ਪੰਜਾਬ ‘ਚ ਇਕੱਲਿਆਂ ਚੋਣ ਲੜੇਗੀ AAP, ਨਹੀਂ ਹੋਵੇਗਾ ਕਾਂਗਰਸ ਨਾਲ ਗੱਠਜੋੜ- ਸੂਤਰ
India Alliance: NDA ਖਿਲਾਫ਼ ਵਿਰੋਧੀ ਧਿਰਾਂ ਦਾ ਬਣਿਆ ਮੋਰਚਾ INDIA' ਗੱਠਜੋੜ ਹੁਣ ਖ਼ਤਰੇ ਵਿੱਚ ਪੈਂਦਾ ਦਿਖਾਈ ਦੇ ਰਿਹਾ ਹੈ। ਦਰਅਸਲ ਸੂਤਰਾਂ ਅਨੁਸਾਰ, ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗੱਠਜੋੜ ਨਹੀਂ ਹੋਵੇਗਾ। ਦੋਵੇਂ ਪਾਰਟੀਆਂ ਹਰ ਲੋਕਸਭਾ ਸੀਟ ਤੇ ਆਪਣੇ-ਆਪਣੇ ਉਮੀਦਵਾਰ ਉਤਾਰਣ ਦੀ ਤਿਆਰੀ ਕਰ ਰਹੀਆਂ ਹਨ।
INDIA ਗਠਜੋੜ ਵਿੱਚ ਸ਼ਾਮਲ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਪੰਜਾਬ ਵਿੱਚ ਵੱਖ-ਵੱਖ ਚੋਣਾਂ ਲੜਣਗੀਆਂ। ਸੂਤਰਾਂ ਦੀ ਮੰਨੀਏ ਤਾਂ ਪਾਰਟੀ ਵੱਲੋਂ ਇਸ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। 13 ਲੋਕ ਸਭਾ ਸੀਟਾਂ ‘ਤੇ ਚੰਗੇ ਉਮੀਦਵਾਰ ਖੜ੍ਹੇ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੂਤਰਾਂ ਤੋਂ ਤਾਂ ਇਹ ਵੀ ਪਤਾ ਲੱਗਾ ਹੈ ਕਿ 13 ਸੀਟਾਂ ਲਈ 39 ਉਮੀਦਵਾਰਾਂ ਦੇ ਨਾਂ ਵੀ ਸ਼ਾਰਟਲਿਸਟ ਵੀ ਕਰ ਲਏ ਗਏ ਹਨ।
ਆਪ ਦੀ ਹਾਈਕਮਾਂਡ ਨੇ ਚੋਣਾਂ ਤੋਂ ਪਹਿਲਾਂ ਗਠਜੋੜ ਨਾ ਕਰਨ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਹੈ। ਇਸ ਸਬੰਧੀ ਜਲਦੀ ਹੀ ਅਧਿਕਾਰਤ ਐਲਾਨ ਕੀਤਾ ਜਾਵੇਗਾ। ਹਾਲਾਂਕਿ ਸੀਐਮ ਭਗਵੰਤ ਮਾਨ ਪਹਿਲਾਂ ਹੀ ਵੱਖਰੀ ਚੋਣ ਲੜਨ ਦੇ ਸੰਕੇਤ ਦੇ ਰਹੇ ਹਨ। ਉਨ੍ਹਾਂ ਦਾ ਸਪੱਸ਼ਟ ਕਹਿਣਾ ਹੈ ਕਿ ਇਸ ਵਾਰ ਉਹ ਪੰਜਾਬ ਵਿੱਚ 13-0 ਨਾਲ ਜਿੱਤ ਪ੍ਰਾਪਤ ਕਰਨਗੇ।
ਇਹ ਹੈ ਸੁਰੱਖਿਅਤ ਰਾਹ
ਦਰਅਸਲ ਪੰਜਾਬ ਵਿੱਚ ਆਪ ਅਤੇ ਕਾਂਗਰਸ ਵੱਲੋਂ ਇਕੱਠੇ ਲੋਕਸਭਾ ਚੋਣਾਂ ਨਾ ਲੜਨ ਪਿੱਛੇ ਕਈ ਕਾਰਨ ਹਨ। ਕਿਉਂਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਵੀ ਹੋਣੀਆਂ ਤੈਅ ਹਨ। ਜੇਕਰ ਇਹ ਦੋਵੇਂ ਪਾਰਟੀਆਂ ਮਿਲ ਕੇ ਚੋਣ ਮੈਦਾਨ ਵਿਚ ਉਤਰਦੀਆਂ ਹਨ ਤਾਂ ਇਸ ਦਾ ਅਸਰ ਇਨ੍ਹਾਂ ਚੋਣਾਂ ‘ਤੇ ਪੈ ਸਕਦਾ ਹੈ। ਇਹ ਦੋਵੇਂ ਧਿਰਾਂ ਜਾਣਦੀਆਂ ਹਨ। ਕਿਉਂਕਿ ਜਿੱਥੇ ਪੰਜਾਬ ‘ਚ ‘ਆਪ’ ਸੱਤਾ ‘ਚ ਹੈ, ਉਥੇ ਕਾਂਗਰਸ ਵਿਰੋਧੀ ਪਾਰਟੀ ਹੈ। ਜੇਕਰ ਦੋਵੇਂ ਇਕੱਠੇ ਹੁੰਦੇ ਹਨ ਤਾਂ ਵਿਰੋਧੀ ਪਾਰਟੀਆਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣਗੀਆਂ। ਅਜਿਹੇ ‘ਚ ਦੋਵੇਂ ਪਾਰਟੀਆਂ ਕਿਸੇ ਤਰ੍ਹਾਂ ਦੀ ਗਲਤੀ ਨਹੀਂ ਕਰਨਾ ਚਾਹੁੰਦੀਆਂ।
‘ਆਪ’ ਨੇ ਵੀ ਹਾਲ ਹੀ ‘ਚ ਦਿੱਲੀ ਚੋਣਾਂ ਨੂੰ ਲੈ ਕੇ ਮੀਟਿੰਗ ਕੀਤੀ ਸੀ। ਹਾਲਾਂਕਿ, ਕਈ ਸੀਨੀਅਰ ਕਾਂਗਰਸੀ ਆਗੂ ਵੀ ਚੋਣਾਂ ਤੋਂ ਬਾਅਦ ਗਠਜੋੜ ਦੇ ਵਿਚਾਰ ਨਾਲ ਸਹਿਮਤ ਹਨ। ਪਰਗਟ ਸਿੰਘ ਨੇ ਇਸ ‘ਤੇ ਆਪਣੀ ਗੱਲ ਸਪੱਸ਼ਟ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਦੋਵਾਂ ਨੂੰ ਇਕੱਠੇ ਚੋਣ ਮੈਦਾਨ ਵਿੱਚ ਨਹੀਂ ਉਤਰਨਾ ਚਾਹੀਦਾ।
ਪਹਿਲਾਂ ਹੋਵੇਗਾ ਸਰਵੇਖਣ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਨੇ ਹਰ ਸੀਟ ਤੋਂ ਤਿੰਨ ਮੈਂਬਰ ਚੁਣੇ ਹਨ। ਹੁਣ ਪਾਰਟੀ ਇਨ੍ਹਾਂ ਉਮੀਦਵਾਰਾਂ ਬਾਰੇ ਆਪਣਾ ਸਰਵੇਖਣ ਕਰੇਗੀ। ਨਾਲ ਹੀ ਲੋਕਾਂ ਦੀ ਪਸੰਦ ਦੇ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇਗੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸੂਬਾ ਸਰਕਾਰ ਕੁਝ ਮੰਤਰੀਆਂ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਸੰਸਦੀ ਚੋਣਾਂ ਲੜਨ ਲਈ ਕਹਿ ਸਕਦੀ ਹੈ। ਨਾਲ ਹੀ ਚੋਣਾਂ ਵਿੱਚ ਨੌਜਵਾਨਾਂ ਅਤੇ ਔਰਤਾਂ ਨੂੰ ਅਹਿਮੀਅਤ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ
ਭਗਵੰਤ ਮਾਨ ਪਹਿਲਾਂ ਹੀ ਕਰ ਚੁੱਕੇ ਹਨ ਦਾਅਵਾ
ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਪਹਿਲਾਂ ਵੀ ਕਈ ਵਾਰ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਜਿੱਤਣ ਦਾ ਦਾਅਵਾ ਕਰ ਚੁੱਕੇ ਹਨ। ਭਗਵੰਤ ਮਾਨ ਤਾਂ ਐਥੋ ਤੱਕ ਕਹਿ ਚੁੱਕੇ ਹਨ ਕਿ ਉਹ ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਦੀ ਵੀ ਲੋਕ ਸਭਾ ਸੀਟ ਜਿੱਤਣਗੇ।