ਪਟਿਆਲਾ ਪੁਲਿਸ ਦੇ ਅੜਿੱਕੇ ਚੜ੍ਹੇ ਗੈਂਗਸਟਰ ਅਰਸ਼ ਡਾਲਾ ਦੇ 3 ਸਾਥੀ ਗ੍ਰਿਫਤਾਰ, 2 ਪਿਸਤੌਲ ਤੇ 6 ਕਾਰਤੂਸ ਬਰਾਮਦ
ਪਟਿਆਲਾ ਪੁਲਿਸ ਨੇ ਗੈਂਗਸਟਰ ਅਰਸ਼ ਡਾਲਾ ਗਰੁੱਪ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਕੀਤੀ। ਵਰੁਣ ਸ਼ਰਮਾ ਨੇ ਕਿਹਾ ਕਿ ਘਟਨਾ ਤੋਂ ਬਾਅਦ ਤੋਂ ਹੀ ਪੁਲਿਸ ਨੇ ਐਕਟਿਵ ਹੋਕੇ ਇਸ ਮਾਮਲੇ ਤੇ ਕੰਮ ਕੀਤਾ ਹੈ ਅਤੇ ਇਸ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਮਾਨਸਾ ਜ਼ਿਲ੍ਹੇ ਚੋਂ ਅਤੇ ਇੱਕ ਨੂੰ ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ ਹੈ ਫਿਲਹਾਲ ਪੁਲਿਸ ਨੂੰ 2 ਹੋਰ ਮੁਲਜ਼ਮਾਂ ਦੀ ਭਾਲ ਅਜੇ ਜਾਰੀ ਹੈ।
ਪਟਿਆਲਾ ਪੁਲਿਸ ਨੇ ਗੈਂਗਸਟਰ ਅਰਸ਼ ਡਾਲਾ ਗਰੁੱਪ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜ੍ਹੇ ਗਏ ਵਿਅਕਤੀਆਂ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਬੱਸ ਸਟੈਂਡ ‘ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਸ ਘਟਨਾ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਏ ।
ਇਸ ਮਾਮਲੇ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਐੱਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਬਲਜਿੰਦਰ ਸਿੰਘ ਉਰਫ਼ ਬੱਲੀ ਜੋਕਿ ਪਿੰਡ ਅਲੀ ਸ਼ੇਰ ਕਲਾਂ ਜ਼ਿਲ੍ਹਾ ਮਾਨਸਾ, ਜਗਜੀਤ ਸਿੰਘ ਉਰਫ਼ ਵਿੱਕੀ ਵਾਸੀ ਪਿੰਡ ਭਰੂਰ ਸੁਨਾਮ ਜ਼ਿਲ੍ਹਾ ਸੰਗਰੂਰ ਅਤੇ ਸਰਬਜੀਤ ਸਿੰਘ ਉਰਫ਼ ਸਰਬੀ ਵਾਸੀ ਭੀਖੀ ਜ਼ਿਲ੍ਹਾ ਮਾਨਸਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਬਲਜਿੰਦਰ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਨੇੜਿਓਂ ਜਦੋਂਕਿ ਸਰਬਜੀਤ ਅਤੇ ਜਗਜੀਤ ਸਿੰਘ ਨਾਮ ਦੇ ਵਿਅਕਤੀ ਨੂੰ ਭੀਖੀ ਮੇਨ ਰੋਡ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਝਗੜੇ ਤੋਂ ਬਾਅਦ ਗੋਲੀਬਾਰੀ ਹੋਈ
ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਹ ਮੁਲਜ਼ਮ ਬਠਿੰਡਾ ਦੇ ਰਹਿਣ ਵਾਲੇ ਗੈਂਗਸਟਰ ਅਰਸ਼ ਡਾਲਾ ਅਤੇ ਪਰਮਜੀਤ ਸਿੰਘ ਪੰਮਾ ਦੇ ਸੰਪਰਕ ਵਿੱਚ ਸਨ। ਇਹ ਸਾਰੇ ਮੁਲਜ਼ਮ 9 ਜਨਵਰੀ ਨੂੰ ਬੱਸ ਸਟੈਂਡ ਤੇ ਆਪਣੇ ਦੋਸਤਾਂ ਨੂੰ ਛੱਡਣ ਗਏ ਸਨ। ਜਿੱਥੇ ਇਨ੍ਹਾਂ ਮੁਲਜ਼ਮਾਂ ਦੀ ਬੱਸ ਸਟੈਂਡ ‘ਤੇ ਖੜ੍ਹੇ ਕੁਝ ਨੌਜਵਾਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਹੱਥੋਪਾਈ ਹੋ ਗਈ, ਇਸ ਹੱਥੋਪਾਈ ਤੋਂ ਬਾਅਦ ਹੀ ਮੁਲਜ਼ਮਾਂ ਨੇ ਫਾਇਰਿੰਗ ਕਰ ਦਿੱਤੀ ਤੇ ਮੌਕੇ ਤੋਂ ਫ਼ਰਾਰ ਹੋ ਗਏ |
ਅਜੇ ਵੀ ਫ਼ਰਾਰ ਹਨ 2 ਮੁਲਜ਼ਮ
ਐਸਐਸਪੀ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਪਟਿਆਲਾ ਪੁਲਿਸ ਨੇ ਸੀਨੀਅਰ ਅਫ਼ਸਰਾਂ ਦੀ ਇੱਕ ਟੀਮ ਬਣਾਈ ਜਿਸ ਨੂੰ ਇਸ ਕੇਸ ਵਿੱਚ ਲਗਾਇਆ ਗਿਆ ਇਸ ਟੀਮ ਨੇ ਬੇਹਤਰ ਕੰਮ ਕਰਦਿਆਂ ਮੁਲਜ਼ਮ ਬਲਜਿੰਦਰ ਸਿੰਘ ਨੇ 24 ਘੰਟਿਆਂ ਦੇ ਅੰਦਰ ਹੀ ਗ੍ਰਿਫਤਾਰ ਕਰ ਲਿਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ 5 ਮੁਲਜ਼ਮਾਂ ਦੀ ਪਛਾਣ ਕੀਤੀ ਸੀ, ਜਿਨ੍ਹਾਂ ਵਿੱਚੋਂ 3 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ 2 ਮੁਲਜ਼ਮਾਂ ਦੀ ਭਾਲ ਅਜੇ ਵੀ ਜਾਰੀ ਹਨ।