕ ਅਤੇ ਦੁਖਦਾਈ ਘਟਨਾ ਦੀ ਅੱਜ 38ਵੀਂ ਬਰਸੀ ਹੈ। ਦੱਸ ਦੇਈਏ ਕਿ 23 ਜੂਨ, 1985 ਨੂੰ ਏਅਰ ਇੰਡੀਆ ਦੀ ਉਡਾਣ 182 (ਕਨਿਸ਼ਕ) ਨੂੰ ਕੁਝ ਖਾਲਿਸਤਾਨੀ ਸਮਰਥਕਾਂ ਵੱਲੋਂ ਬੰਬ ਨਾਲ ਉਡਾ ਦਿੱਤਾ ਗਿਆ ਸੀ, ਜਿਸ ਵਿੱਚ 329 ਲੋਕਾਂ ਦੀ ਮੌਤ ਹੋ ਗਈ ਸੀ।
38 Years of Kanishka Plant Blast:23 ਜੂਨ 1985 ਨੂੰ ਏਅਰ ਇੰਡੀਆ ਦੀ ਉਡਾਣ 182, ਜਿਸ ਨੂੰ ਕਨਿਸ਼ਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ, ‘ਤੇ ਬੰਬ ਧਮਾਕੇ ਦੀ ਅੱਜ 38ਵੀਂ ਬਰਸੀ ਹੈ। ਇਹ ਘਟਨਾ ਕੈਨੇਡੀਅਨ ਇਤਿਹਾਸ ਵਿੱਚ ਦਹਿਸ਼ਤਗਰਦੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ, ਪਰ ਅਫਸੋਸ ਦੀ ਗੱਲ ਇਹ ਹੈ ਕਿ ਕੈਨੇਡਾ ਦੇ ਜਿਆਦਾਤਰ ਨਾਗਰਿਕਾਂ ਨੂੰ ਇਸ ਘਟਨਾ ਬਾਰੇ ਪਤਾ ਹੀ ਨਹੀਂ ਹੈ।
ਨਾਨ-ਪ੍ਰੋਫਿਟ, ਪਬਲਿਕ ਪੋਲਿੰਗ ਏਜੰਸੀ ਐਂਗਸ ਰੀਡ ਇੰਸਟੀਚਿਊਟ (ਏਆਰਆਈ) ਦੁਆਰਾ ਜਾਰੀ ਕੀਤੇ ਗਏ ਇੱਕ ਨਵੇਂ ਸਰਵੇਖਣ ਵਿੱਚ ਸਾਹਮਣੇ ਆਇਆ ਕਿ “ਦੱਸ ਵਿੱਚੋਂ ਨੌਂ ਕੈਨੇਡੀਅਨ (61%) ਨਾਗਰਿਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਘੱਟ ਜਦਕਿ 28% ਦਾ ਕਹਿਣਾ ਹੈ ਉਹ ਇਸ ਹਾਦਸੇ ਬਾਰੇ ਬਿਲਕੁਲ ਵੀ ਨਹੀਂ ਜਾਣਦੇ। ਉਸ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਆਪਣੇ ਸਾਥੀ ਨਾਗਰਿਕਾਂ ਦੇ ਕਤਲੇਆਮ ਦੀ ਇਸ ਘਟਨਾ ਨੂੰ ਲੈ ਕੇ 35 ਸਾਲ ਤੋਂ ਘੱਟ ਉਮਰ ਦੇ ਪੰਜ ਵਿੱਚੋਂ ਤਿੰਨ (58%) ਨੌਜਵਾਨਾਂ ਨੇ ਤਾਂ ਕਦੇ ਵੀ ਇਸ ਬੰਬ ਧਮਾਕੇ ਬਾਰੇ ਸੁਣਿਆ ਹੀ ਨਹੀਂ ਹੈ।
ਖਾਲਿਸਤਾਨ ਸਮਰਥਕਾਂ ਨੇ ਅੰਜਾਮ ਦਿੱਤਾ ਸੀ ਧਮਾਕਾ
ਖਾਲਿਸਤਾਨੀ ਸਮਰਥਕਾਂ ਦੁਆਰਾ ਅੰਜਾਮ ਦਿੱਤਾ ਗਿਆ ਕਨਿਸ਼ਕ ਬੰਬ ਧਮਾਕਾ 9/11 ਹਮਲੇ ਤੋਂ ਪਹਿਲਾਂ ਤੱਕ ਸਭ ਤੋਂ ਘਾਤਕ ਅੱਤਵਾਦੀ ਹਵਾਈ ਹਮਲਾ ਮੰਨਿਆ ਜਾਂਦਾ ਸੀ। ਇਸ ਅੱਤਵਾਦੀ ਹਮਲੇ ਵਿਚ 280 ਕੈਨੇਡੀਅਨ ਨਾਗਰਿਕਾਂ ਸਮੇਤ 329 ਲੋਕਾਂ ਦੀ ਮੌਤ ਹੋ ਗਈ ਸੀ। ਇਹ ਜਹਾਜ਼ ਜਦੋਂ ਟੋਰਾਂਟੋ ਤੋਂ ਮਾਂਟਰੀਆਲ, ਲੰਡਨ ਦੇ ਰਾਸਤਿਓਂ ਦਿੱਲੀ ਅਤੇ ਮੁੰਬਈ ਜਾ ਰਿਹਾ ਸੀ, ਉਸ ਵੇਲ੍ਹੇ ਇਸ ਨੂੰ ਖਾਲਿਸਤਾਨੀ ਅੱਤਵਾਦੀਆਂ ਨੇ ਬੰਬ ਨਾਲ ਉਡਾ ਦਿੱਤਾ ਸੀ। ਇਸ ਜਹਾਜ਼ ਦੇ ਕੁਝ ਹਿੱਸੇ ਆਇਰਲੈਂਡ ਦੇ ਕੌਰਕ ਖੇਤਰ ਦੇ ਤੱਟ ਉੱਤੇ ਫੈਲ ਗਏ ਸਨ, ਜਦਕਿ ਬਾਕੀ ਉੱਤਰੀ ਸਾਗਰ ਵਿੱਚ ਸਮਾ ਗਏ ਸਨ। ਜਹਾਜ਼ ਵਿਚ ਸਵਾਰ 307 ਯਾਤਰੀ ਅਤੇ ਚਾਲਕ ਦਲ ਦੇ 22 ਮੈਂਬਰ ਸਾਰੇ ਮਾਰੇ ਗਏ ਸਨ। ਇਸ ਅੱਤਵਾਦੀ ਹਮਲੇ ਦੇ ਸ਼ਿਕਾਰ ਲੋਕਾਂ ਦੀ ਯਾਦ ਵਿੱਚ ਲਈ ਇਸ ਦਿਨ ਨੂੰ ‘ਨੈਸ਼ਨਲ ਡੇਅ’ ਵੱਜੋਂ ਮਣਾਇਆ ਜਾਂਦਾ ਹੈ। ਇਸ ਅੱਤਵਾਦੀ ਘਟਨਾ ਦੀ ਬਰਸੀ ਅੱਜ ਯਾਨੀ ਸ਼ੁੱਕਰਵਾਰ ਨੂੰ ਅਜਿਹੇ ਸਮੇਂ ‘ਚ ਆਈ ਹੈ, ਜਦੋਂ ਬੀਤੇ ਐਤਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਇੱਕ ਗੁਰਦੁਆਰੇ ਦੇ ਪ੍ਰਧਾਨ ਅਤੇ ਖਾਲਿਸਤਾਨੀ ਕਾਰਕੁਨ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਕਰ ਦਿੱਤੀ ਗਈ। ਭਾਰਤ ਨੇ ਉਸਨੂੰ ਮੋਸਟ ਵਾਂਟੇਂਡ ਅੱਤਵਾਦੀਆਂ ਦੀ ਸੂਚੀ ਵਿੱਚ ਪਾਇਆ ਹੋਇਆ ਸੀ। ਨਿੱਝਰ ਤੇ ਭਾਰਤ ਵਿੱਚ ਕਈ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦੇ ਇਲਜ਼ਾਮ ਸਨ, ਪਰ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਕੈਨੇਡਾ ਦੀ ਅਦਾਲਤ ਵਿੱਚ ਸਾਬਿਤ ਨਹੀਂ ਕੀਤਾ ਜਾ ਸਕਿਆ। ਫਿਲਹਾਲ ਪੁਲਿਸ ਨਿੱਝਰ ਦੇ ਦੋ ਨਕਾਬਪੋਸ਼ ਕਾਤਲਾਂ ਦੀ ਭਾਲ ਕਰ ਰਹੀ ਹੈ। ਇਸ ਨੂੰ ਲੈਕੇ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਦੇ ਸਾਰਜੈਂਟ ਟਿਮੋਥੀ ਪਿਰੋਟੀ ਦਾ ਕਹਿਣਾ ਹੈ ਕਿ, “ਅਸੀਂ ਸਮਝਦੇ ਹਾਂ ਕਿ ਇਸ ਕਤਲ ਦੇ ਪਿੱਛੇ ਬਾਰੇ ਬਹੁਤ ਸਾਰੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ, ਕੁਝ ਲੋਕ ਇਸ ਪਿੱਛੇ ਭਾਰਤ ਦਾ ਹੱਥ ਵੀ ਦੱਸ ਰਹੇ ਹਨ, ਪਰ ਅਸੀਂ ਇਸ ਨਾਲ ਜੁੜੇ ਤੱਥਾਂ ਨੂੰ ਜਾਣਨ ਅਤੇ ਸਬੂਤਾਂ ਦੀ ਜਾਂਚ ਨੂੰ ਪਹਿਲ ਦੇ ਰਹੇ ਹਾਂ।”ਹਾਦਸੇ ਦੇ ਮਾਸਟਰਮਾਈਂਡ ਲਈ ਕਾਰ ਰੈਲੀ
ਇਸ ਦੌਰਾਨ ਬੰਬ ਧਮਾਕੇ ਦੀ ਸਾਜ਼ਿਸ਼ਕਰਤਾ ਦੇ ਮਾਸਟਰ ਮਾਈਂਡ ਆਗੂ ਤਲਵਿੰਦਰ ਸਿੰਘ ਪਰਮਾਰ ਦੇ ਨਾਂ ‘ਤੇ ਟੋਰਾਂਟੋ ਵਿਖੇ ਸਮਾਰਕ ਤੱਕ ਕਾਰ ਰੈਲੀ ਕੱਢਨ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਨੂੰ ਲੈ ਕੇ ਇਸ ਦੁਖਾਂਤ ਦੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਰੈਲੀ ਦੇ ਪ੍ਰਚਾਰ ਲਈ ਕਈ ਪੋਸਟਰ ਗ੍ਰੇਟਰ ਟੋਰਾਂਟੋ ਏਰੀਆ ਅਤੇ ਜੀਟੀਏ ਦੇ ਬਰੈਂਪਟਨ ਕਸਬੇ ਵਿੱਚ ਇੱਕ ਮੰਦਰ ਦੇ ਨੇੜੇ ਲੱਗੇ ਹੋਏ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਖਾਲਿਸਤਾਨੀ ਅੱਤਵਾਦੀਆਂ ਦੁਆਰਾ ਕੁਝ ਪੋਸਟਰਾਂ ਤੇ , ‘ਕੈਨੇਡੀਅਨ ਇਤਿਹਾਸ ਵਿੱਚ ਸਭ ਤੋਂ ਘਾਤਕ ਅੱਤਵਾਦੀ ਹਮਲੇ’ ਵਿੱਚ ਮਾਰੇ ਗਏ 329′ ਲੋਕਾਂ ਦੀ ਨੂੰ ਮੌਤ ਨੂੰ ਆਪਣੀ ਸ਼ਾਨ ਵੱਜੋਂ ਦਰਸਾਉਂਦੇ ਹੋਏ ਹੋਰ ਕਈ ਪੋਸਟਰ ਵੀ ਇਸ ਸਾਲ ਸਾਹਮਣੇ ਆਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਏਆਰਆਈ ਦੇ ਮੁਤਾਬਕ “38 ਸਾਲਾਂ ਪਹਿਲਾਂ ਹੋਈ ਕੈਨੇਡਾ ਦੇ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਘਾਤਕ ਅੱਤਵਾਦੀ ਘਟਨਾ ਬਾਰੇ ਬਹੁਤ ਘੱਟ ਕੈਨੇਡੀਅਨ ਨਾਗਰਿਕ ਹੀ ਜਾਣਦੇ ਹਨ।”ਕਿਉਂ ਦਿੱਤਾ ਗਿਆ ਇਸ ਹਾਦਸੇ ਨੂੰ ਅੰਜਾਮ?
ਦੱਸਿਆ ਜਾਂਦਾ ਹੈ ਕਿ ਖਾਲਿਸਤਾਨ ਸਮਰਥਕਾਂ ਵੱਲੋਂ ਇਸ ਹਾਦਸੇ ਨੂੰ ਅੰਜਾਮ ਦੇਣ ਪਿੱਛੇ 1984 ਵਿੱਚ ਭਾਰਤ ਸਰਕਾਰ ਵੱਲੋਂ ਚਲਾਏ ਗਏ ਓਪਰੇਸ਼ਨ ਬਲੂ ਸਟਾਰ ਨੂੰ ਮੁੱਖ ਵਜ੍ਹਾ ਮੰਨਿਆ ਜਾਂਦਾ ਹੈ। ਭਾਰਤ ਵਿੱਚ ਖਾਲਿਸਤਾਨ ਨਾਂ ਦੇ ਸਿੱਖ ਸੂਬੇ ਦੀ ਮੰਗ ਕਰ ਰਹੇ ਵੱਖਵਾਦੀ ਗੁਟ ਦੇ ਬੱਬਰ ਖਾਲਸਾ ਦੇ ਮੈਂਬਰ ਮੁੱਖ ਸ਼ੱਕੀਆਂ ਵਿੱਚ ਸ਼ਾਮਲ ਸਨ। ਉਸ ਵੇਲ੍ਹੇ ਬੱਬਰ ਖਾਲਸਾ ਤੇ ਗੈਰ-ਕਾਨੂੰਨੀ ਅੱਤਵਾਦੀ ਸਰਗਰਮੀਆਂ ਕਰਕੇ ਯੂਰਪ ਅਤੇ ਅਮਰੀਕਾ ਵਿੱਚ ਬੈਨ ਕਰ ਦਿੱਤਾ ਗਿਆ ਸੀ। ਜਿਸ ਦੇ ਰੋਸ ਵੱਜੋਂ ਉਨ੍ਹਾਂ ਨੇ 23 ਜੂਨ 1985 ਨੂੰ ਕਨਿਸ਼ਕ ਜਹਾਜ਼ ਵਿੱਚ ਧਮਾਕੇ ਨੂੰ ਅੰਜਾਮ ਦਿੱਤਾ।ਕਿਵੇਂ ਦਿੱਤਾ ਗਿਆ ਹਾਦਸੇ ਨੂੰ ਅੰਜਾਮ?
ਮਾਂਟਰੀਆਲ, ਲੰਡਨ ਤੋਂ ਦਿੱਲੀ ਜਾ ਰਹੇ ਏਅਰ ਇੰਡੀਆ ਦੇ ਕਨਿਸ਼ਕ ਜਹਾਜ ਵਿੱਚ ਉਸ ਵੇਲ੍ਹੇ ਧਮਾਕਾ ਹੋ ਗਿਆ ਜਦੋਂ ਉਹ ਆਈਰਿਸ਼ ਹਵਾਈ ਖੇਤਰ ਤੋਂ ਨਿਕਲ ਰਿਹਾ ਸੀ। ਉਸ ਵੇਲ੍ਹੇ ਜਹਾਜ਼ ਤਕਰੀਬਨ 9400 ਮੀਟਿਰ ਤੇ ਉੱਚਾਈ ਤੇ ਉੱਡ ਰਿਹਾ ਸੀ। ਇਸੇ ਦਿਨ ਇੱਕ ਘੰਟੇ ਦੇ ਅੰਦਰ ਜਾਪਾਨ ਦੀ ਰਾਜਧਾਨੀ ਟੋਕਿਓ ਦੇ ਨਰਿਤਾ ਹਵਾਈ ਅੱਡੇ ਤੇ ਏਅਰ ਇੰਡੀਆ ਦੇ ਇੱਕ ਹੋਰ ਜਹਾਜ਼ ਵਿੱਚ ਵੀ ਧਮਾਕਾ ਕੀਤਾ ਗਿਆ ਸੀ, ਜਿਸ ਵਿੱਚ ਸਮਾਨ ਢੋਹਣ ਵਾਲੇ ਦੋ ਲੋਕਾਂ ਦੀ ਮੌਤ ਹੋ ਗਈ ਸੀ। ਐਨੇ ਵੱਡੇ ਹਾਦਸੇ ਨੂੰ ਅੰਜਾਮ ਦੇਣ ਪਿੱਛੇ ਸਿਰਫ ਇੰਦਰਜੀਤ ਸਿੰਘ ਰੇਆਤ ਨਾਂ ਦੇ ਇੱਕ ਸ਼ਖਸ ਨੂੰ ਹੀ ਮੁਲਜ਼ਮ ਠਹਿਰਾਇਆ ਗਿਆ ਸੀ। ਜਿਸ ਵੇਲ੍ਹੇ ਇਹ ਧਮਾਕਾ ਹੋਇਆ, ਉਹ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਤਕਰੀਬਨ 45 ਮਿੰਟ ਦੀ ਦੂਰੀ ਤੇ ਮੌਜਦੂ ਸੀ। ਇੰਦਰਜੀਤ ਸਿੰਘ ਰੇਆਤ ਨੇ ਟੋਕੀਓ ਕਾਂਡ ਵਿਚ ਸੂਟਕੇਸ ਵਿਚ ਬੰਬ ਰੱਖਣ ਦੀ ਗੱਲ ਵੀ ਕਬੂਲੀ ਸੀ, ਜਿਸ ਤੋਂ ਬਾਅਦ 1991 ਵਿਚ ਉਸ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਬਾਅਦ ਉਸ ਨੂੰ ਫਿਰ 5 ਸਾਲ ਦੀ ਵਾਧੂ ਸਜ਼ਾ ਦਿੱਤੀ ਗਈ। ਇਹ ਸਜ਼ਾ ਕਨਿਸ਼ਕ ਜਹਾਜ਼ ‘ਚ ਲਗਾਏ ਗਏ ਬੰਬ ਨੂੰ ਬਣਾਉਣ ‘ਚ ਭੂਮਿਕਾ ਨਿਭਾਉਣ ‘ਤੇ ਦਿੱਤੀ ਗਈ ਸੀ। ਉਹ 2008 ਵਿੱਚ ਜੇਲ੍ਹ ਤੋਂ ਰਿਹਾਅ ਹੋ ਗਿਆ ਸੀ।ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ


