ਕਲਯੁੱਗ… ਧੀ ਨੇ ਆਪਣੀ ਮਾਂ ਦੇ ਸਸਕਾਰ ਤੋਂ ਕੀਤਾ ਇਨਕਾਰ, ਫਿਰ ਪੁੱਤਾਂ ਨੇ ਵੀ ਘਰ ਅੱਗੇ ਰੱਖੀ ਲਾਸ਼
ਜਲੰਧਰ ਤੋਂ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਧੀ ਨੇ ਮਾਂ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਬਜ਼ੁਰਗ ਔਰਤ ਦੇ ਪੁੱਤ ਵੀ ਲਾਸ਼ ਨੂੰ ਲੈਕੇ ਬੈਠ ਗਏ ਹਨ ਅਤੇ ਔਰਤ ਦੀ ਲੜਕੀ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ। ਇਹ ਖ਼ਬਰ ਕਿਸੇ ਇੱਕ ਔਰਤ ਦੀ ਨਾ ਹੋਕੇ ਸਾਰੇ ਸਮਾਜ ਦੀ ਤਸਵੀਰ ਸਾਡੇ ਸਾਹਮਣੇ ਪੇਸ਼ ਕਰਦੀ ਹੈ ਜਿੱਥੇ ਸਾਨੂੰ ਇਹ ਸੋਚਣਾ ਤੇ ਵਿਚਾਰਨਾ ਪਵੇਗਾ ਕਿ ਅਸੀਂ ਕਿਸ ਰਾਹ ਤੇ ਪੈ ਗਏ ਹਾਂ।
ਅਕਸਰ ਹੀ ਤੁਸੀਂ ਅਜਿਹਾ ਸੁਣਿਆ ਹੋਵੇਗਾ ਕਿ ਪੁੱਤ ਕਪੁੱਤ ਹੋ ਜਾਂਦੇ ਹਨ ਪਰ ਜੇ ਧੀਆਂ ਵੀ ਉਸੇ ਰਾਹ ਤੇ ਤੁਰ ਪੈਣ ਤਾਂ ਕੀ ਹੀ ਕਿਹਾ ਜਾ ਸਕਦਾ ਹੈ। ਜਲੰਧਰ ਦੇ ਬਸਤੀ ਸ਼ੇਖ ਵਿੱਚੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਧੀ ਹੀ ਕਹਿ ਰਹੀ ਹੈ ਕਿ ਉਸਦੀ ਮਾਂ ਦੀ ਮ੍ਰਿਤਕ ਦੇਹ ਨੂੰ ਉਸਦੇ ਘਰ ਨਾ ਲਿਆਂਦਾ ਜਾਵੇ।
ਦਰਅਸਲ ਮਾਮਲਾ ਇਹ ਹੈ ਕਿ ਰਕਸ਼ਾ ਦੇਵੀ ਨਾਂਅ ਦੀ ਇੱਕ ਬਜ਼ੁਰਗ ਔਰਤ ਜਲੰਧਰ ਦੇ ਬਸਤੀ ਸ਼ੇਖ ਮੁਹੱਲੇ ਵਿੱਚ ਰਿਹਾ ਕਰਦੀ ਸੀ। ਇਸ ਔਰਤ ਦੇ ਘਰ 3 ਬੱਚੇ ਸਨ। ਜਿਨ੍ਹਾਂ ਵਿੱਚੋਂ 2 ਮੁੰਡੇ ਸਨ ਤੇ ਇੱਕ ਲੜਕੀ। ਮਹਿਲਾ ਦੇ ਦੋਵੇਂ ਪੁੱਤ ਲੁਧਿਆਣਾ ਵਿਖੇ ਰਹਿੰਦੇ ਸਨ ਅਤੇ ਲੜਕੀ ਔਰਤ ਨਾਲ ਜਲੰਧਰ ਵਿੱਚ। ਇਸ ਬਜ਼ੁਰਗ ਮਹਿਲਾ ਦੀ ਮੌਤ ਬਾਅਦ ਸਸਕਾਰ ਦੇ ਲਈ ਹੁਣ ਪੁੱਤ ਤੇ ਧੀ ਆਹਮੋ ਸਾਹਮਣੇ ਹਨ ਅਤੇ ਇੱਕ ਦੂਜੇ ਉੱਪਰ ਇਲਜ਼ਾਮ ਲਗਾ ਰਹੇ ਹਨ।
ਬਿਮਾਰ ਸੀ ਬਜ਼ੁਰਗ ਔਰਤ
ਪਿਛਲੇ ਕੁੱਝ ਦਿਨਾਂ ਬਜ਼ੁਰਗ ਔਰਤ ਬਿਮਾਰ ਚੱਲ ਰਹੀ ਸੀ। ਮਹਿਲਾ ਦੀ ਧੀ ਤੇ ਇਲਜ਼ਾਮ ਹੈ ਉਸ ਨੇ ਮਹਿਲਾ ਨੂੰ ਨਾ ਤਾਂ ਕੋਈ ਦਵਾਈ ਦਿੱਤੀ ਨਾ ਕੋਈ ਹੋਰ ਇਲਾਜ਼ ਕਰਵਾਇਆ। ਜਦੋਂ ਔਰਤ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ ਤਾਂ ਲੁਧਿਆਣਾ ਵਿੱਚ ਰਹਿ ਰਹੇ ਲੜਕਿਆਂ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਔਰਤ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਜਿੱਥੇ ਉਸਦੀ ਮੌਤ ਹੋ ਗਈ।
ਘਰ ਵਿੱਚ ਕੋਈ ਹਿੱਸਾ ਨਹੀਂ-ਲੜਕੀ
ਮੌਤ ਤੋਂ ਬਾਅਦ ਲੜਕੇ ਔਰਤ ਦੀ ਮ੍ਰਿਤਕ ਦੇਹ ਨੂੰ ਜਲੰਧਰ ਲੈਕੇ ਆਏ ਪਰ ਲੜਕੀ ਵੱਲੋਂ ਘਰ ਨੂੰ ਜਿੰਦਰਾ ਮਾਰ ਦਿੱਤਾ ਗਿਆ। ਲੜਕੀ ਦਾ ਕਹਿਣਾ ਹੈ ਕਿ ਇਸ ਘਰ ਵਿੱਚ ਮ੍ਰਿਤਕ ਮਹਿਲਾ ਦਾ ਕੋਈ ਹੱਕ ਨਹੀਂ ਹੈ। ਨਾ ਹੀ ਔਰਤ ਦੀ ਲਾਸ਼ ਨੂੰ ਘਰ ਅੰਦਰ ਲਿਆਂਦਾ ਜਾਵੇਗਾ। ਜਿਸ ਤੋਂ ਬਾਅਦ ਔਰਤ ਦੇ ਪੁੱਤਾਂ ਵੱਲੋਂ ਮਹਿਲਾਂ ਦੀ ਮ੍ਰਿਤਕ ਦੇਹ ਨੂੰ ਘਰ ਦੇ ਬਾਹਰ ਹੀ ਰੱਖ ਦਿੱਤਾ ਗਿਆ।
ਪੁਲਿਸ ਤੱਕ ਪਹੁੰਚਿਆ ਮਾਮਲਾ
ਮਹਿਲਾ ਦੀ ਲੜਕੀ ਵੱਲੋਂ ਕੀਤੇ ਗਏ ਵਿਵਹਾਰ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ। ਉੱਧਰ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਕੋਈ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ।