National Flag Day 2026: ਚਰਖੇ ਦੀ ਥਾਂ ਅਸ਼ੋਕ ਚੱਕਰ ਕਿਉਂ ਆਇਆ? ਤਿਰੰਗੇ ਵਿੱਚ ਹੋਏ ਆਖਰੀ ਬਦਲਾਅ ਦੀ ਪੂਰੀ ਕਹਾਣੀ

Updated On: 

22 Jul 2026 14:09 PM IST

National Flag Day 2026: ਭਾਰਤੀ ਤਿਰੰਗੇ ਦੇ ਡਿਜ਼ਾਈਨ ਵਿੱਚ ਪਹਿਲਾਂ ਅਸ਼ੋਕ ਚੱਕਰ ਦੀ ਥਾਂ ਚਰਖਾ ਹੁੰਦਾ ਸੀ। ਚਰਖਾ ਮਹਾਤਮਾ ਗਾਂਧੀ ਦੇ ਵਿਚਾਰਾਂ ਦਾ ਇੱਕ ਮਹੱਤਵਪੂਰਨ ਪ੍ਰਤੀਕ ਸੀ, ਪਰ 22 ਜੁਲਾਈ 1947 ਨੂੰ ਚਰਖੇ ਦੀ ਥਾਂ ਅਸ਼ੋਕ ਚੱਕਰ ਨੂੰ ਸ਼ਾਮਲ ਕੀਤਾ ਗਿਆ ਅਤੇ ਸੰਵਿਧਾਨ ਸਭਾ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ। ਇਸ ਖ਼ਾਸ ਦਿਨ ਨੂੰ ਨੈਸ਼ਨਲ ਫਲੈਗ ਡੇ ਵਜੋਂ ਮਨਾਇਆ ਜਾਂਦਾ ਹੈ। ਆਓ ਜਾਣਦੇ ਹਾਂ ਇਸ ਨਾਲ ਜੁੜੀ ਪੂਰੀ ਕਹਾਣੀ।

National Flag Day 2026: ਚਰਖੇ ਦੀ ਥਾਂ ਅਸ਼ੋਕ ਚੱਕਰ ਕਿਉਂ ਆਇਆ? ਤਿਰੰਗੇ ਵਿੱਚ ਹੋਏ ਆਖਰੀ ਬਦਲਾਅ ਦੀ ਪੂਰੀ ਕਹਾਣੀ

ਭਾਰਤੀ ਤਿਰੰਗੇ ਦੀ ਕਹਾਣੀ

ਅੱਜ ਤੋਂ ਠੀਕ 79 ਸਾਲ ਪਹਿਲਾਂ ਭਾਰਤ ਦੇ ਰਾਸ਼ਟਰੀ ਝੰਡੇ ਤਿਰੰਗੇ ਨੂੰ ਇਸ ਦਾ ਮੌਜੂਦਾ ਸਰੂਪ ਮਿਲਿਆ ਸੀ। ਉਸੇ ਦਿਨ ਤੋਂ ਹਰ ਸਾਲ 22 ਜੁਲਾਈ ਨੂੰ ਭਾਰਤ ਵਿੱਚ ਨੈਸ਼ਨਲ ਫਲੈਗ ਡੇ ਵਜੋਂ ਮਨਾਇਆ ਜਾਂਦਾ ਹੈ। ਇਸੇ ਦਿਨ, ਸਾਲ 1947 ਵਿੱਚ ਤਿਰੰਗੇ ਵਿੱਚ ਚਰਖੇ ਦੀ ਥਾਂ ਅਸ਼ੋਕ ਚੱਕਰ ਨੂੰ ਸ਼ਾਮਲ ਕੀਤਾ ਗਿਆ ਅਤੇ ਸੰਵਿਧਾਨ ਸਭਾ ਨੇ ਇਸ ਨੂੰ ਮਨਜ਼ੂਰੀ ਦਿੱਤੀ। ਇਸ ਤੋਂ 24 ਦਿਨ ਬਾਅਦ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦੀ ਮਿਲੀ। ਭਾਰਤ ਦੀ ਆਨ, ਬਾਨ ਅਤੇ ਸ਼ਾਨ ਦਾ ਪ੍ਰਤੀਕ ਤਿਰੰਗਾ ਅੱਜ ਵੀ ਜਿੱਥੇ ਕਿਤੇ ਲਹਿਰਾਉਂਦਾ ਨਜ਼ਰ ਆਉਂਦਾ ਹੈ, ਉੱਥੇ ਹਰ ਭਾਰਤੀ ਦੇ ਮਨ ਵਿੱਚ ਦੇਸ਼ਭਗਤੀ ਅਤੇ ਮਾਣ ਦੀ ਭਾਵਨਾ ਜਗਾ ਦਿੰਦਾ ਹੈ।

ਆਓ, ਨੈਸ਼ਨਲ ਫਲੈਗ ਡੇ ਯਾਨੀ 22 ਜੁਲਾਈ ਦੇ ਮੌਕੇ ‘ਤੇ ਜਾਣਦੇ ਹਾਂ ਕਿ ਤਿਰੰਗੇ ਵਿੱਚ ਚਰਖੇ ਦੀ ਥਾਂ ਅਸ਼ੋਕ ਚੱਕਰ ਕਿਉਂ ਲਿਆਂਦਾ ਗਿਆ? ਆਖ਼ਿਰ ਰਾਸ਼ਟਰੀ ਝੰਡੇ ਵਿੱਚ ਇਹ ਬਦਲਾਅ ਕਿਉਂ ਕੀਤਾ ਗਿਆ ਅਤੇ ਇਸ ਪਿੱਛੇ ਦੀ ਪੂਰੀ ਕਹਾਣੀ ਕੀ ਹੈ?

ਕਿਵੇਂ ਹੋਇਆ ਤਿਰੰਗੇ ਦਾ ਸ਼ੁਰੂਆਤੀ ਵਿਕਾਸ ?

ਭਾਰਤ ਦਾ ਮੌਜੂਦਾ ਤਿਰੰਗਾ ਇੱਕ ਦਿਨ ਵਿੱਚ ਨਹੀਂ ਬਣਿਆ। ਆਜ਼ਾਦੀ ਅੰਦੋਲਨ ਦੌਰਾਨ ਕਈ ਤਰ੍ਹਾਂ ਦੇ ਝੰਡੇ ਤਿਆਰ ਕੀਤੇ ਗਏ। ਵੱਖ-ਵੱਖ ਸਮੂਹਾਂ ਨੇ ਆਪਣੇ-ਆਪਣੇ ਝੰਡਿਆਂ ਦੀ ਵਰਤੋਂ ਕੀਤੀ, ਜਿਨ੍ਹਾਂ ਵਿੱਚ ਦੇਸ਼ਭਗਤੀ, ਸਵਰਾਜ ਅਤੇ ਏਕਤਾ ਦੀ ਭਾਵਨਾ ਝਲਕਦੀ ਸੀ। ਸਾਲ 1906 ਵਿੱਚ ਕੋਲਕਾਤਾ ਵਿੱਚ ਇੱਕ ਸ਼ੁਰੂਆਤੀ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਸੀ, ਜਿਸ ਵਿੱਚ ਹਰਾ, ਪੀਲਾ ਅਤੇ ਲਾਲ ਰੰਗ ਸ਼ਾਮਲ ਸਨ। ਇਸ ਤੋਂ ਬਾਅਦ ਵੀ ਕਈ ਨਵੇਂ ਡਿਜ਼ਾਈਨ ਸਾਹਮਣੇ ਆਏ। ਸਾਲ 1907 ਵਿੱਚ ਮੈਡਮ ਭੀਕਾਜੀ ਕਾਮਾ ਨੇ ਵਿਦੇਸ਼ ਵਿੱਚ ਭਾਰਤੀ ਝੰਡਾ ਲਹਿਰਾਇਆ, ਜੋ ਭਾਰਤ ਦੀ ਆਜ਼ਾਦੀ ਦੀ ਮੰਗ ਦਾ ਅੰਤਰਰਾਸ਼ਟਰੀ ਪ੍ਰਤੀਕ ਬਣਿਆ। ਇਸ ਤੋਂ ਬਾਅਦ 1917 ਵਿੱਚ ਹੋਮ ਰੂਲ ਅੰਦੋਲਨ ਦੌਰਾਨ ਇੱਕ ਹੋਰ ਝੰਡਾ ਅਪਣਾਇਆ ਗਿਆ, ਜਿਸ ਵਿੱਚ ਕਈ ਧਾਰੀਆਂ, ਤਾਰੇ ਅਤੇ ਹੋਰ ਪ੍ਰਤੀਕ ਸ਼ਾਮਲ ਸਨ। ਹਾਲਾਂਕਿ, ਉਸ ਸਮੇਂ ਤੱਕ ਕੋਈ ਵੀ ਝੰਡਾ ਪੂਰੇ ਦੇਸ਼ ਲਈ ਸਥਾਈ ਤੌਰ ‘ਤੇ ਸਵੀਕਾਰ ਨਹੀਂ ਕੀਤਾ ਗਿਆ ਸੀ।

ਪਿੰਗਾਲੀ ਵੈਂਕਈਆ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਤਿਰੰਗੇ ਦੇ ਡਿਜ਼ਾਈਨ ਵਿੱਚ ਚਰਖੇ ਨੂੰ ਸ਼ਾਮਲ ਕੀਤਾ।

ਅੱਜ ਦੇ ਤਿਰੰਗੇ ਦੀ ਕਲਪਨਾ ਕਿਸ ਨੇ ਕੀਤੀ?

ਅੱਜ ਦੇ ਤਿਰੰਗੇ ਦੇ ਵਿਕਾਸ ਵਿੱਚ ਪਿੰਗਲੀ ਵੇਂਕੈਆ ਦਾ ਮਹੱਤਵਪੂਰਨ ਯੋਗਦਾਨ ਸੀ। ਉਹ ਆਜ਼ਾਦੀ ਅੰਦੋਲਨ ਨਾਲ ਜੁੜੇ ਹੋਏ ਸਨ ਅਤੇ ਝੰਡਿਆਂ ਦੇ ਡਿਜ਼ਾਈਨਾਂ ਦਾ ਗਹਿਰਾਈ ਨਾਲ ਅਧਿਐਨ ਕਰ ਚੁੱਕੇ ਸਨ। ਉਹ ਅਜਿਹੇ ਰਾਸ਼ਟਰੀ ਝੰਡੇ ਦੀ ਕਲਪਨਾ ਕਰਦੇ ਸਨ ਜੋ ਪੂਰੇ ਭਾਰਤ ਦੀ ਨੁਮਾਇੰਦਗੀ ਕਰੇ। ਸਾਲ 1921 ਵਿੱਚ ਵਿਜਯਵਾੜਾ ਵਿੱਚ ਹੋਏ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਧਿਵੇਸ਼ਨ ਦੌਰਾਨ ਪਿੰਗਲੀ ਵੇਂਕੈਆ ਨੇ ਮਹਾਤਮਾ ਗਾਂਧੀ ਨੂੰ ਇੱਕ ਝੰਡੇ ਦਾ ਡਿਜ਼ਾਈਨ ਦਿਖਾਇਆ। ਉਸ ਡਿਜ਼ਾਈਨ ਵਿੱਚ ਲਾਲ ਅਤੇ ਹਰੇ ਰੰਗ ਸ਼ਾਮਲ ਸਨ, ਜਿਨ੍ਹਾਂ ਨੂੰ ਉਸ ਸਮੇਂ ਭਾਰਤ ਦੇ ਵੱਡੇ ਧਾਰਮਿਕ ਭਾਈਚਾਰਿਆਂ ਨਾਲ ਜੋੜ ਕੇ ਦੇਖਿਆ ਜਾਂਦਾ ਸੀ। ਮਹਾਤਮਾ ਗਾਂਧੀ ਨੇ ਇਸ ਵਿੱਚ ਚਿੱਟਾ ਰੰਗ ਸ਼ਾਮਲ ਕਰਨ ਦੀ ਸਲਾਹ ਦਿੱਤੀ। ਚਿੱਟਾ ਰੰਗ ਸ਼ਾਂਤੀ ਅਤੇ ਦੇਸ਼ ਦੇ ਹੋਰ ਭਾਈਚਾਰਿਆਂ ਦੀ ਨੁਮਾਇੰਦਗੀ ਲਈ ਰੱਖਿਆ ਗਿਆ। ਇਸ ਝੰਡੇ ਦੇ ਵਿਚਕਾਰ ਚਰਖਾ ਦਰਸਾਇਆ ਗਿਆ, ਜੋ ਸਵਦੇਸ਼ੀ, ਆਤਮਨਿਰਭਰਤਾ ਅਤੇ ਆਜ਼ਾਦੀ ਦੇ ਸੰਘਰਸ਼ ਦਾ ਪ੍ਰਤੀਕ ਬਣ ਗਿਆ। ਹੌਲੀ-ਹੌਲੀ ਇਹੀ ਝੰਡਾ ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਇੱਕ ਲੋਕਪ੍ਰਿਯ ਪ੍ਰਤੀਕ ਬਣ ਗਿਆ।

ਚਰਖਾ ਕਿਉਂ ਚੁਣਿਆ ਗਿਆ ਸੀ?

ਚਰਖਾ ਮਹਾਤਮਾ ਗਾਂਧੀ ਦੇ ਵਿਚਾਰਾਂ ਦਾ ਇੱਕ ਬਹੁਤ ਮਹੱਤਵਪੂਰਨ ਪ੍ਰਤੀਕ ਸੀ। ਮਹਾਤਮਾ ਗਾਂਧੀ ਸਵਦੇਸ਼ੀ ਅੰਦੋਲਨ ‘ਤੇ ਜ਼ੋਰ ਦਿੰਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਭਾਰਤ ਨੂੰ ਆਰਥਿਕ ਤੌਰ ‘ਤੇ ਆਤਮਨਿਰਭਰ ਬਣਨਾ ਚਾਹੀਦਾ ਹੈ। ਬ੍ਰਿਟਿਸ਼ ਸ਼ਾਸਨ ਦੌਰਾਨ ਭਾਰਤ ਤੋਂ ਕੱਚਾ ਮਾਲ ਵਿਦੇਸ਼ ਭੇਜਿਆ ਜਾਂਦਾ ਸੀ ਅਤੇ ਉੱਥੇ ਤਿਆਰ ਕੀਤੇ ਕੱਪੜੇ ਮੁੜ ਭਾਰਤ ਵਿੱਚ ਵੇਚੇ ਜਾਂਦੇ ਸਨ। ਇਸ ਕਾਰਨ ਭਾਰਤੀ ਬੁਣਕਰਾਂ ਅਤੇ ਕਾਰੀਗਰਾਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਅਤੇ ਸਥਾਨਕ ਉਦਯੋਗ ਕਮਜ਼ੋਰ ਹੋ ਗਏ। ਮਹਾਤਮਾ ਗਾਂਧੀ ਨੇ ਲੋਕਾਂ ਨੂੰ ਵਿਦੇਸ਼ੀ ਕੱਪੜਿਆਂ ਦਾ ਬਹਿਸਕਾਰ ਕਰਨ ਅਤੇ ਖਾਦੀ ਪਾਉਣ ਨਾਲ ਨਾਲ ਚਰਖਾ ਚਲਾਉਣ ਲਈ ਪ੍ਰੇਰਿਤ ਕੀਤਾ। ਚਰਖਾ ਸਿਰਫ਼ ਕੱਪੜਾ ਬਣਾਉਣ ਦਾ ਸਾਧਨ ਨਹੀਂ ਸੀ, ਸਗੋਂ ਇਹ ਸਵਦੇਸ਼ੀ, ਆਤਮਨਿਰਭਰਤਾ ਅਤੇ ਸਵਾਭਿਮਾਨ ਦਾ ਪ੍ਰਤੀਕ ਬਣ ਗਿਆ। ਹੌਲੀ-ਹੌਲੀ ਪਿੰਡਾਂ, ਕਿਸਾਨਾਂ, ਮਜ਼ਦੂਰਾਂ ਅਤੇ ਕਾਰੀਗਰਾਂ ਸਮੇਤ ਹਰ ਵਰਗ ਇਸ ਪ੍ਰਤੀਕ ਨਾਲ ਜੁੜਦਾ ਗਿਆ।

ਤਿਰੰਗੇ ਵਿੱਚ ਚਿੱਟਾ ਰੰਗ ਸ਼ਾਂਤੀ, ਸੱਚਾਈ ਅਤੇ ਰੌਸ਼ਨੀ ਦਾ ਪ੍ਰਤੀਕ ਹੈ। ਫੋਟੋ: ਪੀਟੀਆਈ

ਕਾਂਗਰਸ ਦੇ ਝੰਡੇ ਵਿੱਚ ਚਰਖਾ ਕਿਉਂ ਸੀ?

ਸਾਲ 1931 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੇ ਇੱਕ ਨਵਾਂ ਤਿਰੰਗਾ ਅਪਣਾਇਆ। ਇਸ ਵਿੱਚ ਉੱਪਰ ਕੇਸਰੀ, ਵਿਚਕਾਰ ਚਿੱਟਾ ਅਤੇ ਹੇਠਾਂ ਹਰਾ ਰੰਗ ਸੀ। ਚਿੱਟੀ ਪੱਟੀ ਦੇ ਵਿਚਕਾਰ ਨੀਲੇ ਰੰਗ ਦਾ ਚਰਖਾ ਦਰਸਾਇਆ ਗਿਆ ਸੀ। ਇਹ ਝੰਡਾ ਅੱਜ ਦੇ ਰਾਸ਼ਟਰੀ ਝੰਡੇ ਨਾਲ ਕਾਫ਼ੀ ਹੱਦ ਤੱਕ ਮਿਲਦਾ-ਜੁਲਦਾ ਸੀ। ਫ਼ਰਕ ਸਿਰਫ਼ ਇਹ ਸੀ ਕਿ ਮੌਜੂਦਾ ਤਿਰੰਗੇ ਵਿੱਚ ਚਰਖੇ ਦੀ ਥਾਂ ਅਸ਼ੋਕ ਚੱਕਰ ਹੈ। ਇਹ ਤਿਰੰਗਾ ਆਜ਼ਾਦੀ ਅੰਦੋਲਨ ਦੌਰਾਨ ਬਹੁਤ ਹੀ ਲੋਕਪ੍ਰਿਯ ਹੋ ਗਿਆ। ਇਸ ਨੂੰ ਜਨ ਸਭਾਵਾਂ, ਯਾਤਰਾਵਾਂ, ਅੰਦੋਲਨਾਂ ਅਤੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਲਹਿਰਾਇਆ ਜਾਂਦਾ ਸੀ। ਬ੍ਰਿਟਿਸ਼ ਸਰਕਾਰ ਇਸ ਨੂੰ ਅਕਸਰ ਆਪਣੇ ਸ਼ਾਸਨ ਲਈ ਇੱਕ ਚੁਣੌਤੀ ਵਜੋਂ ਦੇਖਦੀ ਸੀ। ਭਾਰਤ ਦੇ ਲੋਕਾਂ ਲਈ ਇਹ ਝੰਡਾ ਆਜ਼ਾਦੀ ਦੀ ਉਮੀਦ ਅਤੇ ਸੰਘਰਸ਼ ਦਾ ਪ੍ਰਤੀਕ ਬਣ ਗਿਆ ਸੀ।

ਆਜ਼ਾਦੀ ਦੇ ਨੇੜੇ ਉੱਠਿਆ ਇੱਕ ਨਵਾਂ ਸਵਾਲ

ਸਾਲ 1947 ਵਿੱਚ ਜਦੋਂ ਭਾਰਤ ਦੀ ਆਜ਼ਾਦੀ ਤੈਅ ਹੋ ਗਈ, ਤਾਂ ਦੇਸ਼ ਨੂੰ ਅਜਿਹੇ ਰਾਸ਼ਟਰੀ ਝੰਡੇ ਦੀ ਲੋੜ ਮਹਿਸੂਸ ਹੋਈ ਜੋ ਸਿਰਫ਼ ਕਾਂਗਰਸ ਦਾ ਨਹੀਂ, ਸਗੋਂ ਪੂਰੇ ਭਾਰਤ ਦਾ ਪ੍ਰਤੀਕ ਹੋਵੇ। ਭਾਰਤ ਵਿੱਚ ਵੱਖ-ਵੱਖ ਧਰਮ, ਭਾਸ਼ਾਵਾਂ, ਜਾਤੀਆਂ ਅਤੇ ਸੱਭਿਆਚਾਰ ਸਨ, ਇਸ ਲਈ ਨਵਾਂ ਰਾਸ਼ਟਰੀ ਝੰਡਾ ਹਰ ਭਾਰਤੀ ਦੀ ਨੁਮਾਇੰਦਗੀ ਕਰਨ ਵਾਲਾ ਹੋਣਾ ਚਾਹੀਦਾ ਸੀ। ਚਰਖਾ ਆਜ਼ਾਦੀ ਅੰਦੋਲਨ ਦਾ ਬਹੁਤ ਹੀ ਸਨਮਾਨਤ ਪ੍ਰਤੀਕ ਸੀ, ਪਰ ਇਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਝੰਡੇ ਨਾਲ ਵੀ ਕਾਫ਼ੀ ਜੁੜ ਚੁੱਕਾ ਸੀ। ਇਸ ਲਈ ਇਹ ਲਾਜ਼ਮੀ ਸਮਝਿਆ ਗਿਆ ਕਿ ਨਵਾਂ ਰਾਸ਼ਟਰੀ ਝੰਡਾ ਕਿਸੇ ਇੱਕ ਰਾਜਨੀਤਿਕ ਪਾਰਟੀ ਦੀ ਪਛਾਣ ਤੋਂ ਉੱਪਰ ਹੋਵੇ। ਇਸੇ ਕਾਰਨ ਝੰਡੇ ਦੇ ਵਿਚਕਾਰ ਅਜਿਹੇ ਪ੍ਰਤੀਕ ਦੀ ਚੋਣ ਕਰਨ ਬਾਰੇ ਵਿਚਾਰ ਕੀਤਾ ਗਿਆ, ਜੋ ਭਾਰਤ ਦੀ ਪ੍ਰਾਚੀਨ ਵਿਰਾਸਤ, ਨਿਆਂ, ਧਰਮ ਅਤੇ ਸਰਵਭੌਮ ਕਦਰਾਂ-ਕੀਮਤਾਂ ਨੂੰ ਦਰਸਾ ਸਕੇ।

ਚਰਖੇ ਦੇ ਡਿਜ਼ਾਈਨ ਨਾਲ ਜੁੜੀ ਵਿਹਾਰਕ ਸਮੱਸਿਆ

ਚਰਖੇ ਨੂੰ ਬਦਲਣ ਦੇ ਪਿੱਛੇ ਇੱਕ ਵਿਹਾਰਕ ਕਾਰਨ ਵੀ ਸੀ। ਚਰਖੇ ਦਾ ਡਿਜ਼ਾਈਨ ਝੰਡੇ ਦੇ ਦੋਵੇਂ ਪਾਸਿਆਂ ਤੋਂ ਇੱਕੋ ਜਿਹਾ ਦਿਖਾਉਣਾ ਮੁਸ਼ਕਲ ਸੀ। ਜਦੋਂ ਝੰਡੇ ਨੂੰ ਦੋਵੇਂ ਪਾਸਿਆਂ ਤੋਂ ਦੇਖਿਆ ਜਾਂਦਾ ਹੈ, ਤਾਂ ਉਸ ‘ਤੇ ਬਣਿਆ ਚਿੰਨ੍ਹ ਸਹੀ ਰੂਪ ਵਿੱਚ ਨਜ਼ਰ ਆਉਣਾ ਚਾਹੀਦਾ ਹੈ। ਚਰਖੇ ਦੇ ਧਾਗੇ ਅਤੇ ਤਕਲੀ ਦਾ ਆਕਾਰ ਇੱਕ ਹੀ ਦਿਸ਼ਾ ਵਿੱਚ ਹੁੰਦਾ ਸੀ, ਜਿਸ ਕਾਰਨ ਦੂਜੇ ਪਾਸੇ ਤੋਂ ਦੇਖਣ ‘ਤੇ ਇਹ ਉਲਟਾ ਦਿਖਾਈ ਦਿੰਦਾ ਸੀ। ਰਾਸ਼ਟਰੀ ਝੰਡੇ ਲਈ ਇੱਕ ਅਜਿਹੇ ਚਿੰਨ੍ਹ ਦੀ ਲੋੜ ਸੀ ਜੋ ਸਰਲ, ਸਪੱਸ਼ਟ ਅਤੇ ਦੋਵੇਂ ਪਾਸਿਆਂ ਤੋਂ ਇੱਕੋ ਜਿਹਾ ਦਿਸੇ। ਇਸ ਲਈ ਅਸ਼ੋਕ ਚੱਕਰ ਨੂੰ ਚੁਣਿਆ ਗਿਆ। ਇਹ ਗੋਲ ਆਕਾਰ ਦਾ ਹੈ ਅਤੇ ਇਸ ਵਿੱਚ 24 ਤੀਲੀਆਂ ਹਨ। ਇਹ ਦੋਵੇਂ ਪਾਸਿਆਂ ਤੋਂ ਲਗਭਗ ਇੱਕੋ ਜਿਹਾ ਦਿਖਾਈ ਦਿੰਦਾ ਹੈ, ਇਸ ਲਈ ਇਸ ਨੂੰ ਰਾਸ਼ਟਰੀ ਝੰਡੇ ਲਈ ਵਧੇਰੇ ਉਚਿਤ ਮੰਨਿਆ ਗਿਆ।

ਕਿੱਥੋਂ ਲਿਆ ਗਿਆ ਅਸ਼ੋਕ ਚੱਕਰ?

ਅਸ਼ੋਕ ਚੱਕਰ ਭਾਰਤ ਦੇ ਪ੍ਰਾਚੀਨ ਇਤਿਹਾਸ ਤੋਂ ਲਿਆ ਗਿਆ ਹੈ। ਇਹ ਸਮਰਾਟ ਅਸ਼ੋਕ ਦੇ ਸਮੇਂ ਦੀ ਕਲਾ ਅਤੇ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ। ਇਸ ਦਾ ਰੂਪ ਸਾਰਨਾਥ ਸਥਿਤ ਅਸ਼ੋਕ ਸਤੰਭ ਦੇ ਸਿੰਘ-ਸ਼ੀਰਸ਼ ਤੋਂ ਲਿਆ ਗਿਆ ਹੈ। ਇਹੀ ਸਿੰਘ-ਸ਼ੀਰਸ਼ ਅੱਗੇ ਚੱਲ ਕੇ ਭਾਰਤ ਦਾ ਰਾਸ਼ਟਰੀ ਚਿੰਨ੍ਹ ਵੀ ਬਣਿਆ। ਸਿੰਘ-ਸ਼ੀਰਸ਼ ਵਿੱਚ ਚਾਰ ਸਿੰਘ ਹਨ ਅਤੇ ਇਸ ਦੇ ਹੇਠਾਂ ਇੱਕ ਗੋਲਾਕਾਰ ਪੱਟੀ ਹੈ, ਜਿਸ ‘ਤੇ ਜਾਨਵਰਾਂ ਦੀਆਂ ਆਕ੍ਰਿਤੀਆਂ ਅਤੇ ਧਰਮ ਚੱਕਰ ਬਣੇ ਹੋਏ ਹਨ। ਅਸ਼ੋਕ ਚੱਕਰ ਨੂੰ ਧਰਮ ਚੱਕਰ ਵੀ ਕਿਹਾ ਜਾਂਦਾ ਹੈ।

ਇੱਥੇ ਧਰਮ ਦਾ ਅਰਥ ਕਿਸੇ ਇੱਕ ਧਰਮ ਜਾਂ ਪੂਜਾ-ਪੱਧਤੀ ਨਾਲ ਨਹੀਂ, ਸਗੋਂ ਨਿਆਂ, ਕਰਤੱਵ, ਨੈਤਿਕਤਾ ਅਤੇ ਸਹੀ ਆਚਰਣ ਨਾਲ ਹੈ। ਸਮਰਾਟ ਅਸ਼ੋਕ ਨੇ ਯੁੱਧ ਤੋਂ ਬਾਅਦ ਸ਼ਾਂਤੀ, ਕਰੁਣਾ ਅਤੇ ਨੈਤਿਕ ਸ਼ਾਸਨ ਦਾ ਸੰਦੇਸ਼ ਅਪਣਾਇਆ ਸੀ। ਇਸ ਲਈ ਅਸ਼ੋਕ ਚੱਕਰ ਸਿਰਫ਼ ਸ਼ਕਤੀ ਦਾ ਹੀ ਨਹੀਂ, ਸਗੋਂ ਜ਼ਿੰਮੇਵਾਰੀ ਅਤੇ ਨੈਤਿਕ ਮੁੱਲਾਂ ਦਾ ਵੀ ਪ੍ਰਤੀਕ ਮੰਨਿਆ ਜਾਂਦਾ ਹੈ।

ਤਿਰੰਗੇ ਦੇ ਸਿਖਰ ‘ਤੇ ਭਗਵਾ ਰੰਗ ਹਿੰਮਤ, ਕੁਰਬਾਨੀ ਅਤੇ ਨਿਰਸਵਾਰਥ ਸੇਵਾ ਦਾ ਪ੍ਰਤੀਕ ਹੈ। ਫੋਟੋ: ਪੀਟੀਆਈ

24 ਤੀਲੀਆਂ ਦਾ ਕੀ ਅਰਥ ਹੈ?

ਅਸ਼ੋਕ ਚੱਕਰ ਵਿੱਚ 24 ਤੀਲੀਆਂ ਹਨ। ਇਨ੍ਹਾਂ ਨੂੰ ਜੀਵਨ ਦੀ ਗਤੀ ਅਤੇ ਕਰਤੱਵ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਚੱਕਰ ਸੰਦੇਸ਼ ਦਿੰਦਾ ਹੈ ਕਿ ਦੇਸ਼ ਨੂੰ ਕਦੇ ਰੁਕਣਾ ਨਹੀਂ ਚਾਹੀਦਾ, ਸਗੋਂ ਲਗਾਤਾਰ ਤਰੱਕੀ ਦੇ ਰਾਹ ‘ਤੇ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਇਨ੍ਹਾਂ ਤੀਲੀਆਂ ਨੂੰ ਸੱਚ, ਸਾਹਸ, ਧੀਰਜ, ਸ਼ਾਂਤੀ, ਸੇਵਾ, ਨਿਆਂ, ਸੰਯਮ ਅਤੇ ਸਦਾਚਾਰ ਵਰਗੇ ਮੁੱਲਾਂ ਨਾਲ ਜੋੜਿਆ ਜਾਂਦਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸ਼ੋਕ ਚੱਕਰ ਗਤੀ ਦਾ ਪ੍ਰਤੀਕ ਹੈ। ਰੁਕਾਵਟ ਜਾਂ ਠਹਿਰਾਅ ਨੂੰ ਜੀਵਨ ਅਤੇ ਸਮਾਜ ਲਈ ਚੰਗਾ ਨਹੀਂ ਮੰਨਿਆ ਗਿਆ। ਆਜ਼ਾਦੀ ਤੋਂ ਬਾਅਦ ਭਾਰਤ ਨੂੰ ਅੱਗੇ ਵਧਣਾ ਸੀ। ਦੇਸ਼ ਨੂੰ ਗਰੀਬੀ, ਅਨਪੜ੍ਹਤਾ, ਭੇਦਭਾਵ ਅਤੇ ਗੁਲਾਮੀ ਦੀਆਂ ਸਮੱਸਿਆਵਾਂ ਤੋਂ ਬਾਹਰ ਨਿਕਲਣਾ ਸੀ। ਅਸ਼ੋਕ ਚੱਕਰ ਇਸੇ ਨਿਰੰਤਰ ਤਰੱਕੀ ਅਤੇ ਵਿਕਾਸ ਦਾ ਸੰਦੇਸ਼ ਦਿੰਦਾ ਹੈ।

ਰਾਸ਼ਟਰੀ ਝੰਡੇ ਵਿੱਚ ਮੌਜੂਦ ਰੰਗਾਂ ਦਾ ਅਰਥ ਵੀ ਜਾਣੋ

ਭਾਰਤ ਦੇ ਰਾਸ਼ਟਰੀ ਝੰਡੇ ਵਿੱਚ ਤਿੰਨ ਸਮਾਨ ਖਿਤਿਜੀ ਪੱਟੀਆਂ ਹਨ। ਸਭ ਤੋਂ ਉੱਪਰ ਕੇਸਰੀ ਰੰਗ ਹੈ। ਇਸ ਨੂੰ ਸਾਹਸ, ਤਿਆਗ ਅਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਦੇਸ਼ ਦੇ ਨੇਤਾਵਾਂ ਅਤੇ ਨਾਗਰਿਕਾਂ ਨੂੰ ਨਿੱਜੀ ਸਵਾਰਥ ਤੋਂ ਉੱਪਰ ਉੱਠ ਕੇ ਦੇਸ਼ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੰਦਾ ਹੈ। ਵਿਚਕਾਰ ਚਿੱਟਾ ਰੰਗ ਹੈ। ਇਹ ਸ਼ਾਂਤੀ, ਸੱਚ ਅਤੇ ਰੌਸ਼ਨੀ ਦਾ ਪ੍ਰਤੀਕ ਹੈ। ਚਿੱਟੀ ਪੱਟੀ ਦੇਸ਼ ਨੂੰ ਸਹੀ ਦਿਸ਼ਾ ਅਤੇ ਸੱਚ ਦੇ ਰਾਹ ‘ਤੇ ਚੱਲਣ ਦੀ ਯਾਦ ਦਿਵਾਉਂਦੀ ਹੈ। ਹੇਠਾਂ ਹਰਾ ਰੰਗ ਹੈ। ਇਹ ਸਮ੍ਰਿੱਧੀ, ਵਿਕਾਸ, ਧਰਤੀ, ਖੇਤੀਬਾੜੀ ਅਤੇ ਜੀਵਨ ਨਾਲ ਜੁੜਿਆ ਹੋਇਆ ਹੈ। ਭਾਰਤ ਦੀ ਵੱਡੀ ਆਬਾਦੀ ਪਿੰਡਾਂ ਅਤੇ ਖੇਤੀ ਨਾਲ ਜੁੜੀ ਹੋਈ ਹੈ, ਇਸ ਲਈ ਇਹ ਰੰਗ ਧਰਤੀ, ਹਰਿਆਲੀ ਅਤੇ ਤਰੱਕੀ ਦੀ ਭਾਵਨਾ ਨੂੰ ਦਰਸਾਉਂਦਾ ਹੈ।

ਕੀ ਸੀ ਅੰਤਿਮ ਬਦਲਾਅ ਦਾ ਵੱਡਾ ਸੰਦੇਸ਼ ?

ਭਾਰਤ ਦੇ ਤਿਰੰਗੇ ਵਿੱਚ ਚਰਖੇ ਦੀ ਜਗ੍ਹਾ ਅਸ਼ੋਕ ਚੱਕਰ ਲਿਆਉਣਾ ਇੱਕ ਸੋਚ-ਸਮਝ ਕੇ ਕੀਤਾ ਗਿਆ ਫੈਸਲਾ ਸੀ। ਚਰਖਾ ਸੰਘਰਸ਼ ਅਤੇ ਆਤਮਨਿਰਭਰਤਾ ਦਾ ਪ੍ਰਤੀਕ ਸੀ, ਜਦਕਿ ਅਸ਼ੋਕ ਚੱਕਰ ਨਿਆਂ, ਗਤੀ, ਸ਼ਾਂਤੀ ਅਤੇ ਨੈਤਿਕ ਕਰਤੱਵ ਦਾ ਪ੍ਰਤੀਕ ਬਣਿਆ। ਨਵਾਂ ਭਾਰਤ ਸਿਰਫ਼ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਨਹੀਂ ਹੋਣਾ ਚਾਹੁੰਦਾ ਸੀ, ਸਗੋਂ ਉਹ ਇੱਕ ਲੋਕਤੰਤਰਿਕ, ਸਮਾਵੇਸ਼ੀ ਅਤੇ ਤਰੱਕੀਸ਼ੀਲ ਰਾਸ਼ਟਰ ਬਣਨ ਦਾ ਸੁਪਨਾ ਰੱਖਦਾ ਸੀ। ਅਸ਼ੋਕ ਚੱਕਰ ਇਸੇ ਉਦੇਸ਼ ਅਤੇ ਸੋਚ ਨੂੰ ਦਰਸਾਉਂਦਾ ਹੈ। ਤਿਰੰਗਾ ਸਾਨੂੰ ਸੰਦੇਸ਼ ਦਿੰਦਾ ਹੈ ਕਿ ਦੇਸ਼ ਨੂੰ ਸਾਹਸ, ਸ਼ਾਂਤੀ, ਵਿਕਾਸ ਅਤੇ ਲਗਾਤਾਰ ਅੱਗੇ ਵਧਣ ਦੀ ਇੱਛਾ ਦੀ ਲੋੜ ਹੈ। ਇਸੇ ਕਾਰਨ ਅਸ਼ੋਕ ਚੱਕਰ ਅੱਜ ਭਾਰਤ ਦੀ ਰਾਸ਼ਟਰੀ ਪਛਾਣ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਬਣ ਚੁੱਕਾ ਹੈ।

Source:TV9Hindi.com

Follow Us