ਹਾਈਕਮਾਂਡ ਨੇ ਹੋਰ ਵਧਾਇਆ ਨਵਜੋਤ ਸਿੱਧੂ ਦਾ ਕੱਦ… ਕਾਂਗਰਸ ਆਗੂਆਂ ਦੇ ਵਿਰੋਧ ਦੇ ਬਾਵਜੂਦ ਮਿਲੀ ਸੂਬਾ ਚੋਣ ਕਮੇਟੀ ‘ਚ ਥਾਂ
ਪੰਜਾਬ ਕਾਂਗਰਸ ਵਿੱਚ ਚੱਲ ਰਹੇ ਆਪਸੀ ਕਲੇਸ਼ ਦੇ ਵਿਚਾਲੇ ਪਾਰਟੀ ਹਾਈਕਮਾਂਡ ਨੇ ਇੱਕ ਸਪੱਸ਼ਟ ਮੈਸੇਜ ਭੇਜਿਆ ਹੈ। ਦਿੱਲੀ ਵਿੱਚ ਬੈਠੀ ਹਾਈਕਮਾਂਡ ਪੰਜਾਬ ਕਾਂਗਰਸ ਵਿੱਚ ਇਕਜੁਟਤਾ ਚਾਹੁੰਦੀ ਹੈ। ਅਗਾਮੀ ਲੋਕ ਸਭਾ ਲਈ ਪਾਰਟੀ ਵੱਲੋਂ ਚੋਣ ਕਮੇਟੀ ਦਾ ਐਲਾਨ ਕੀਤਾ ਗਿਆ ਹੈ ਜਿਸ ਵਿੱਚ ਪਾਰਟੀ ਲਾਈਨ ਤੋਂ ਵੱਖ ਚੱਲ ਰਹੇ ਨਵਜੋਤ ਸਿੱਧੂ ਨੂੰ ਥਾਂ ਮਿਲੀ ਹੈ ਤਾਂ ਉੱਥੇ ਹੀ ਇਸ ਕਮੇਟੀ ਦੀ ਕਮਾਨ ਰਾਜਾ ਵੜਿੰਗ ਦੇ ਹੱਥ ਦਿੱਤੀ ਹੈ ਜੋ ਵਾਰ ਵਾਰ ਸਿੱਧੂ ਖਿਲਾਫ਼ ਕਾਰਵਾਈ ਦੀ ਗੱਲ ਆਖ ਰਹੇ ਸਨ। ਪਰ ਸਵਾਲ ਇਹ ਹੈ ਕਿ ਬੈਠਕ ਵਿੱਚ ਦੋਵੇ ਲੀਡਰ ਆਪਣੀ ਸਹਿਮਤੀ ਕਿਸ ਤਰ੍ਹਾਂ ਬਣਾ ਸਕਣਗੇ।
ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਸਹਿਮਤੀ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਪੰਜਾਬ ਦੀ 31 ਮੈਂਬਰੀ ਸੂਬਾ ਚੋਣ ਕਮੇਟੀ ਦਾ ਐਲਾਨ ਕਰ ਦਿੱਤਾ। ਕਮੇਟੀ ਵਿੱਚ ਸਭ ਤੋਂ ਹੈਰਾਨੀਜਨਕ ਨਾਮ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਸੀ ਕਿਉਂਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਮੇਤ ਪੰਜਾਬ ਕਾਂਗਰਸ ਦੇ ਕਈ ਵੱਡੇ ਚਿਹਰਿਆਂ ਨੇ ਇਸ ਦੇ ਵਿਰੋਧ ਦੀ ਆਵਾਜ਼ ਬੁਲੰਦ ਕੀਤੀ ਸੀ। ਸਿੱਧੂ ਅਤੇ ਉਨ੍ਹਾਂ ਦੇ ਕਰੀਬੀ ਆਗੂਆਂ ਵੱਲੋਂ ਪਾਰਟੀ ਲਾਈਨ ਤੋਂ ਹਟ ਕੇ ਸੂਬਾਈ ਜਥੇਬੰਦੀ ਨੂੰ ਦੱਸੇ ਬਿਨਾਂ ਕੀਤੀਆਂ ਜਾ ਰਹੀਆਂ ਰੈਲੀਆਂ ਲਈ ਕਾਂਗਰਸੀ ਆਗੂ ਲਗਾਤਾਰ ਨਵਜੋਤ ਸਿੰਘ ਸਿੱਧੂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਸਨ ਅਤੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿੱਚੋਂ ਕੱਢਣ ਦੀ ਖੁੱਲ੍ਹੇਆਮ ਮੰਗ ਕਰ ਰਹੇ ਸਨ।
ਪਰ ਇਸ ਸਭ ਦੇ ਵਿਚਕਾਰ ਨਵਜੋਤ ਸਿੰਘ ਸਿੱਧੂ ਨੇ ਆਪਣਾ ਰੁਖ ਨਰਮ ਨਹੀਂ ਕੀਤਾ ਅਤੇ ਹੁਣ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਦਾ ਕੱਦ ਹੋਰ ਵਧਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਸੂਬਾ ਚੋਣ ਕਮੇਟੀ ਵਿੱਚ ਸ਼ਾਮਲ ਕਰਕੇ ਉਨ੍ਹਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਅਹਿਮ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ।
ਕਿਵੇਂ ਰਹਿਣਗੀਆਂ ਇੱਕ ਮਿਆਨ ਵਿੱਚ ਦੋ ਤਲਵਾਰਾਂ ?
ਪਰ ਵੱਡਾ ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਉਸ ਕਮੇਟੀ ਵਿੱਚ ਰਹਿ ਕੇ ਬਾਕੀ ਆਗੂਆਂ ਨਾਲ ਕਿਵੇਂ ਇਕਸੁਰਤਾ ਕਾਇਮ ਰੱਖਣਗੇ। ਜਿਸ ਦੀ ਪ੍ਰਧਾਨਗੀ ਕਾਂਗਰਸ ਵੱਲੋਂ ਉਨ੍ਹਾਂ ਦੇ ਕੱਟੜ ਵਿਰੋਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੌਂਪੀ ਗਈ ਹੈ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਤੋਂ ਬਾਹਰ ਕਰਨ ਦੀ ਮੰਗ ਕਰਨ ਵਾਲੇ ਪੰਜਾਬ ਕਾਂਗਰਸ ਦੇ ਕਈ ਅਜਿਹੇ ਆਗੂ ਵੀ ਇਸ ਕਮੇਟੀ ਵਿੱਚ ਸਿੱਧੂ ਦੇ ਨਾਲ ਮੌਜੂਦ ਰਹਿਣਗੇ। ਉਂਜ ਇਸ ਕਮੇਟੀ ਵਿੱਚ ਆਪਣਾ ਨਾਂ ਸ਼ਾਮਲ ਕਰਕੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਵਿਰੋਧ ਦਾ ਮੂੰਹ ਤੋੜ ਜਵਾਬ ਦਿੱਤਾ ਹੈ ਅਤੇ ਹਾਈਕਮਾਂਡ ਨੇ ਵੀ ਨਵਜੋਤ ਸਿੰਘ ਸਿੱਧੂ ਤੇ ਭਰੋਸਾ ਜਤਾਉਂਦਿਆਂ ਆਪਣੇ ਵਿਰੋਧੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇੱਕਜੁਟਤਾ ਦਿਖਾਉਣੀ ਚਾਹੁੰਦੀ ਹੈ ਕਾਂਗਰਸ
ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਾਈਕਮਾਂਡ ਪੰਜਾਬ ਕਾਂਗਰਸ ‘ਚ ਚੱਲ ਰਹੀ ਕਲੇਸ਼ ਨੂੰ ਖਤਮ ਕਰਨਾ ਚਾਹੁੰਦੀ ਹੈ, ਇਸੇ ਲਈ ਨਵਜੋਤ ਸਿੰਘ ਸਿੱਧੂ ਨੂੰ ਵਿਰੋਧੀਆਂ ਸਮੇਤ ਕਮੇਟੀ ‘ਚ ਰੱਖਿਆ ਗਿਆ ਹੈ ਤਾਂ ਜੋ ਕਿਸੇ ਤਰ੍ਹਾਂ ਵਿਵਾਦ ਖਤਮ ਹੋ ਕੇ ਗੱਲਬਾਤ ਸ਼ੁਰੂ ਹੋ ਜਾਵੇ। ਇਸ ਤੋਂ ਇਲਾਵਾ ਗਾਂਧੀ ਪਰਿਵਾਰ ਨਾਲ ਸਿੱਧੂ ਦੀ ਨੇੜਤਾ ਵੀ ਉਨ੍ਹਾਂ ਦੇ ਹੱਕ ਵਿੱਚ ਕੰਮ ਕਰ ਰਹੀ ਹੈ ਕਿ ਉਹ ਪਾਰਟੀ ਵਿੱਚ ਆਪਣੇ ਵਿਰੋਧੀਆਂ ਖ਼ਿਲਾਫ਼ ਖੁੱਲ੍ਹ ਕੇ ਬੋਲ ਰਹੇ ਹਨ ਅਤੇ ਫਿਰ ਵੀ ਉਨ੍ਹਾਂ ਵਿਰੋਧੀਆਂ ਸਮੇਤ ਲੋਕ ਸਭਾ ਕਮੇਟੀ ਵਿੱਚ ਸ਼ਾਮਲ ਹੋ ਕੇ ਅਹਿਮ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਕਾਮਯਾਬ ਰਹੇ ਹਨ।