ਜਲੰਧਰ ‘ਚ ਜਆਲੀ ਸਰਟੀਫਿਕੇਟ ਬਣਾਉਣ ਵਾਲੇ ਕਾਬੂ, CBSE-PSEB ਦੇ ਸਰਟੀਫਿਕੇਟ ਕਰਦੇ ਸੀ ਤਿਆਰ

Published: 

19 Jan 2024 16:41 PM

ਜਲੰਧਰ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਵੱਡੀ ਕਾਮਯਾਬੀ ਮਿਲੀ ਹੈ। ਦਰਅਸਲ ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦਿਆਂ ਸਪੈਸ਼ਲ ਸੈੱਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੇ ਜਆਲੀ ਸਰਟੀਫਿਕੇਟ ਬਣਾਉਣ ਵਾਲਿਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ ਕਰੀਬ 600 ਸਰਟੀਫਿਕੇਟ ਵੀ ਬਰਾਮਦ ਕੀਤੇ ਹਨ। ਪੁਲਿਸ ਨੂੰ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

ਜਲੰਧਰ ਚ ਜਆਲੀ ਸਰਟੀਫਿਕੇਟ ਬਣਾਉਣ ਵਾਲੇ ਕਾਬੂ, CBSE-PSEB ਦੇ ਸਰਟੀਫਿਕੇਟ ਕਰਦੇ ਸੀ ਤਿਆਰ

ਜਲੰਧਰ ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ

Follow Us On

ਜਲੰਧਰ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ‘ਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਸਕੂਲ ਦੇ ਪ੍ਰਿੰਸੀਪਲ ਅਨੁਰਾਗ ਡਾਬਰ ਪੁੱਤਰ ਰਾਮ ਪ੍ਰਕਾਸ਼ ਅਤੇ ਰਾਘਵ ਚੱਢਾ ਪੁੱਤਰ ਨਰੇਸ਼ ਵਜੋਂ ਹੋਈ ਹੈ।

ਪੁਲਿਸ ਛੇਤੀ ਹੀ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈਣ ਦੀ ਕੋਸ਼ਿਸ ਕਰੇਗੀ ਜਿਸ ਤੋਂ ਬਾਅਦ ਪੁੱਛਗਿੱਛ ਰਾਹੀਂ ਪੁਲਿਸ ਨੂੰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਫਿਲਹਾਲ ਜਲੰਧਰ ਸਿਟੀ ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 8 ਵਿੱਚ ਆਈਪੀਸੀ ਦੀ ਧਾਰਾ 465, 467, 468, 471, 420 ਅਤੇ 66ਡੀ (ਆਈ.ਟੀ.) ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਇੰਝ ਕੀਤੇ ਗ੍ਰਿਫ਼ਤਾਰ

ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ ਵਿੱਚ ਇੱਕ ਗਰੋਹ ਸਰਗਰਮ ਹੈ ਜੋ ਕਿ ਸੀਬੀਐਸਈ ਅਤੇ ਓਪਨ ਸਕੂਲ ਦੇ ਜਾਅਲੀ ਸਰਟੀਫਿਕੇਟ ਬਣਾਉਣ ਦਾ ਧੰਦਾ ਕਰਦਾ ਹੈ। ਸੂਚਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਪੁਲੀਸ ਨੇ ਛਾਪਾ ਮਾਰ ਕੇ ਪਹਿਲੇ ਮੁਲਜ਼ਮ ਪ੍ਰਿੰਸੀਪਲ ਅਨੁਰਾਗ ਡਾਬਰ ਨੂੰ ਗ੍ਰਿਫ਼ਤਾਰ ਕਰ ਲਿਆ। ਜਿਸ ਤੋਂ ਬਾਅਦ ਉਸ ਦੇ ਸਾਥੀ ਰਾਘਵ ਚੱਢਾ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਪੰਜਾਬ ਬੋਰਡ ਤੇ CBSC ਦੇ ਬਣਾਉਂਦੇ ਸੀ ਸਰਟੀਫਿਕੇਟ

ਪੁਲਿਸ ਅਨੁਸਾਰ ਉਪਰੋਕਤ ਦੋਵੇਂ ਮੁਲਜ਼ਮ ਪਿਛਲੇ ਕਾਫੀ ਸਮੇਂ ਤੋਂ ਜ਼ਿਲ੍ਹੇ ਵਿੱਚ ਸਰਗਰਮ ਸਨ। ਮੁਲਜ਼ਮਾਂ ਤੋਂ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਮੁਲਜ਼ਮਾਂ ਕੋਲ ਪੰਜਾਬ ਭਰ ਤੋਂ ਲੋਕ ਸਰਟੀਫਿਕੇਟ ਬਣਵਾਉਣ ਲਈ ਆਉਂਦੇ ਸਨ। ਪੁਲਿਸ ਮੁਲਜ਼ਮਾਂ ਦੇ ਪੂਰੇ ਘੇਰੇ ਦੀ ਜਾਂਚ ਕਰ ਰਹੀ ਹੈ।

600 ਦੇ ਕਰੀਬ ਸਰਟੀਫਿਕੇਟ ਬਰਾਮਦ

ਸਪੈਸ਼ਲ ਸੈੱਲ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨਾਜਾਇਜ਼ ਤੌਰ ਤੇ ਸਰਟੀਫਿਕੇਟ ਬਣਾ ਕੇ ਵੇਚਦੇ ਸਨ। ਮੁਲਜ਼ਮ ਲੋਕਾਂ ਤੋਂ ਉਨ੍ਹਾਂ ਦਾ ਨਾਂ, ਪਤਾ ਅਤੇ ਨੰਬਰ ਪੁੱਛ ਕੇ ਹੀ ਸਰਟੀਫਿਕੇਟ ਤਿਆਰ ਕਰਦੇ ਸਨ। ਪੁਲੀਸ ਨੇ ਮੁਲਜ਼ਮਾਂ ਕੋਲੋਂ ਇੱਕ ਪ੍ਰਿੰਟਰ ਸਮੇਤ ਕੰਪਿਊਟਰ ਸੈੱਟ ਅਤੇ 600 ਦੇ ਕਰੀਬ ਜਾਅਲੀ ਸਰਟੀਫਿਕੇਟ ਬਰਾਮਦ ਕੀਤੇ ਹਨ।