ਅਮਰੀਕਾ ਪੇਸ਼ ਕਰੇ ਸਬੂਤ…ਖਾਲਿਸਤਾਨੀ ਅੱਤਵਾਦੀ ਪੰਨੂ ਦੇ ਕਤਲ ਦੀ ਸਾਜ਼ਿਸ਼ ‘ਤੇ ਪਹਿਲੀ ਵਾਰ ਬੋਲੇ PM ਮੋਦੀ
PM Modi on Pannu: ਅਮਰੀਕਾ ਦੇ ਆਰੋਪਾਂ ਨੂੰ ਲੈ ਕੇ ਪੀਐਮ ਮੋਦੀ ਨੇ ਕਿਹਾ ਕਿ ਇਸ ਸਬੰਧੀ ਸਬੂਤ ਪੇਸ਼ ਕਰੇ। ਅਸੀਂ ਯਕੀਨੀ ਤੌਰ 'ਤੇ ਇਸ 'ਤੇ ਵਿਚਾਰ ਕਰਾਂਗੇ। ਅਜਿਹੀਆਂ ਕੁਝ ਘਟਨਾਵਾਂ ਕਾਰਨ ਭਾਰਤ-ਅਮਰੀਕਾ ਦੇ ਸਬੰਧਾਂ 'ਤੇ ਕੋਈ ਅਸਰ ਨਹੀਂ ਪਵੇਗਾ। ਦੱਸ ਦੇਈਏ ਕਿ ਭਾਰਤ ਨੇ ਪੰਨੂ ਨੂੰ ਸਾਲ 2020 'ਚ ਅੱਤਵਾਦੀ ਘੋਸ਼ਿਤ ਕੀਤਾ ਸੀ। ਪਨੂੰ ਉਦੋਂ ਤੋਂ ਹੀ ਅਮਰੀਕਾ ਵਿੱਚ ਬੈਠ ਕੇ ਭਾਰਤ ਖਿਲਾਫ਼ ਅੱਤਵਾਦੀ ਸਰਰਮੀਆਂ ਨੂੰ ਅੰਜਾਮ ਦੇ ਰਿਹਾ ਹੈ।

ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਦੇ ਕਤਲ ਦੀ ਸਾਜ਼ਿਸ਼ ਵਿਚ ਭਾਰਤੀ ਅਧਿਕਾਰੀ ਦੇ ਸ਼ਾਮਲ ਹੋਣ ਦੇ ਅਮਰੀਕੀ ਦਾਅਵੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਪੀਐਮ ਮੋਦੀ ਨੇ ਕਿਹਾ ਕਿ ਜੇਕਰ ਅਮਰੀਕਾ ਕੋਲ ਇਸ ਸਬੰਧੀ ਕੋਈ ਸਬੂਤ ਹੈ ਤਾਂ ਉਹ ਪੇਸ਼ ਕਰੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀਆਂ ਕੁਝ ਘਟਨਾਵਾਂ ਕਾਰਨ ਭਾਰਤ ਅਤੇ ਅਮਰੀਕਾ ਦੇ ਸਬੰਧਾਂ ‘ਤੇ ਕੋਈ ਅਸਰ ਨਹੀਂ ਪਵੇਗਾ।
ਫਾਈਨੈਂਸ਼ੀਅਲ ਟਾਈਮਜ਼ ਨੂੰ ਦਿੱਤੇ ਇਸ ਇੰਟਰਵਿਊ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਜੇਕਰ ਕੋਈ ਮੈਨੂੰ ਇਸ ਬਾਰੇ ਕੋਈ ਸਬੂਤ ਦਿੰਦਾ ਹੈ ਤਾਂ ਅਸੀਂ ਜ਼ਰੂਰ ਇਸ ‘ਤੇ ਵਿਚਾਰ ਕਰਾਂਗੇ। ਜੇਕਰ ਸਾਡੇ ਨਾਗਰਿਕਾਂ ਵਿੱਚੋਂ ਕਿਸੇ ਨੇ ਕੁਝ ਚੰਗਾ ਜਾਂ ਮਾੜਾ ਕੀਤਾ ਹੈ ਤਾਂ ਅਸੀਂ ਉਸ ‘ਤੇ ਵਿਚਾਰ ਕਰਾਂਗੇ। ਕਾਨੂੰਨ ਦੇ ਰਾਜ ਪ੍ਰਤੀ ਸਾਡੀ ਵਚਨਬੱਧਤਾ ਹੈ। ਅਮਰੀਕਾ ਨੇ ਹਾਲ ਹੀ ਵਿੱਚ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿੱਚ ਇੱਕ ਭਾਰਤੀ ਅਧਿਕਾਰੀ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਸੀ।
ਭਾਰਤ ਨੇ 2020 ਵਿੱਚ ਪੰਨੂ ਨੂੰ ਘੋਸ਼ਿਤ ਕੀਤਾ ਸੀ ਅੱਤਵਾਦੀ
ਬਾਈਡੇਨ ਪ੍ਰਸ਼ਾਸਨ ਨੇ ਕਿਹਾ ਸੀ ਕਿ ਇਸ ਸਾਜ਼ਿਸ਼ ਵਿਚ ਇਕ ਭਾਰਤੀ ਅਧਿਕਾਰੀ ਸ਼ਾਮਲ ਸੀ। ਅਮਰੀਕਾ ਦੇ ਇਨ੍ਹਾਂ ਆਰੋਪਾਂ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਇਕ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਅਮਰੀਕਾ ਦੇ ਦਾਅਵਿਆਂ ਅਤੇ ਸਬੂਤਾਂ ਦੀ ਜਾਂਚ ਕਰੇਗੀ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਪੱਛਮੀ ਦੇਸ਼ ਵੱਖਵਾਦੀ ਤੱਤਾਂ ਨੂੰ ਉਤਸ਼ਾਹਿਤ ਨਹੀਂ ਕਰਨ। ਦੱਸ ਦੇਈਏ ਕਿ ਭਾਰਤ ਨੇ ਸਾਲ 2020 ਵਿੱਚ ਗੁਰਪਤਵੰਤ ਸਿੰਘ ਪੰਨੂ ਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ।
ਭਾਰਤੀ ਅਫਸਰ ਨੇ ਰਚੀ ਸੀ ਪੰਨੂ ਦੇ ਕਤਲ ਦੀ ਸਾਜ਼ਿਸ਼- ਯੂਐੱਸ
ਅਮਰੀਕੀ ਨਿਆਂ ਵਿਭਾਗ ਨੇ 29 ਨਵੰਬਰ ਨੂੰ ਜਾਰੀ ਇੱਕ ਬਿਆਨ ‘ਚ ਕਿਹਾ ਸੀ ਕਿ ਭਾਰਤੀ ਮੂਲ ਦੇ ਨਿਖਿਲ ਗੁਪਤਾ ਨੇ ਨਿਊਯਾਰਕ ‘ਚ ਖਾਲਿਸਤਾਨੀ ਨੇਤਾ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਗੁਪਤਾ ਨੂੰ ਭਾਰਤੀ ਅਧਿਕਾਰੀ ਤੋਂ ਹਦਾਇਤਾਂ ਮਿਲੀਆਂ ਸਨ। ਨਿਖਿਲ ਗੁਪਤਾ ਨੂੰ ਜੂਨ ਵਿੱਚ ਚੈੱਕ ਗਣਰਾਜ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਦੀ ਅਮਰੀਕਾ ਹਵਾਲਗੀ ਦੀ ਪ੍ਰਕਿਰਿਆ ਚੱਲ ਰਹੀ ਹੈ।
2019 ਤੋਂ NIA ਦੇ ਰਾਡਾਰ ‘ਤੇ ਅੱਤਵਾਦੀ ਪੰਨੂ
ਦੱਸ ਦੇਈਏ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA)ਨੇ ਪੰਨੂ ਖਿਲਾਫ ਇਸ ਸਾਲ ਪਹਿਲਾ ਮਾਮਲਾ ਦਰਜ ਕੀਤਾ ਸੀ। ਖਾਲਿਸਤਾਨੀ ਅੱਤਵਾਦੀ ਪੰਨੂ 2019 ਤੋਂ NIA ਦੇ ਰਾਡਾਰ ‘ਤੇ ਹੈ। ਵਿਦੇਸ਼ ਵਿੱਚ ਰਹਿੰਦਿਆਂ ਪੰਨੂ ਲਗਾਤਾਰ ਭਾਰਤ ਵਿਰੋਧੀ ਗਤੀਵਿਧੀਆਂ ਕਰਦਾ ਆ ਰਿਹਾ ਹੈ। ਉਸ ‘ਤੇ ਪੰਜਾਬ ‘ਚ ਵੱਖਵਾਦ ਵਧਾਉਣ ਦਾ ਦੋਸ਼ ਹੈ। ਇਸ ਤੋਂ ਇਲਾਵਾ ਉਸ ‘ਤੇ ਨੌਜਵਾਨਾਂ ਨੂੰ ਭਾਰਤ ਵਿਚ ਵੱਖਰਾ ਖਾਲਿਸਤਾਨ ਰਾਜ ਬਣਾਉਣ ਲਈ ਉਕਸਾਉਣ ਦਾ ਵੀ ਆਰੋਪ ਹੈ।