300 ਕਰੋੜ ਤਾਂ ਸਿਰਫ ਇਕ ਝਲਕ ਹੈ… ਬੇਸ਼ੁਮਾਰ ਦੌਲਤ ਵਾਲੇ ਕਾਂਗਰਸੀ ਸਾਂਸਦ ਦੇ 7 ਕਮਰੇ ਅਤੇ 9 ਤਿਜੋਰੀਆਂ ਹਾਲੇ ਖੁੱਲ੍ਹਣੀਆਂ ਬਾਕੀ ਹਨ
ਆਮਦਨ ਕਰ ਵਿਭਾਗ ਨੇ ਇਹ ਛਾਪੇਮਾਰੀ ਟੈਕਸ ਚੋਰੀ ਦੇ ਇਲਾਜ਼ਮ 'ਚ ਓਡੀਸ਼ਾ ਸਥਿਤ ਸ਼ਰਾਬ ਬਣਾਉਣ ਵਾਲੀ ਕੰਪਨੀ ਦੇ ਖਿਲਾਫ ਕੀਤੀ ਹੈ। ਇਹ ਕੰਪਨੀ ਕਾਂਗਰਸ ਦੇ ਸੰਸਦ ਮੈਂਬਰ ਧੀਰਜ ਸਾਹੂ ਦੀ ਦੱਸੀ ਜਾਂਦੀ ਹੈ। ਹੁਣ ਤੱਕ 300 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਜਾ ਚੁੱਕੀ ਹੈ। ਅੱਜ ਸ਼ਨੀਵਾਰ ਨੂੰ ਲਗਾਤਾਰ ਚੌਥੇ ਦਿਨ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।
ਨਵੀਂ ਦਿੱਲੀ। ਪੀਐੱਮ ਮੋਦੀ ਨੇ ਕਿਹਾ ਕਿ ਜਿਹੜੇ ਲੋਕ ਵੀ ਭ੍ਰਿਸ਼ਟਾਚਾਰ ਕਰਨਗੇ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸਦੇ ਤਹਿਤ ਹੀ ਕਾਂਗਰਸੀ ਐਮਪੀ ਧੀਰਜ ਸਾਹੂ (Congress MP Dheeraj Sahu) ਦੇ ਟਿਕਾਣਿਆਂ ਤੇ ਇਨਕਮ ਟੈਕਸ ਵਿਭਾਗ ਨੇ ਰੇਡ ਮਾਰੀ ਤੇ ਹੁਣ ਤੱਕ 300 ਕਰੋੜ ਬਰਾਮਦ ਕੀਤਾ ਹੈ। ਪਰ ਹਾਲੇ ਵੀ ਸੂਤਰਾਂ ਅਨੁਸਾਰ ਕਰੀਬ 6-7 ਕਮਰੇ ਅਜਿਹੇ ਹਨ ਜਿਨ੍ਹਾਂ ਦੀ ਜਾਂਚ ਹੋਣੀ ਬਾਕੀ ਹੈ।
9 ਲਾਕਰ ਅਜੇ ਖੋਲ੍ਹੇ ਜਾਣੇ ਹਨ। ਜਿਨ੍ਹਾਂ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਉਹ ਹਨ ਮਰਕਰੀ ਡਿਸਟਿਲਰੀਜ਼ ਪ੍ਰਾਈਵੇਟ ਲਿਮਟਿਡ ਕੰਪਨੀ ਅਤੇ ਇਸ ਨਾਲ ਜੁੜੇ ਅਹਾਤੇ। ਮਰਕਰੀ ਡਿਸਟਿਲਰੀਜ਼ ਪ੍ਰਾਈਵੇਟ ਲਿਮਿਟੇਡ ਇੱਕ ਸ਼ਰਾਬ ਬਣਾਉਣ ਵਾਲੀ ਕੰਪਨੀ ਹੈ। ਕੰਪਨੀ ਕਾਂਗਰਸ (Congress) ਦੇ ਸੰਸਦ ਮੈਂਬਰ ਧੀਰਜ ਸਾਹੂ ਦੀ ਦੱਸੀ ਜਾਂਦੀ ਹੈ। ਇਨਕਮ ਟੈਕਸ ਨੇ ਇਹ ਛਾਪੇਮਾਰੀ ਟੈਕਸ ਚੋਰੀ ਦੇ ਦੋਸ਼ ‘ਚ ਕੀਤੀ ਹੈ।
ਪੀਐਮ ਮੋਦੀ ਨੇ ਵਿਰੋਧੀ ਧਿਰ ਨੂੰ ਨਿਸ਼ਾਨੇ ਤੇ ਲਿਆ
ਪ੍ਰਧਾਨ ਮੰਤਰੀ ਮੋਦੀ (Prime Minister Modi) ਨੇ ਵੀ ਧੀਰਜ ਸਾਹੂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਵਿਰੋਧੀ ਧਿਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਜਨਤਾ ਦਾ ਲੁੱਟਿਆ ਪੈਸਾ ਵਾਪਸ ਕਰਨਾ ਹੋਵੇਗਾ। ਪ੍ਰਧਾਨ ਮੰਤਰੀ ਨੇ ਟਵਿੱਟਰ ‘ਤੇ ਇਕ ਪੋਸਟ ‘ਚ ਲਿਖਿਆ, ”ਦੇਸ਼ਵਾਸੀਆਂ ਨੂੰ ਕਰੰਸੀ ਨੋਟਾਂ ਦੇ ਇਨ੍ਹਾਂ ਢੇਰਾਂ ਨੂੰ ਦੇਖਣਾ ਚਾਹੀਦਾ ਹੈ ਅਤੇ ਫਿਰ ਆਪਣੇ ਨੇਤਾਵਾਂ ਦੇ ਇਮਾਨਦਾਰ ‘ਭਾਸ਼ਣ’ ਨੂੰ ਸੁਣਨਾ ਚਾਹੀਦਾ ਹੈ… ਜਨਤਾ ਤੋਂ ਜੋ ਲੁੱਟਿਆ ਗਿਆ ਹੈ ਉਸ ਦਾ ਇਕ-ਇਕ ਪੈਸਾ ਵਾਪਸ ਕਰਨਾ ਹੋਵੇਗਾ। ਇਹ ਮੋਦੀ ਦੀ ਗਾਰੰਟੀ ਹੈ।
ਕੰਪਨੀ ਦੇ ਕਾਰਪੋਰੇਟ ਦਫਤਰ ਦੀ ਵੀ ਲਈ ਤਲਾਸ਼ੀ
ਆਮਦਨ ਕਰ ਵਿਭਾਗ ਨੇ ਸੰਬਲਪੁਰ, ਬੋਲਾਂਗੀਰ, ਤਿਤਿਲਾਗੜ੍ਹ, ਬੋਧ, ਸੁੰਦਰਗੜ੍ਹ, ਰੁੜਕੇਲਾ ਅਤੇ ਭੁਵਨੇਸ਼ਵਰ ਵਿੱਚ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਸਬੰਧੀ ਸ਼ਰਾਬ ਦਾ ਕਾਰੋਬਾਰ ਕਰਨ ਵਾਲੀ ਕੰਪਨੀ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਆਮਦਨ ਕਰ ਵਿਭਾਗ ਦੀ ਟੀਮ ਨੇ ਭੁਵਨੇਸ਼ਵਰ ਦੇ ਪਾਲਸਾਪੱਲੀ ਸਥਿਤ ਕੰਪਨੀ ਦੇ ਕਾਰਪੋਰੇਟ ਦਫਤਰ ਦੀ ਵੀ ਤਲਾਸ਼ੀ ਲਈ।
ਕੰਪਨੀ ਦੇ ਕੁਝ ਅਧਿਕਾਰੀਆਂ ਦੇ ਘਰਾਂ, ਕੰਪਨੀ ਦੀ ਫੈਕਟਰੀ ਅਤੇ ਦਫਤਰ ਅਤੇ ਰਾਨੀਸਤੀ ਰਾਈਸ ਮਿੱਲ ਦੀ ਵੀ ਤਲਾਸ਼ੀ ਲਈ ਗਈ। ਇਨਕਮ ਟੈਕਸ ਵਿਭਾਗ ਦੇ ਸਾਬਕਾ ਕਮਿਸ਼ਨਰ ਸ਼ਰਤ ਚੰਦਰ ਦਾਸ ਨੇ ਕਿਹਾ ਸੀ ਕਿ ਉੜੀਸਾ ‘ਚ ਇਨਕਮ ਟੈਕਸ ਵਿਭਾਗ ਵੱਲੋਂ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਨਕਦੀ ਜ਼ਬਤ ਹੋ ਸਕਦੀ ਹੈ। ਸ਼ਰਤ ਚੰਦਰ ਦਾਸ ਨੇ ਕਿਹਾ ਕਿ ਮੈਂ ਸੂਬੇ ‘ਚ ਇੰਨੀ ਵੱਡੀ ਨਕਦੀ ਬਰਾਮਦ ਹੋਈ ਕਦੇ ਨਹੀਂ ਦੇਖੀ।
ਇਹ ਵੀ ਪੜ੍ਹੋ
ਗ੍ਰਿਫਤਾਰ ਕਰਨ ਦੀ ਕੀਤੀ ਮੰਗ
ਦੂਜੇ ਪਾਸੇ ਭਾਜਪਾ ਦੀ ਝਾਰਖੰਡ ਇਕਾਈ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਬਾਬੂਲਾਲ ਮਰਾਂਡੀ ਨੇ ਧੀਰਜ ਸਾਹੂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਮਰਾਂਡੀ ਨੇ ਮੰਗ ਕੀਤੀ ਕਿ ਸਾਹੂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇ ਅਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ।ਉਨ੍ਹਾਂ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਅਤੇ ਦੋਸ਼ ਲਾਇਆ ਕਿ ਇਸ ਰਕਮ ਦੇ ਕਾਂਗਰਸ ਦੀ ਉੱਚ ਲੀਡਰਸ਼ਿਪ ਦੇ ਨਾਲ-ਨਾਲ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨਾਲ ਵੀ ਸਬੰਧ ਹਨ।