ਆਪ ਵਿਧਾਇਕ ਦਾ ਕਰੀਬੀ ਚਾਰ ਲੱਖ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ!
ਬਠਿੰਡਾ ਦਿਹਾਤੀ ਆਪ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਕਰੀਬੀ ਨੂੰ ਵਿਜੀਲੈਂਸ ਨੇ ਚਾਰ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਨੇ ਕੋਰਟ ਤੋਂ ਮੁਲਜਮ ਦੀ ਦੋ ਦਿਨ ਦੀ ਰਿਮਾਂਡ ਹਾਸਿਲ ਕੀਤੀ ਹੈ। ਉੱਧਰ ਵਿਧਾਇਕ ਨੇ ਮੁਲਜਮ ਨੂੰ ਆਪਣਾ ਪੀਏ ਮੰਣਨ ਤੋਂ ਇਨਕਾਰ ਕਰ ਦਿੱਤਾ ਹੈ।
ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਕਰੀਬੀ ਅਤੇ ਪੀਏ ਦੱਸਣ ਵਾਲੇ ਰਿਸ਼ਮ ਨਾਂ ਦੇ ਸ਼ਖਸ ਨੂੰ ਵਿਜੀਲੈਂਸ ਬਿਊਰੋ ਦੀ ਬਠਿੰਡਾ ਟੀਮ ਨੇ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਵਿਧਾਇਕ ਦਾ ਕਹਿਣਾ ਹੈ ਕਿ ਰਿਸ਼ਮ ਉਨ੍ਹਾਂ ਦਾ ਪੀਏ ਨਹੀਂ ਹੈ।
ਦੋ ਦਿਨਾਂ ਦੇ ਰਿਮਾਂਡ ‘ਤੇ ਮੁਲਜਮ
ਰਿਸ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਟੀਮ ਵੱਲੋਂ ਉਸ ਨੂੰ ਵਿਧਾਇਕ ਦੇ ਸਾਹਮਣੇ ਬਿਠਾ ਕੇ ਤਕਰੀਬਨ ਢਾਈ ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਤੋਂ ਬਾਅਦ ਮੁਲਜਮ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ। ਪੇਸ਼ੀ ਦੌਰਾਨ ਵਿਜੀਲੈਂਸ ਨੇ ਕੋਰਟ ਤੋਂ 7 ਦਿਨਾਂ ਦਾ ਰਿਮਾਂਡ ਮੰਗਿਆ ਪਰ ਕੋਰਟ ਨੇ ਉਸਨੂੰ ਦੋ ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ। ਹੁਣ ਵਿਜੀਲੈਂਸ ਉਸਨੂੰ 20 ਫਰਵਰੀ ਨੂੰ ਮੁੱੜ ਤੋਂ ਕੋਰਟ ਚ ਪੇਸ਼ ਕਰੇਗੀ।
ਰੰਗੇ ਹੱਥੀ ਗ੍ਰਿਫਤਾਰ ਮੁਲਜਮ
ਸ਼ਿਕਾਇਤਕਰਤਾ ਪ੍ਰਿਤਪਾਲ ਸਿੰਘ ਕਾਕਾ ਨੇ ਦੱਸਿਆ ਕਿ ਮੁਲਜਮ ਰਿਸ਼ਮ ਨੇ ਪਿੰਡ ਘੁੱਦਾ ਲਈ ਆਈ 25 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਵਾਉਣ ਲਈ ਸਰਪੰਚ ਤੋਂ ਪੰਜ ਲੱਖ ਰੁਪਏ ਰਿਸ਼ਵਤ ਮੰਗੀ ਸੀ। ਪਰ ਗੱਲਬਾਤ ਤੋਂ ਬਾਅਦ 4 ਲੱਖ ਰੁਪਏ ਵਿੱਚ ਡੀਲ ਫਾਈਨਲ ਹੋਈ। ਪ੍ਰਿਤਪਾਲ ਸਿੰਘ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਕਰ ਦਿੱਤੀ। ਜਿਸ ਤੋਂ ਬਾਅਦ ਵਿਭਾਗ ਨੇ ਜਾਲ ਵਿਛਾ ਕੇ ਮੁਲਜਮ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ।
ਵਿਧਾਇਕ ਦਾ ਮੁਲਜਮ ਨੂੰ ਪੀਏ ਮੰਣਨ ਤੋਂ ਇਨਕਾਰ
ਉੱਧਰ ਵਿਧਾਇਕ ਅਮਿਤ ਰਤਨ ਨੇ ਕਿਹਾ ਕਿ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਉਨ੍ਹਾਂ ਦਾ ਪੀਏ ਨਹੀਂ ਹੈ। ਸਿਆਸੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਚੱਲ ਰਹੀ ਹੈ। ਮੁਲਜਮ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ।
ਭਾਜਪਾ ਵਰਕਰਾਂ ਨੇ ਜਤਾਇਆ ਰੋਸ
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਵਰਕਰ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ‘ਚ ਸਰਕਟ ਹਾਊਸ ਦੇ ਬਾਹਰ ਇਕੱਠੇ ਹੋ ਗਏ। ਉਨ੍ਹਾਂ ‘ਆਪ’ ਹਮਾਇਤੀਆਂ ‘ਤੇ ਗੁੰਡਾਗਰਦੀ ਦੇ ਦੋਸ਼ ਲਾਉਂਦਿਆਂ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਨਾਲ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ ਤੇ ਸਥਿਤੀ ਹਥੋਪਾਈ ਤੱਕ ਪਹੁੰਚ ਗਈ।ਸਥਿਤੀ ਵਿਗੜਦੀ ਦੇਖ ਕੇ ਪੁਲਿਸ ਦਸਤੇ ਨੂੰ ਮੌਕੇ ‘ਤੇ ਬੁਲਾਇਆ ਗਿਆ। ਪੁਲਿਸ ਨੇ ਕਾਫੀ ਮਸ਼ਕੱਤ ਤੋਂ ਬਾਅਦ ਹਾਲਾਤ ਤੇ ਕਾਬੂ ਪਾਇਆ।