ਸ਼ੱਕੀ ਹਾਲਤ ‘ਚ ਆਟੋ ਚਾਲਕ ਦੀ ਲਾਸ਼, ਰਾਹਗੀਰਾਂ ਨੇ ਪੁਲਸ ਨੂੰ ਦਿੱਤੀ ਜਾਣਕਾਰੀ
Auto Driver Death: ਪੰਜਾਬ ਵਿੱਚੋਂ ਨਸ਼ੇ ਦੀਆਂ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਹੁਣ ਖ਼ਬਰ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਆਟੋ ਚਾਲਕ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਪੁਲਿਸ ਨੇ ਆਟੋ ਚਾਲਕ ਕੋਲੋਂ ਕੁੱਝ ਟੀਕੇ ਵੀ ਬਰਾਮਦ ਕੀਤੇ ਹਨ। ਅਤੇ ਦੂਜੇ ਪਾਸੇ ਪੁਲਿਸ ਪਾਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ
ਅਕਸਰ ਹੀ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨਾਂ ਦੀ ਮੌਤ ਦੀਆਂ ਖ਼ਬਰਾਂ ਆਉਂਦੀਆਂ ਹਨ ਅਤੇ ਪ੍ਰਸ਼ਾਸਨ ਅਤੇ ਸਮਾਜਸੇਵੀ ਲੋਕ ਇਹਨਾਂ ਘਟਨਾਵਾਂ ਤੇ ਚਿੰਤਾ ਜ਼ਾਹਿਰ ਕਰਕੇ ਬੈਠ ਜਾਂਦੇ ਹਨ ਪਰ ਇਹ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜਲੰਧਰ ਦੇ ਟਾਂਡਾ ਫਾਟਕ ਕੋਲ ਇੱਕ ਆਟੋ ਦੇ ਅੰਦਰੋਂ ਇੱਕ ਵਿਅਕਤੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਖ਼ਦਸਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਆਟੋ ਚਾਲਕ ਨੇ ਨਸ਼ਾ ਦੀ ਓਵਰਡੋਜ਼ ਕੀਤੀ ਹੋਈ ਸੀ, ਜਿਸ ਕਾਰਨ ਉਸ ਨੂੰ ਅਟੈਕ ਆ ਗਿਆ ਅਤੇ ਉਸ ਦੀ ਮੌਤ ਹੋ ਗਈ।
ਜਿਸ ਤੋਂ ਬਾਅਦ ਸੜਕ ਉੱਪਰੋਂ ਲੰਘ ਰਹੇ ਰਾਹਗੀਰਾਂ ਨੇ ਲਾਸ਼ ਮਿਲਣ ਦੀ ਸੂਚਨਾ ਜਲੰਧਰ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਆਟੋ ਚਾਲਕ ਦੀ ਮੌਤ ਦੇ ਕਾਰਨਾਂ ਦਾ ਪਤਾ ਪਾਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਪਰ ਸਵਾਲ ਇਹ ਕਿ ਜੇਕਰ ਸਮੇਂ ਸਿਰ ਇਸ ਨੂੰ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਤਾਂ ਕਿ ਇਸ ਦੀ ਜਾਂਚ ਬਚਾਈ ਜਾ ਸਕਦੀ ਹੈ।
ਆਟੋ ਨੇੜਿਓਂ ਮਿਲੇ ਟੀਕੇ
ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੂੰ ਆਟੋ ਚਾਲਕ ਕੋਲੋਂ ਟੀਕੇ ਅਤੇ ਸਰਿੰਜਾਂ ਵੀ ਬਰਾਮਦ ਹੋਈਆਂ ਹਨ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਨੇ ਕਿਆਸਰਾਈਆਂ ਲਗਾਈਆਂ ਕਿ ਹੋ ਸਕਦਾ ਹੈ ਕਿ ਇਹ ਇਸਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਹੋਵੇ। ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਉਹ ਕੋਈ ਸਪੱਸ਼ਟ ਗੱਲ ਕਹਿ ਸਕਣਗੇ।
ਪੁਲਿਸ ਵਾਲੇ ਆਉਂਦੇ ਜਾਂਦੇ ਰਹੇ- ਸਥਾਨਕ ਲੋਕ
ਸਥਾਨਕ ਲੋਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਇਲਜ਼ਾਮ ਲਗਾਇਆ ਕਿ ਜਿਸ ਵੇਲੇ ਉਹ ਐਥੇ ਪਹੁੰਚੇ ਤਾਂ ਉਸ ਵੇਲੇ ਵੀ ਕਈ ਪੁਲਿਸ ਮੁਲਾਜ਼ਮ ਐਥੇ ਰੁਕ ਕੇ ਅੱਗੇ ਲੰਘ ਗਏ। ਉਹਨਾਂ ਵਿੱਚੋਂ ਕਿਸੇ ਨੇ ਵੀ ਆਟੋ ਚਾਲਕ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜੇਕਰ ਸਮੇਂ ਸਿਰ ਇਸ ਵਿਅਕਤੀ ਨੂੰ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਤਾਂ ਹੋ ਸਕਦਾ ਸੀ ਕਿ ਇਸ ਵਿਅਕਤੀ ਦੀ ਜਾਨ ਬਚ ਜਾਂਦੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।