ਖੁਲਾਸਾ: ਪਹਿਲਾਂ ਕੀਤਾ 4 ਸਾਲਾਂ ਬੱਚੀ ਦਾ ਕਤਲ, ਫਿਰ ਕੀਤਾ ਰੇਪ… ਮੁਲਜ਼ਮ ਭੱਜ ਗਿਆ ਸੀ ਯੂਪੀ
Ludhiana girl rape and murder case: ਪਿਛਲੇ ਦਿਨੀਂ ਲੁਧਿਆਣਾ ਵਿੱਚ ਹੋਏ 4 ਸਾਲਾਂ ਬੱਚੀ ਨਾਲ ਜਬਰ ਜਨਾਹ ਅਤੇ ਕਤਲ ਦੇ ਮਾਮਲੇ ਨੂੰ ਲੁਧਿਆਣਾ ਪੁਲਿਸ ਨੇ ਸੁਲਝਾਉਂਦਿਆਂ ਵੱਡਾ ਖੁਲਾਸਾ ਕੀਤਾ ਹੈ। ਮੁਲਜ਼ਮ ਯੂਪੀ ਦਾ ਰਹਿਣ ਵਾਲਾ ਹੈ ਜਿਸ ਨੇ ਨਸ਼ੇ ਦੀ ਹਾਲਤ ਵਿੱਚ ਬੱਚੀ ਨੂੰ ਫੜ੍ਹਕੇ ਉਸ ਨਾਲ ਇਹ ਘਿਨੌਣੀ ਵਾਰਦਾਤ ਕੀਤੀ ਸੀ। ਪੁਲਿਸ ਦੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕੁੱਝ ਅਜਿਹੇ ਖੁਲਾਸੇ ਕੀਤੇ ਹਨ ਜਿਨ੍ਹਾਂ ਨੇ ਸਾਰਿਆਂ ਨੂੰ ਹੈਰਾਨ ਤੇ ਪ੍ਰੇਸ਼ਾਨ ਕਰ ਦਿੱਤਾ ਹੈ।
ਲੁਧਿਆਣਾ ਵਿੱਚ ਪਿਛਲੇ ਦਿਨੀਂ ਹੋਏ 4 ਸਾਲਾਂ ਬੱਚੀ ਦੇ ਕਤਲ ਮਾਮਲੇ ਨੂੰ ਹੁਣ ਪੰਜਾਬ ਪੁਲਿਸ ਨੇ ਸੁਲਝਾ ਲਿਆ ਹੈ। ਮੁਲਜ਼ਮ ਸੋਨੂੰ ਜੋਕਿ ਉੱਤਰ ਪ੍ਰਦੇਸ਼ (UP) ਦੇ ਫਤਿਹਪੁਰ ਦਾ ਰਹਿਣ ਵਾਲਾ ਹੈ। ਉਸਨੇ ਪੁਲਿਸ ਦੀ ਹਿਰਾਸਤ ਵਿੱਚ ਮੁਲਜ਼ਮ ਨੇ ਕਈ ਖੁਲਾਸੇ ਕੀਤੇ ਹਨ ਜਿਸ ਨੂੰ ਸੁਣਕੇ ਹੁਣ ਹਰ ਕੋਈ ਹੈਰਾਨ ਹੈ। ਦਰਅਸਲ ਮੁਲਜ਼ਮ ਨੇ ਦੱਸਿਆ ਕਿ ਉਸਨੇ ਪਹਿਲਾਂ 4 ਸਾਲਾਂ ਬੱਚੀ ਨੂੰ ਪਹਿਲਾਂ ਗਲਾ ਘੁੱਟਕੇ ਮਾਰ ਦਿੱਤਾ ਸੀ ਜਿਸ ਤੋਂ ਬਾਅਦ ਉਸਨੇ ਬੱਚੀ ਦੀ ਲਾਸ਼ ਨਾਲ ਜਬਰ ਜਨਾਹ ਕੀਤਾ ਅਤੇ ਉਹ ਬੱਚੀ ਦੀ ਲਾਸ਼ ਨੂੰ ਲੈਕੇ ਘੁੰਮਦਾ ਰਿਹਾ ਸੀ।
ਮੁਲਜ਼ਮ ਨੇ ਖੁਲਾਸਾ ਕੀਤਾ ਹੈ ਕਿ ਉਹ ਵਾਰਦਾਤ ਤੋਂ ਤਿੰਨ ਦਿਨ ਪਹਿਲਾਂ ਆਪਣੇ ਚਚੇਰੇ ਭਰਾ ਨੂੰ ਮਿਲਣ ਲੁਧਿਆਣਾ ਆਇਆ ਸੀ। ਵਾਰਦਾਤ ਵਾਲੇ ਦਿਨ ਉਸ ਨੇ ਸ਼ਰਾਬ ਪੀ ਰੱਖੀ ਸੀ ਅਤੇ ਸ਼ਰਾਬ ਦੇ ਨਸ਼ੇ ਵਿੱਚ ਹੀ ਉਸਨੇ ਉਸ 4 ਸਾਲਾਂ ਬੱਚੀ ਨੂੰ ਫੜ੍ਹ ਲਿਆ ਸੀ। ਜਦੋਂ ਲੜਕੀ ਨੇ ਰੌਲਾ ਪਾਇਆ ਤਾਂ ਮੁਲਜ਼ਮ ਨੇ ਪਹਿਲਾਂ ਤਾਂ ਉਸ ਨੂੰ ਕੁੱਟਿਆ ਅਤੇ ਫਿਰ ਬੈੱਡ ਬਾਕਸ ਵਿੱਚ ਲੁਕਾ ਦਿੱਤਾ। ਇਹ ਸਾਰੀ ਘਟਨਾ ਦਾ ਖੁਲਾਸਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਰਾਹੀਂ ਸਾਹਮਣੇ ਆਇਆ।
ਪਹਿਲਾ ਕੀਤਾ ਕਤਲ, ਫਿਰ ਜਬਰ- ਜਨਾਹ
ਦਰਅਸਲ ਪਹਿਲਾਂ ਅਜਿਹਾ ਮੰਨਿਆ ਜਾ ਰਿਹਾ ਸੀ ਕਿ ਦੋਸ਼ੀ ਨੇ ਲੜਕੀ ਨਾਲ ਬਲਾਤਕਾਰ ਕੀਤਾ ਹੋਵੇਗਾ ਅਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਹੋਵੇਗਾ ਪਰ ਦੋਸ਼ੀ ਨੇ ਪੁਲਸ ਕੋਲ ਆਪਣਾ ਗੁਨਾਹ ਕਬੂਲ ਕਰਦਿਆਂ ਕਿਹਾ ਹੈ ਕਿ ਉਸ ਨੇ ਪਹਿਲਾਂ ਲੜਕੀ ਦਾ ਗਲਾ ਘੁੱਟ ਕੇ ਕਤਲ ਕੀਤਾ ਸੀ ਅਤੇ ਫਿਰ ਉਹ ਕਰੀਬ 10 ਮਿੰਟ ਤੱਕ ਲਾਸ਼ ਦੇ ਨਾਲ ਘੁੰਮਦਾ ਰਿਹਾ ਅਤੇ ਉਸ ਨਾਲ ਬਲਾਤਕਾਰ ਕਰਦਾ ਰਿਹਾ ਸੀ।
ਕਤਲ ਤੋਂ ਬਾਅਦ ਰੇਲਵੇ ਸਟੇਸ਼ਨ ਗਿਆ ਮੁਲਜ਼ਮ
ਪੁਲਿਸ ਦੀ ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਸੋਨੂੰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਰੇਲਵੇ ਸਟੇਸ਼ਨ ‘ਤੇ ਗਿਆ ਸੀ। ਜਿੱਥੇ ਉਸ ਕੋਲ ਪੈਸੇ ਨਾ ਹੋਣ ਕਰਕੇ ਉਸਨੇ ਆਪਣਾ ਮੋਬਾਈਲ ਫ਼ੋਨ ਇੱਕ ਰਾਹਗੀਰ ਨੂੰ ਵੇਚ ਦਿੱਤਾ ਸੀ ਅਤੇ ਉਸ ਤੋਂ 250 ਰੁਪਏ ਲੈ ਕੇ ਰੇਲ ਗੱਡੀ ਰਾਹੀਂ ਅੰਬਾਲਾ ਪਹੁੰਚ ਗਿਆ ਜਿੱਥੇ ਉਹ ਕਈ ਦਿਨਾਂ ਤੱਕ ਘੁੰਮਦਾ ਰਿਹਾ ਅਤੇ ਖਾਣ-ਪੀਣ ਲਈ ਭੀਖ ਮੰਗਦਾ ਰਿਹਾ। ਇਸ ਤੋਂ ਬਾਅਦ ਉਹ ਹਰਿਦੁਆਰ ਅਤੇ ਫਿਰ ਦਿੱਲੀ ਗਿਆ। ਜਿੱਥੋਂ ਉਹ ਅੱਗੇ ਫਤਿਹਪੁਰ ਪਹੁੰਚਿਆ। ਪਰ ਉੱਥੇ ਜਾਕੇ ਵੀ ਉਹ ਆਪਣੇ ਘਰ ਨਹੀਂ ਗਿਆ ਸਗੋਂ ਇਧਰ ਉਧਰ ਭਟਕਦਾ ਰਿਹਾ।
ਨੇਪਾਲ ਭੱਜਣ ਦੀ ਤਿਆਰੀ ਚ ਸੀ ਮੁਲਜ਼ਮ
ਮੁਲਜ਼ਮ ਸੋਨੂੰ ਨੂੰ ਡਰ ਸੀ ਕਿ ਕਿਤੇ ਪੁਲੀਸ ਉਸ ਦੇ ਘਰ ਆ ਜਾਵੇ, ਇਸ ਲਈ ਉਹ ਗ੍ਰਿਫ਼ਤਾਰੀ ਤੋਂ ਬਚਣ ਲਈ ਇਧਰ-ਉਧਰ ਭਟਕਦਾ ਰਿਹਾ। ਉਹ ਫਤਿਹਪੁਰ ਦੇ ਰਸਤੇ ਨੇਪਾਲ ਭੱਜਣ ਦੀ ਯੋਜਨਾ ਬਣਾ ਰਿਹਾ ਸੀ। ਮੁਲਜ਼ਮ ਦੀ ਭਾਲ ਵਿੱਚ ਪਹਿਲਾਂ ਹੀ ਪੰਜਾਬ ਪੁਲਿਸ ਦੀ ਟੀਮ ਫਤਿਹਪੁਰ ਗਈ ਹੋਈ ਸੀ ਜਦੋਂ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਉਥੇ ਹੀ ਹੈ ਤਾਂ ਪੰਜਾਬ ਪੁਲਿਸ ਨੇ ਸਥਾਨਕ ਪੁਲੀਸ ਦੀ ਮਦਦ ਨਾਲ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਲੁਧਿਆਣਾ ਲਿਆਂਦਾ ਗਿਆ।
ਇਹ ਵੀ ਪੜ੍ਹੋ
ਰਿਸ਼ਤੇਦਾਰਾਂ ਦੇ ਘਰੋਂ ਆਇਆ ਕਾਬੂ
ਪੰਜਾਬ ਪੁਲਿਸ ਮੁਲਜ਼ਮ ਨੂੰ ਫੜ੍ਹਣ ਲਈ ਪਹਿਲਾਂ ਹੀ ਵੱਖ ਵੱਖ ਟੀਮਾਂ ਬਣਾਂਕੇ ਅਭਿਆਨ ਚਲਾ ਰਹੀ ਸੀ। ਜਿਵੇਂ ਹੀ ਪੁਲਿਸ ਨੂੰ ਇਹ ਪਤਾ ਲੱਗਿਆ ਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਲੁਕਿਆ ਹੋਇਆ ਹੈ ਤਾਂ ਪੁਲਿਸ ਨੇ ਕਲਿਆਣਪੁਰ ਜਨਪਥ ਵਿਖੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ।
ਪੋਸਟਮਾਰਮਟਮ ਰਿਪੋਰਟ ‘ਚ ਖੁਲਾਸਾ
ਪੁਲਿਸ ਨੇ ਜਦੋਂ ਲੜਕੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਤਾਂ ਸਾਹਮਣੇ ਆਇਆ ਕਿ ਲੜਕੀ ਦਾ 30 ਤੋਂ 40 ਸੈਕਿੰਡ ਤੱਕ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਉਸ ਦੀ ਗਰਦਨ ‘ਤੇ ਉਂਗਲਾਂ ਦੇ ਨਿਸ਼ਾਨ ਸਨ। ਬੱਚੀ ਦੇ ਗੁਪਤ ਅੰਗ ‘ਚ ਵੀ ਖੂਨ ਮਿਲਿਆ ਸੀ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਡਾਬਾ ਥਾਣਾ ਪੁਲਿਸ ਨੇ ਸੋਨੂੰ ਖਿਲਾਫ ਆਈਪੀਸੀ ਦੀ ਧਾਰਾ 302, 376ਏ, 376-ਏਬੀ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਉਦੋਂ ਤੋਂ ਹੀ ਪੁਲਿਸ ਸੋਨੂੰ ਦੀ ਭਾਲ ਕਰ ਰਹੀ ਸੀ।
ਰਿਮਾਂਡ ਤੇ ਮੁਲਜ਼ਮ ਸੋਨੂੰ
ਗ੍ਰਿਫ਼ਤਾਰੀ ਤੋਂ ਬਾਅਦ ਹੋਈ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਕੀਤਾ ਅਤੇ ਕੋਰਟ ਨੂੰ ਮੁਲਜ਼ਮ ਦੇ ਗੁਨਾਹ ਬਾਰੇ ਦੱਸਿਆ ਅਤੇ ਹੋਰ ਪੁੱਛਗਿੱਛ ਦੀ ਇਜ਼ਾਜਤ ਮੰਗੀ। ਜਿਸ ਤੋਂ ਬਾਅਦ ਕੋਰਟ ਨੇ ਮੁਲਜ਼ਮ ਨੂੰ 3 ਦਿਨਾਂ ਰਿਮਾਂਡ ਤੇ ਭੇਜ ਦਿੱਤਾ।