13 ਦੀਆਂ 13 ਲੋਕ ਸਭਾ ਸੀਟਾਂ ‘ਤੇ ਇਕੱਲੇ ਲੜਾਂਗੇ ਚੋਣ, ਦੇਸ਼ ਦਾ ਹੀਰੋ ਬਣੇਗਾ ਪੰਜਾਬ- ਭਗਵੰਤ ਮਾਨ

Updated On: 

24 Jan 2024 15:01 PM

Punjab Cabinet Decisions: ਮੁੱਖਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਕੈਬਨਿਟ ਬੈਠਕ ਹੋਈ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ। ਵੱਡਾ ਫੈਸਲਾ ਇੱਕਲਿਆਂ ਲੋਕਸਭਾ ਚੋਣਾਂ ਲੜਣ ਨੂੰ ਲੈ ਕੇ ਹੈ। ਇਸ ਤੋਂ ਇਲਾਵਾ ਮੁੱਖਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਡੋਰ ਟੂ ਡੋਰ ਡਿਲੀਵਰੀ ਸਕੀਮ ਨੂੰ ਲਾਗੂ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਲਾਭਪਾਤਰੀਆਂ ਦੇ ਘਰਾਂ ਤੱਕ ਰਾਸ਼ਨ ਪਹੁੰਚੇਗਾ। ਇਸ ਤੋਂ ਇਲਾਵਾ ਮਾਨ ਨੇ ਕਿਹਾ ਕਿ ਜੋ ਰਾਸ਼ਨ ਕਾਰਡ ਕੱਟੇ ਗਏ ਸਨ ਹੁਣ ਉਹਨਾਂ ਨੂੰ ਮੁੜ ਬਹਾਲ ਕਰ ਦਿੱਤਾ ਜਾਵੇਗਾ।

13 ਦੀਆਂ 13 ਲੋਕ ਸਭਾ ਸੀਟਾਂ ਤੇ ਇਕੱਲੇ ਲੜਾਂਗੇ ਚੋਣ, ਦੇਸ਼ ਦਾ ਹੀਰੋ ਬਣੇਗਾ ਪੰਜਾਬ- ਭਗਵੰਤ ਮਾਨ

CM ਭਗਵੰਤ ਮਾਨ

Follow Us On

ਪੰਜਾਬ ਵਿੱਚ ਕਾਂਗਰਸ ਨਾਲ ਗੱਠਜੋੜ ਨੂੰ ਲੈਕੇ ਹੁਣ ਸਥਿਤੀ ਸਪੱਸ਼ਟ ਹੋ ਗਈ ਹੈ। ਕੈਬਨਿਟ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਕਿਸੇ ਹੋਰ ਦਲ ਨਾਲ ਗੱਠਜੋੜ ਨਹੀਂ ਕਰੇਗੀ ਸਗੋਂ ਪਾਰਟੀ ਆਪਣੇ ਦਮ ਤੇ ਲੋਕ ਸਭਾ ਚੋਣ ਲੜੇਗੀ ਅਤੇ 13-0 ਦੇ ਫ਼ਰਕ ਨਾਲ ਜਿੱਤੇਗੀ। ਮੁੱਖਮੰਤਰੀ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਾਲ ਤਿਆਰ ਹੈ। ਪੰਜਾਬ ਦੇ ਨਾਲ ਹੀ ਮੁੱਖਮੰਤਰੀ ਨੇ ਚੰਡੀਗੜ੍ਹ ਦੀ ਸੀਟ ਤੇ ਵੀ ਇੱਕਲਿਆਂ ਹੀ ਲੜਣ ਦੀ ਗੱਲ ਸਾਫ਼ ਕਰ ਦਿੱਤੀ ਹੈ।

ਇਸ ਤੋਂ ਪਹਿਲਾਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਜੇਕਰ ਵਿਰੋਧੀ ਧਿਰਾਂ ਦਾ ਗੱਠਜੋੜ ਹੁੰਦਾ ਹੈ ਤਾਂ ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਸੀਟਾਂ ਦੀ ਵੰਡ ਕਰਨੀ ਹੋਵੇਗੀ। ਇਸ ਲਈ ਕਈ ਸੀਟਾਂ ਤੇ ਦੋਵੇਂ ਪਾਰਟੀਆਂ ਆਪਣਾ ਆਪਣਾ ਦਾਅਵਾ ਠੋਕ ਰਹੀਆਂ ਸਨ। ਜਿਸ ਤੋਂ ਬਾਅਦ ਹੁਣ ਸਥਿਤੀ ਸਪੱਸ਼ਟ ਹੋ ਗਈ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਨਹੀਂ ਹੋਵੇਗਾ।

ਚੰਡੀਗੜ੍ਹ ਦੀ ਸੀਟ ਵੀ ਇੱਕਲਿਆਂ ਲੜਾਂਗੇ – ਸੀਐਮ

ਮੁੱਖਮੰਤਰੀ ਭਗਵੰਤ ਮਾਨ ਨੇ ਨਾ ਸਿਰਫ਼ ਇਕਲਿਆਂ ਲੋਕ ਸਭਾ ਚੋਣਾ ਲੜਣ ਦਾ ਐਲਾਨ ਕੀਤਾ, ਸਗੋਂ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਸਾਰੀ ਦੀਆਂ ਸਾਰੀਆਂ ਸੀਟਾਂ ਜਿੱਤ ਕੇ ਦੇਸ਼ ਦੀ ਹੀਰੋ ਬਣਕੇ ਸਾਹਮਣੇ ਆਵੇਗੀ। ਪੰਜਾਬ ਤੋਂ ਇਲਾਵਾ ਚੰਡੀਗੜ੍ਹ ਨੂੰ ਲੈ ਕੇ ਮੁੱਖਮੰਤਰੀ ਮਾਨ ਨੇ ਸਥਿਤੀ ਸਪੱਸ਼ਟ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਦੀ ਲੋਕ ਸਭਾ ਸੀਟ ਤੇ ਵੀ ਆਮ ਆਦਮੀ ਪਾਰਟੀ ਇਕੱਲਿਆਂ ਹੀ ਚੋਣ ਲੜੇਗੀ ਅਤੇ ਪੰਜਾਬ ਅਤੇ ਚੰਡੀਗੜ੍ਹ ਵਿੱਚ 14-0 ਦੇ ਫਰਕ ਨਾਲ ਜਿੱਤ ਹਾਸਿਲ ਕਰੇਗੀ ।

INDIA ਗੱਠਜੋੜ ‘ਤੇ ਪਵੇਗਾ ਅਸਰ ?

ਇਸ ਫੈਸਲੇ ਦਾ INDIA ਗੱਠਜੋੜ ‘ਤੇ ਅਸਰ ਪੈਣਾ ਸੁਭਾਵਿਕ ਹੈ ਕਿਉਂਕਿ ਜੇਕਰ ਪੰਜਾਬ ਵਿੱਚ ਗੱਠਜੋੜ ਨਹੀਂ ਹੋ ਰਿਹਾ ਤਾਂ ਦਿੱਲੀ ਵਿੱਚ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਨੂੰ ਲੈਕੇ ਸਵਾਲੀਆ ਨਿਸ਼ਾਨ ਲੱਗ ਸਕਦੇ ਹਨ। ਦੂਜੇ ਪਾਸੇ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਵੀ ਇਕੱਲਿਆਂ ਚੋਣ ਲੜਣ ਦਾ ਐਲਾਨ ਕਰ ਚੁੱਕੇ ਹਨ ਤਾਂ ਅਜਿਹੀ ਸਥਿਤੀ ਵਿੱਚ INDIA ਗੱਠਜੋੜ ਦੀ ਹੋਂਦ ਤੇ ਖ਼ਤਰਾ ਮੰਡਰਾਉਂਦਾ ਨਜ਼ਰ ਆ ਰਿਹਾ ਹੈ ।

ਇਸ ਤੋਂ ਇਲਾਵਾ ਕੈਬਿਨੇਟ ਬੈਠਕ ਵਿੱਚ ਕਈ ਅਹਿਮ ਫੈਸਲੇ ਲਏ ਗਏ। ਜਿਨਾਂ ਦੀ ਜਾਣਕਾਰੀ ਮੁੱਖਮੰਤਰੀ ਭਗਵੰਤ ਮਾਨ ਨੇ ਮੀਡੀਆ ਦੇ ਸਾਹਮਣੇ ਆਕੇ ਦਿੱਤੀ।

Exit mobile version