ਜੇਨਸ ਦੇਵਤਾ ਤੋਂ ਜਨਵਰੀ, ਜੂਲੀਅਸ ਸੀਜ਼ਰ ਤੋਂ ਜੁਲਾਈ ਕੈਲੰਡਰ ਦੇ ਮਹੀਨਿਆਂ ਨੂੰ ਕਿਵੇਂ ਮਿਲੇ ਨਾਮ?
Origin of Month Names: ਜਨਵਰੀ-ਅਗਸਤ ਤੋਂ ਲੈ ਕੇ ਨਵੰਬਰ-ਦਸੰਬਰ ਤੱਕ, ਕਿਵੇਂ ਪਏ ਅੰਗਰੇਜ਼ੀ ਮਹੀਨਿਆਂ ਦੇ ਨਾਮ? ਜਾਣੋ ਹਰ ਨਾਮ ਦੇ ਪਿੱਛੇ ਦੀ ਦਿਲਚਸਪ ਕਹਾਣੀ
ਤੁਸੀਂ ਕੈਲੰਡਰ ਤਾਂ ਜ਼ਰੂਰ ਦੇਖਦੇ ਹੋਵੋਗੇ, ਪਰ ਕੀ ਕਦੇ ਸੋਚਿਆ ਹੈ ਕਿ ਇਸ ਵਿੱਚ ਜਨਵਰੀ ਤੋਂ ਦਸੰਬਰ ਤੱਕ ਦਿੱਤੇ ਮਹੀਨਿਆਂ ਦੇ ਨਾਮ ਕਿੱਥੋਂ ਆਏ? ਇਨ੍ਹਾਂ ਵਿੱਚੋਂ ਕਈ ਮਹੀਨਿਆਂ ਦੇ ਨਾਮ ਰੋਮਨ ਦੇਵਤਿਆਂ, ਸਮਰਾਟਾਂ ਅਤੇ ਗਿਣਤੀ ਨਾਲ ਜੁੜੇ ਹੋਏ ਹਨ। ਕੁਝ ਨਾਮ ਤਾਂ ਅਜਿਹੇ ਹਨ ਜੋ ਅੱਜ ਦੀ ਆਪਣੀ ਕ੍ਰਮਵਾਰ ਗਿਣਤੀ ਨਾਲ ਬਿਲਕੁਲ ਮੇਲ ਵੀ ਨਹੀਂ ਖਾਂਦੇ। ਆਓ ਜਾਣਦੇ ਹਾਂ ਇਨ੍ਹਾਂ ਸਾਰੇ ਮਹੀਨਿਆਂ ਦੇ ਨਾਮਾਂ ਦੀ ਪੂਰੀ ਕਹਾਣੀ। ਅੱਜ ਅਸੀਂ ਜਿਸ ਕੈਲੰਡਰ ਦੀ ਵਰਤੋਂ ਕਰਦੇ ਹਾਂ, ਉਸ ਦੀਆਂ ਜੜ੍ਹਾਂ ਪ੍ਰਾਚੀਨ ਰੋਮ ਨਾਲ ਜੁੜੀਆਂ ਹੋਈਆਂ ਹਨ।
ਪਰੰਪਰਾ ਮੁਤਾਬਕ ਰੋਮ ਦੇ ਪਹਿਲੇ ਰਾਜਾ ਰੋਮੁਲਸ ਨੇ ਲਗਭਗ 8ਵੀਂ ਸਦੀ ਈਸਾ ਪੂਰਵ ਵਿੱਚ 10 ਮਹੀਨਿਆਂ ਵਾਲਾ ਕੈਲੰਡਰ ਬਣਾਇਆ ਸੀ। ਇਸ ਵਿੱਚ ਸਾਲ ਦੀ ਸ਼ੁਰੂਆਤ ਮਾਰਚ ਤੋਂ ਹੁੰਦੀ ਸੀ ਅਤੇ ਸਾਲ ਵਿੱਚ ਕੁੱਲ 304 ਦਿਨ ਹੁੰਦੇ ਸਨ। ਸਰਦੀਆਂ ਦੇ ਲਗਭਗ 60 ਦਿਨ ਕਿਸੇ ਵੀ ਮਹੀਨੇ ਵਿੱਚ ਸ਼ਾਮਲ ਨਹੀਂ ਕੀਤੇ ਜਾਂਦੇ ਸਨ। ਬਾਅਦ ਵਿੱਚ ਰਾਜਾ ਨੂਮਾ ਪੋਮਪਿਲਿਯਸ ਨੇ ਜਨਵਰੀ ਅਤੇ ਫਰਵਰੀ ਨੂੰ ਜੋੜਿਆ, ਤਾਂ ਜੋ ਸਾਲ ਨੂੰ ਚੰਦਰ ਚੱਕਰ ਦੇ ਨੇੜੇ ਲਿਆਂਦਾ ਜਾ ਸਕੇ। ਇੱਥੋਂ ਹੀ 12 ਮਹੀਨਿਆਂ ਵਾਲੇ ਕੈਲੰਡਰ ਦੀ ਨੀਂਹ ਪਈ।
ਜਨਵਰੀ: ਦੋ ਚਿਹਰਿਆਂ ਵਾਲੇ ਦੇਵਤੇ ਦਾ ਮਹੀਨਾ
ਜਨਵਰੀ ਦਾ ਨਾਮ ਰੋਮਨ ਦੇਵਤਾ ਜੇਨਸ (Janus) ਦੇ ਨਾਮ ‘ਤੇ ਪਿਆ। ਜੇਨਸ ਦਰਵਾਜ਼ਿਆਂ, ਫਾਟਕਾਂ ਅਤੇ ਨਵੀਂ ਸ਼ੁਰੂਆਤ ਦੇ ਦੇਵਤਾ ਮੰਨੇ ਜਾਂਦੇ ਸਨ। ਉਨ੍ਹਾਂ ਨੂੰ ਦੋ ਚਿਹਰਿਆਂ ਨਾਲ ਦਰਸਾਇਆ ਜਾਂਦਾ ਸੀ। ਇੱਕ ਚਿਹਰਾ ਅਤੀਤ ਵੱਲ ਅਤੇ ਦੂਜਾ ਭਵਿੱਖ ਵੱਲ ਦੇਖਦਾ ਸੀ। ਸਾਲ ਦੇ ਦਰਵਾਜ਼ੇ ‘ਤੇ ਖੜ੍ਹੇ ਇਸ ਮਹੀਨੇ ਲਈ ਇਸ ਤੋਂ ਵਧੀਆ ਪ੍ਰਤੀਕ ਹੋਰ ਕੀ ਹੋ ਸਕਦਾ ਹੈ।
ਲੈਟਿਨ ਵਿੱਚ ਇਸ ਨੂੰ Ianuarius ਕਿਹਾ ਜਾਂਦਾ ਸੀ, ਜੋ ਅੱਗੇ ਚੱਲ ਕੇ January ਬਣਿਆ। 45 ਈਸਾ ਪੂਰਵ ਵਿੱਚ ਜੂਲੀਅਸ ਸੀਜ਼ਰ ਵੱਲੋਂ ਕੈਲੰਡਰ ਵਿੱਚ ਸੁਧਾਰ ਕੀਤੇ ਜਾਣ ਤੋਂ ਬਾਅਦ 1 ਜਨਵਰੀ ਨੂੰ ਸਾਲ ਦੀ ਸ਼ੁਰੂਆਤ ਮੰਨਿਆ ਜਾਣ ਲੱਗਾ।
ਫਰਵਰੀ: ਸ਼ੁੱਧੀਕਰਨ ਦਾ ਮਹੀਨਾ
ਫਰਵਰੀ ਦਾ ਨਾਮ ਲੈਟਿਨ ਸ਼ਬਦ Februa ਤੋਂ ਆਇਆ ਹੈ, ਜਿਸ ਦਾ ਅਰਥ ਸ਼ੁੱਧੀਕਰਨ ਹੁੰਦਾ ਹੈ। ਰੋਮ ਵਿੱਚ ਇਸ ਮਹੀਨੇ Februa ਜਾਂ Februália ਨਾਮ ਦਾ ਤਿਉਹਾਰ ਮਨਾਇਆ ਜਾਂਦਾ ਸੀ। ਇਸ ਦੌਰਾਨ ਲੋਕ ਪਾਪ ਅਤੇ ਅਸ਼ੁੱਧੀਆਂ ਨੂੰ ਦੂਰ ਕਰਨ ਲਈ ਵੱਖ-ਵੱਖ ਰਸਮਾਂ ਕਰਦੇ ਸਨ।
ਇਹ ਵੀ ਪੜ੍ਹੋ
ਰੋਮਨ ਸਾਲ ਦਾ ਆਖਰੀ ਮਹੀਨਾ ਹੋਣ ਕਰਕੇ ਇਸ ਨੂੰ ਪੁਰਾਣੇ ਸਾਲ ਦੀ ਸਫਾਈ ਦਾ ਸਮਾਂ ਵੀ ਮੰਨਿਆ ਜਾਂਦਾ ਸੀ। ਸ਼ਾਇਦ ਇਸੇ ਕਾਰਨ ਵਾਧੂ ਦਿਨ, ਯਾਨੀ ਲੀਪ ਈਅਰ ਵਾਲਾ ਦਿਨ, ਅੱਜ ਵੀ ਇਸੇ ਮਹੀਨੇ ਵਿੱਚ ਜੋੜਿਆ ਜਾਂਦਾ ਹੈ।
ਮਾਰਚ: ਯੁੱਧ ਦੇ ਦੇਵਤਾ ਦਾ ਮਹੀਨਾ
ਮਾਰਚ ਦਾ ਨਾਮ ਰੋਮਨ ਯੁੱਧ ਦੇਵਤਾ ਮਾਰਸ (Mars) ਦੇ ਨਾਮ ‘ਤੇ ਰੱਖਿਆ ਗਿਆ ਸੀ। ਪੁਰਾਣੇ ਰੋਮਨ ਕੈਲੰਡਰ ਵਿੱਚ ਇਹ ਸਾਲ ਦਾ ਪਹਿਲਾ ਮਹੀਨਾ ਹੁੰਦਾ ਸੀ।
ਸਰਦੀ ਖਤਮ ਹੋਣ ਤੋਂ ਬਾਅਦ ਇਸੇ ਸਮੇਂ ਫੌਜੀ ਮੁਹਿੰਮਾਂ ਸ਼ੁਰੂ ਹੁੰਦੀਆਂ ਸਨ। ਇਸ ਲਈ ਯੁੱਧ ਦੇ ਦੇਵਤਾ ਦਾ ਮਹੀਨਾ ਸਾਲ ਦੀ ਸ਼ੁਰੂਆਤ ਵਿੱਚ ਰੱਖਿਆ ਗਿਆ। ਇੰਗਲੈਂਡ ਵਿੱਚ ਵੀ 1752 ਤੱਕ ਕਾਨੂੰਨੀ ਨਵਾਂ ਸਾਲ ਮਾਰਚ ਦੇ ਅਖੀਰ ਵਿੱਚ ਸ਼ੁਰੂ ਹੁੰਦਾ ਸੀ।
ਅਪ੍ਰੈਲ: ਕਲੀਆਂ ਦੇ ਖਿੜਨ ਦਾ ਮਹੀਨਾ
ਅਪ੍ਰੈਲ ਦੇ ਨਾਮ ਨੂੰ ਲੈ ਕੇ ਇਤਿਹਾਸਕਾਰਾਂ ਵਿੱਚ ਪੂਰੀ ਸਹਿਮਤੀ ਨਹੀਂ ਹੈ। ਇੱਕ ਧਾਰਨਾ ਮੁਤਾਬਕ ਇਹ ਲੈਟਿਨ ਸ਼ਬਦ aperire ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਖੋਲ੍ਹਣਾ। ਬਸੰਤ ਰੁੱਤ ਵਿੱਚ ਕਲੀਆਂ ਅਤੇ ਫੁੱਲ ਖਿੜਦੇ ਹਨ, ਇਸ ਲਈ ਇਹ ਨਾਮ ਢੁਕਵਾਂ ਲੱਗਦਾ ਹੈ।
ਦੂਜੀ ਧਾਰਨਾ ਅਨੁਸਾਰ ਇਸ ਦਾ ਸਬੰਧ ਯੂਨਾਨੀ ਦੇਵੀ ਐਫਰੋਡਾਈਟ ਨਾਲ ਹੈ, ਜਿਨ੍ਹਾਂ ਨੂੰ ਰੋਮ ਵਿੱਚ ਵੀਨਸ ਕਿਹਾ ਜਾਂਦਾ ਸੀ। ਹਾਲਾਂਕਿ ਇਸ ਬਾਰੇ ਕੋਈ ਪੱਕਾ ਸਬੂਤ ਨਹੀਂ ਹੈ।
ਮਈ: ਉਪਜਾਊਪਣ ਦੀ ਦੇਵੀ
ਮਈ ਦਾ ਨਾਮ ਆਮ ਤੌਰ ‘ਤੇ ਮਾਇਆ (Maia) ਨਾਲ ਜੋੜਿਆ ਜਾਂਦਾ ਹੈ। ਮਾਇਆ ਵਾਧੇ ਅਤੇ ਉਪਜਾਊਪਣ ਦੀ ਰੋਮਨ ਦੇਵੀ ਸਨ। ਬਸੰਤ ਦੇ ਮੌਸਮ ਵਿੱਚ ਫਸਲਾਂ ਵਧਦੀਆਂ ਸਨ, ਇਸ ਲਈ ਖੇਤੀਬਾੜੀ ‘ਤੇ ਨਿਰਭਰ ਰੋਮਨ ਸਮਾਜ ਵਿੱਚ ਇਸ ਦੇਵੀ ਦੀ ਖਾਸ ਮਹੱਤਤਾ ਸੀ।
ਕੁਝ ਵਿਦਵਾਨ ਇਸ ਨਾਮ ਨੂੰ ਲੈਟਿਨ ਸ਼ਬਦ maiores ਨਾਲ ਵੀ ਜੋੜਦੇ ਹਨ, ਜਿਸ ਦਾ ਅਰਥ ਬਜ਼ੁਰਗ ਹੁੰਦਾ ਹੈ।
ਜੂਨ: ਦੇਵਤਿਆਂ ਦੀ ਰਾਣੀ
ਜੂਨ ਦਾ ਨਾਮ ਜੂਨੋ (Juno) ਦੇ ਨਾਮ ‘ਤੇ ਪਿਆ। ਜੂਨੋ ਰੋਮਨ ਦੇਵਤਿਆਂ ਦੇ ਰਾਜਾ ਜੁਪੀਟਰ ਦੀ ਪਤਨੀ ਅਤੇ ਵਿਆਹ ‘ਤੇ ਪਰਿਵਾਰ ਦੀ ਦੇਵੀ ਮੰਨੀ ਜਾਂਦੀ ਸੀ।
ਇਹੀ ਕਾਰਨ ਹੈ ਕਿ ਅੱਜ ਵੀ ਕਈ ਪੱਛਮੀ ਸੱਭਿਆਚਾਰਾਂ ਵਿੱਚ ਜੂਨ ਦੇ ਮਹੀਨੇ ਨੂੰ ਵਿਆਹ ਲਈ ਸ਼ੁਭ ਮੰਨਣ ਦੀ ਧਾਰਨਾ ਹੈ। ਇੱਕ ਹੋਰ ਵਿਆਖਿਆ ਇਸ ਨਾਮ ਨੂੰ Iuniores ਸ਼ਬਦ ਨਾਲ ਜੋੜਦੀ ਹੈ, ਜਿਸ ਦਾ ਅਰਥ ਨੌਜਵਾਨ ਹੈ। ਜਿਵੇਂ ਮਈ ਨੂੰ ਬਜ਼ੁਰਗਾਂ ਨਾਲ ਜੋੜਿਆ ਜਾਂਦਾ ਹੈ।
ਜੁਲਾਈ: ਜੂਲੀਅਸ ਸੀਜ਼ਰ ਦੇ ਨਾਮ ‘ਤੇ
ਜੁਲਾਈ ਦਾ ਪੁਰਾਣਾ ਨਾਮ Quintilis ਸੀ, ਜਿਸ ਦਾ ਅਰਥ ਪੰਜਵਾਂ ਹੁੰਦਾ ਹੈ। ਅਜਿਹਾ ਇਸ ਲਈ ਕਿਉਂਕਿ ਉਸ ਸਮੇਂ ਸਾਲ ਦੀ ਗਿਣਤੀ ਮਾਰਚ ਤੋਂ ਸ਼ੁਰੂ ਹੁੰਦੀ ਸੀ।
44 ਈਸਾ ਪੂਰਵ ਵਿੱਚ ਜੂਲੀਅਸ ਸੀਜ਼ਰ ਦੀ ਹੱਤਿਆ ਤੋਂ ਬਾਅਦ ਰੋਮਨ ਸੈਨੇਟ ਨੇ ਉਨ੍ਹਾਂ ਦੇ ਸਨਮਾਨ ਵਿੱਚ ਇਸ ਮਹੀਨੇ ਦਾ ਨਾਮ ਬਦਲ ਕੇ Julius ਕਰ ਦਿੱਤਾ। ਸੀਜ਼ਰ ਦਾ ਜਨਮ ਵੀ ਇਸੇ ਮਹੀਨੇ ਵਿੱਚ ਹੋਇਆ ਸੀ।
ਇਸ ਤੋਂ ਪਹਿਲਾਂ 45 ਈਸਾ ਪੂਰਵ ਵਿੱਚ ਜੂਲੀਅਸ ਸੀਜ਼ਰ ਨੇ ਜੂਲੀਅਨ ਕੈਲੰਡਰ ਲਾਗੂ ਕੀਤਾ ਸੀ, ਜੋ ਲਗਭਗ 1600 ਸਾਲ ਤੱਕ ਵਰਤੋਂ ਵਿੱਚ ਰਿਹਾ।
ਅਗਸਤ: ਪਹਿਲੇ ਰੋਮਨ ਸਮਰਾਟ ਦੇ ਨਾਮ ‘ਤੇ
ਅਗਸਤ ਦਾ ਪੁਰਾਣਾ ਨਾਮ Sextilis ਸੀ, ਜਿਸ ਦਾ ਅਰਥ ਛੇਵਾਂ ਹੁੰਦਾ ਹੈ। ਲਗਭਗ 8 ਈਸਾ ਪੂਰਵ ਵਿੱਚ ਇਸ ਮਹੀਨੇ ਦਾ ਨਾਮ ਪਹਿਲੇ ਰੋਮਨ ਸਮਰਾਟ ਆਗਸਟਸ ਦੇ ਨਾਮ ‘ਤੇ ਰੱਖਿਆ ਗਿਆ।
ਕਿਹਾ ਜਾਂਦਾ ਹੈ ਕਿ ਆਗਸਟਸ ਦੀਆਂ ਜ਼ਿੰਦਗੀ ਦੀਆਂ ਕਈ ਵੱਡੀਆਂ ਜਿੱਤਾਂ ਇਸੇ ਮਹੀਨੇ ਵਿੱਚ ਹੋਈਆਂ ਸਨ।
ਇੱਕ ਮਸ਼ਹੂਰ ਕਹਾਣੀ ਇਹ ਵੀ ਹੈ ਕਿ ਜੁਲਾਈ ਦੇ ਬਰਾਬਰ ਕਰਨ ਲਈ ਅਗਸਤ ਵਿੱਚ 31 ਦਿਨ ਕੀਤੇ ਗਏ ਅਤੇ ਇਸ ਲਈ ਫਰਵਰੀ ਵਿੱਚੋਂ ਇੱਕ ਦਿਨ ਘਟਾ ਦਿੱਤਾ ਗਿਆ। ਹਾਲਾਂਕਿ ਆਧੁਨਿਕ ਇਤਿਹਾਸਕਾਰ ਇਸ ਕਹਾਣੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ ਅਤੇ ਇਸ ਨੂੰ ਬਾਅਦ ਵਿੱਚ ਬਣਾਈ ਗਈ ਕਹਾਣੀ ਮੰਨਦੇ ਹਨ।
ਸਤੰਬਰ ਤੋਂ ਦਸੰਬਰ: ਗਿਣਤੀ ਤੋਂ ਬਣੇ ਨਾਮ
ਆਖਰੀ ਚਾਰ ਮਹੀਨਿਆਂ ਦੇ ਨਾਮ ਸਿੱਧੇ ਤੌਰ ‘ਤੇ ਸੰਖਿਆਵਾਂ ਤੋਂ ਬਣੇ ਹਨ:
- ਸਤੰਬਰ: ਲੈਟਿਨ Septem, ਅਰਥਾਤ ਸੱਤ
- ਅਕਤੂਬਰ: Octo, ਅਰਥਾਤ ਅੱਠ
- ਨਵੰਬਰ: Novem, ਅਰਥਾਤ ਨੌਂ
- ਦਸੰਬਰ: Decem, ਅਰਥਾਤ ਦਸ
ਜਦੋਂ ਸਾਲ ਦੀ ਸ਼ੁਰੂਆਤ ਮਾਰਚ ਤੋਂ ਹੁੰਦੀ ਸੀ, ਤਾਂ ਇਹ ਚਾਰੇ ਮਹੀਨੇ ਅਸਲ ਵਿੱਚ ਕ੍ਰਮਵਾਰ 7ਵਾਂ, 8ਵਾਂ, 9ਵਾਂ ਅਤੇ 10ਵਾਂ ਮਹੀਨਾ ਸਨ।
ਪਰ ਜਦੋਂ ਜਨਵਰੀ ਅਤੇ ਫਰਵਰੀ ਨੂੰ ਜੋੜਿਆ ਗਿਆ ਅਤੇ ਸਾਲ ਦੀ ਸ਼ੁਰੂਆਤ ਜਨਵਰੀ ਤੋਂ ਹੋਣ ਲੱਗੀ ਤਾਂ ਇਹ ਮਹੀਨੇ ਖਿਸਕ ਕੇ 9ਵੇਂ ਤੋਂ 12ਵੇਂ ਮਹੀਨੇ ਬਣ ਗਏ। ਇਨ੍ਹਾਂ ਦੇ ਨਾਮ ਪੁਰਾਣੇ ਹੀ ਰਹਿ ਗਏ, ਪਰ ਮਹੀਨਿਆਂ ਦੀ ਗਿਣਤੀ ਬਦਲ ਗਈ। ਇਹ ਕੈਲੰਡਰ ਦੀਆਂ ਸਭ ਤੋਂ ਦਿਲਚਸਪ ਵਿਸੰਗਤੀਆਂ ਵਿੱਚੋਂ ਇੱਕ ਹੈ।
ਗ੍ਰੇਗੋਰੀਅਨ ਕੈਲੰਡਰ: ਅੱਜ ਦਾ ਰੂਪ
ਜੂਲੀਅਨ ਕੈਲੰਡਰ ਵਿੱਚ ਸਾਲ ਦੀ ਲੰਬਾਈ ਅਸਲ ਸੂਰਜੀ ਸਾਲ ਨਾਲੋਂ ਥੋੜ੍ਹੀ ਜ਼ਿਆਦਾ ਸੀ। ਇਸ ਕਾਰਨ ਸਦੀਆਂ ਬੀਤਣ ਨਾਲ ਤਾਰੀਖਾਂ ਹੌਲੀ-ਹੌਲੀ ਖਿਸਕਦੀਆਂ ਗਈਆਂ। ਇਸ ਸਮੱਸਿਆ ਨੂੰ ਠੀਕ ਕਰਨ ਲਈ 1582 ਵਿੱਚ ਪੋਪ ਗ੍ਰੇਗਰੀ ਤੇਰ੍ਹਵੇਂ ਨੇ ਗ੍ਰੇਗੋਰੀਅਨ ਕੈਲੰਡਰ ਲਾਗੂ ਕੀਤਾ। ਇਸ ਵਿੱਚ ਲੀਪ ਈਅਰ ਦੇ ਨਿਯਮਾਂ ਵਿੱਚ ਸੁਧਾਰ ਕੀਤੇ ਗਏ। ਹਾਲਾਂਕਿ ਮਹੀਨਿਆਂ ਦੇ ਨਾਮ ਉਹੀ ਰੱਖੇ ਗਏ। ਬ੍ਰਿਟੇਨ ਅਤੇ ਉਸ ਦੀਆਂ ਕਲੋਨੀਆਂ ਨੇ ਇਸ ਕੈਲੰਡਰ ਨੂੰ 1752 ਵਿੱਚ ਅਪਣਾਇਆ। ਇਸੇ ਕਾਰਨ ਭਾਰਤ ਵਿੱਚ ਵੀ ਅੰਗਰੇਜ਼ੀ ਰਾਜ ਦੌਰਾਨ ਇਹ ਕੈਲੰਡਰ ਪ੍ਰਚਲਿਤ ਹੋ ਗਿਆ।


