Prince Tewatia Murder: ਤਿਹਾੜ ਜੇਲ੍ਹ ‘ਚ ਗੈਂਗ ਵਾਰ, ਗੈਂਗਸਟਰ ਪ੍ਰਿੰਸ ਤੇਵਤੀਆ ਦਾ ਚਾਕੂਆਂ ਨਾਲ ਕਤਲ
ਖਤਰਨਾਕ ਗੈਂਗਸਟਰ ਪ੍ਰਿੰਸ ਤੇਵਤੀਆ ਦਾ Delhi's Tihar Jail ਵਿੱਚ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਜੇਲ ਦੇ ਅੰਦਰ ਹੀ ਉਸ 'ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ।
ਨਵੀਂ ਦਿੱਲੀ। ਦਿੱਲੀ ਦੀ ਤਿਹਾੜ ਜੇਲ੍ਹ (Tihar Jail) ਵਿੱਚ ਸ਼ੁੱਕਰਵਾਰ ਸ਼ਾਮ ਨੂੰ ਗੈਂਗ ਵਾਰ ਦੀ ਘਟਨਾ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਗੈਂਗ ਵਾਰ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਪ੍ਰਿੰਸ ਤੇਵਤੀਆ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇਹ ਗੈਂਗ ਵਾਰ ਦੀ ਘਟਨਾ ਸ਼ਾਮ ਕਰੀਬ 5 ਵਜੇ ਵਾਪਰੀ, ਜਿਸ ਵਿੱਚ ਹੋਰ ਵੀ ਕਈ ਕੈਦੀ ਗੰਭੀਰ ਜਖਮੀ ਹੋ ਗਏ।
ਕਾਬਿਲੇ ਗੌਰ ਹੈ ਕਿ ਗੈਂਗ ਵਾਰ ਦੌਰਾਨ ਕੁਝ ਲੋਕਾਂ ਨੇ ਗੈਂਗਸਟਰ (Gangster) ਪ੍ਰਿੰਸ ਤੇਵਤੀਆ ‘ਤੇ ਹਮਲਾ ਕੀਤਾ ਸੀ। ਇਸ ਦੌਰਾਨ ਪ੍ਰਿੰਸ ‘ਤੇ 5 ਤੋਂ 7 ਵਾਰ ਚਾਕੂਆਂ ਨਾਲ ਹਮਲਾ ਕੀਤਾ ਗਿਆ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਜਦੋਂ ਪੁਲਿਸ ਦੇ ਅਧਿਕਾਰੀਆਂ ਨੂੰ ਇਸ ਗੈਂਗ ਵਾਰ ਬਾਰੇ ਜਦੋਂ ਪਤਾ ਲੱਗਾ ਤਾਂ ਉਨ੍ਹਾਂ ਨੇ ਜੇਲ੍ਹ ਨੰਬਰ 3 ਵਿੱਚ ਜਾ ਕੇ ਦੇਖਿਆ। ਜਿੱਥੇ ਪ੍ਰਿੰਸ ਜ਼ਖਮੀ ਹਾਲਤ ‘ਚ ਪਿਆ ਸੀ ਅਤੇ ਉਸ ਦੇ ਨਾਲ ਹੋਰ ਲੋਕ ਵੀ ਜ਼ਖਮੀ ਹੋ ਗਏ ਸਨ।
ਪੁਲਿਸ ਤੁਰੰਤ ਸਾਰੇ ਜ਼ਖਮੀਆਂ ਨੂੰ ਦਿੱਲੀ ਦੇ ਦੀਨ ਦਿਆਲ ਹਸਪਤਾਲ ਲੈ ਗਈ। ਇੱਥੇ ਪ੍ਰਿੰਸ ਤੇਵਤੀਆ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਬਾਕੀ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਇਸ ਗੈਂਗ ਵਾਰ ਵਿੱਚ ਰੋਹਿਤ ਚੌਧਰੀ ਗੈਂਗ ਦਾ ਨਾਮ ਸਾਹਮਣੇ ਆ ਰਿਹਾ ਹੈ।
ਦਸੰਬਰ ‘ਚ ਗ੍ਰਿਫਤਾਰ ਕੀਤਾ ਗਿਆ ਸੀ
ਦਿੱਲੀ ਪੁਲਿਸ (Delhi Police) ਨੇ ਪ੍ਰਿੰਸ ਤੇਵਤੀਆ ਨੂੰ ਦਸੰਬਰ 2022 ਵਿੱਚ ਗ੍ਰਿਫਤਾਰ ਕੀਤਾ ਸੀ। ਇਸ ਤੋਂ ਪਹਿਲਾਂ ਉਸਨੇ ਬੰਦੂਕ ਦੀ ਨੋਕ ‘ਤੇ ਫਾਰਚੂਨਰ ਕਾਰ ਲੁੱਟੀ ਸੀ। ਦੱਸ ਦੇਈਏ ਕਿ ਮਹਿਜ਼ 30 ਸਾਲ ਦਾ ਇਹ ਗੈਂਗਸਟਰ 2010 ਤੋਂ ਲਗਾਤਾਰ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਿਲ ਰਿਹਾ ਹੈ। ਉਸ ਖ਼ਿਲਾਫ਼ 16 ਗੰਭੀਰ ਇਲਜ਼ਾਮਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਪਰਾਧ ਦੀ ਦੁਨੀਆ ਵਿੱਚ ਆਪਣਾ ਨਾਮ ਕਮਾਉਣ ਦੀ ਇੱਛਾ ਕਾਰਨ ਪ੍ਰਿੰਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਹੱਥ ਮਿਲਾਇਆ। ਪੁਲਿਸ ਨੇ ਜਦੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਕੋਲੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਹੋਈ ਸੀ। ਪ੍ਰਿੰਸ ਉਸ ਸਮੇਂ ਵੱਡੀ ਗੈਂਗ ਵਾਰ ਦੀ ਤਿਆਰੀ ਕਰ ਰਿਹਾ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ