ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਵਿਗੜੀ ਸਿਹਤ, ਦਿੱਲੀ ਦੇ ਏਮਜ਼ ‘ਚ ਭਰਤੀ
ਅਡਵਾਨੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਰਾਹੀਂ ਕੀਤੀ ਸੀ। ਉਹ ਉਨ੍ਹਾਂ ਨੇਤਾਵਾਂ ਵਿੱਚੋਂ ਹਨ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਨੀਂਹ ਰੱਖੀ ਸੀ। ਉਹ ਤਿੰਨ ਵਾਰ ਭਾਜਪਾ ਦੇ ਕੌਮੀ ਪ੍ਰਧਾਨ ਰਹੇ। ਉਹ 1986 ਵਿੱਚ ਪਹਿਲੀ ਵਾਰ ਪਾਰਟੀ ਦੇ ਪ੍ਰਧਾਨ ਬਣੇ।

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਬੁੱਧਵਾਰ ਦੇਰ ਰਾਤ ਦਿੱਲੀ ਦੇ ਏਮਜ਼ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ ਅਡਵਾਨੀ ਨੂੰ ਬੁਢਾਪੇ ਨਾਲ ਜੁੜੀ ਸਮੱਸਿਆ ਕਾਰਨ ਏਮਜ਼ ‘ਚ ਭਰਤੀ ਕਰਵਾਇਆ ਗਿਆ ਹੈ। ਅਡਵਾਨੀ ਨੂੰ ਇਸ ਸਾਲ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਫਿਲਹਾਲ ਅਡਵਾਨੀ ਨੂੰ ਏਮਜ਼ ਦੇ ਜੇਰੀਏਟ੍ਰਿਕ ਵਿਭਾਗ ਦੇ ਡਾਕਟਰ ਦੀ ਨਿਗਰਾਨੀ ‘ਚ ਰੱਖਿਆ ਗਿਆ ਹੈ। ਸਾਬਕਾ ਉਪ ਪ੍ਰਧਾਨ ਮੰਤਰੀ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਨੂੰ ਰੂਟੀਨ ਚੈਕਅੱਪ ਲਈ ਏਮਜ਼ ਲਿਜਾਇਆ ਗਿਆ ਹੈ। ਫਿਲਹਾਲ ਲਾਲ ਕ੍ਰਿਸ਼ਨ ਅਡਵਾਨੀ ਦੀ ਸਿਹਤ ਠੀਕ ਹੈ।
ਇਸ ਸਾਲ ਮਿਲਿਆ ਭਾਰਤ ਰਤਨ
ਲਾਲ ਕ੍ਰਿਸ਼ਨ ਅਡਵਾਨੀ ਨੂੰ ਇਸ ਸਾਲ 30 ਮਾਰਚ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸਾਲ 2015 ਵਿੱਚ ਅਡਵਾਨੀ ਨੂੰ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।
ਇਸ ਸਾਲ ਫਰਵਰੀ ‘ਚ ਭਾਰਤ ਰਤਨ ਨਾਲ ਸਨਮਾਨਿਤ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਦਿੱਗਜ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਸੀ, ‘ਮੈਂ ਭਾਰਤ ਰਤਨ ਨੂੰ ਸਨਮਾਨ ਨਾਲ ਸਵੀਕਾਰ ਕਰਦਾ ਹਾਂ। ਇਹ ਸਿਰਫ਼ ਮੇਰਾ ਨਹੀਂ ਹੈ, ਇਹ ਉਨ੍ਹਾਂ ਵਿਚਾਰਾਂ ਅਤੇ ਸਿਧਾਂਤਾਂ ਦਾ ਆਦਰ ਹੈ ਜਿਨ੍ਹਾਂ ਦਾ ਅਸੀਂ ਆਪਣੀ ਸਾਰੀ ਉਮਰ ਪਾਲਣਾ ਕੀਤੀ ਹੈ।
ਅਡਵਾਨੀ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤੇ ਜਾਣ ‘ਤੇ ਪੀਐਮ ਮੋਦੀ ਨੇ ਕਿਹਾ ਕਿ ਅਡਵਾਨੀ ਨੇ ਆਪਣਾ ਪੂਰਾ ਜੀਵਨ ਦੇਸ਼ ਦੀ ਸੇਵਾ ‘ਚ ਲਗਾ ਦਿੱਤਾ। ਦੇਸ਼ ਕੌਮ ਦੀ ਸੇਵਾ ਨੂੰ ਕਦੇ ਨਹੀਂ ਭੁੱਲਦਾ। ਦੇਸ਼ ਦੀ ਸੇਵਾ ਵਿੱਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਅਤੇ ਅਭੁੱਲ ਰਿਹਾ ਹੈ।
ਇਹ ਵੀ ਪੜ੍ਹੋ
ਅਡਵਾਨੀ ਤਿੰਨ ਵਾਰ ਰਹੇ ਭਾਜਪਾ ਦੇ ਪ੍ਰਧਾਨ
ਲਾਲ ਕ੍ਰਿਸ਼ਨ ਅਡਵਾਨੀ, ਜਿਨ੍ਹਾਂ ਨੂੰ ਰਾਮ ਮੰਦਰ ਅੰਦੋਲਨ ਦੇ ਪ੍ਰਮੁੱਖ ਨੇਤਾਵਾਂ ਵਿਚ ਗਿਣਿਆ ਜਾਂਦਾ ਸੀ, ਨੇ ਭਾਰਤੀ ਜਨਤਾ ਪਾਰਟੀ ਨੂੰ ਰਾਸ਼ਟਰੀ ਪੱਧਰ ‘ਤੇ ਲਿਆਉਣ ਲਈ ਅਣਥੱਕ ਮਿਹਨਤ ਕੀਤੀ ਸੀ। ਅਡਵਾਨੀ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਰਾਹੀਂ ਕੀਤੀ। ਉਹ ਉਨ੍ਹਾਂ ਨੇਤਾਵਾਂ ਵਿੱਚੋਂ ਹਨ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਨੀਂਹ ਰੱਖੀ ਸੀ।
ਅਡਵਾਨੀ ਤਿੰਨ ਵਾਰ ਭਾਜਪਾ ਦੇ ਕੌਮੀ ਪ੍ਰਧਾਨ ਰਹੇ। ਉਹ 1986 ਵਿੱਚ ਪਹਿਲੀ ਵਾਰ ਪਾਰਟੀ ਦੇ ਪ੍ਰਧਾਨ ਬਣੇ। ਫਿਰ ਉਹ 1990 ਤੱਕ ਇਸ ਅਹੁਦੇ ‘ਤੇ ਰਹੇ। ਇਸ ਤੋਂ ਬਾਅਦ 1993 ‘ਚ ਅਡਵਾਨੀ ਪਾਰਟੀ ਪ੍ਰਧਾਨ ਬਣੇ ਅਤੇ 1998 ਤੱਕ ਇਸ ਅਹੁਦੇ ‘ਤੇ ਰਹੇ। ਉਹ 2004 ਵਿੱਚ ਤੀਜੀ ਅਤੇ ਆਖਰੀ ਵਾਰ ਪ੍ਰਧਾਨ ਚੁਣੇ ਗਏ ਸਨ ਅਤੇ 2005 ਤੱਕ ਇਸ ਅਹੁਦੇ ‘ਤੇ ਰਹੇ।
ਸੱਤਵੇਂ ਉਪ ਪ੍ਰਧਾਨ ਮੰਤਰੀ ਬਣੇ ਅਡਵਾਨੀ
50 ਸਾਲਾਂ ਤੋਂ ਵੱਧ ਦੇ ਆਪਣੇ ਸਰਗਰਮ ਸਿਆਸੀ ਕਰੀਅਰ ਵਿੱਚ, ਅਡਵਾਨੀ 1998 ਵਿੱਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿੱਚ ਗ੍ਰਹਿ ਮੰਤਰੀ ਬਣੇ। ਉਹ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਗ੍ਰਹਿ ਮੰਤਰੀ ਰਹੇ ਅਤੇ ਫਿਰ ਸਾਲ 2002 ਵਿੱਚ ਉਨ੍ਹਾਂ ਨੂੰ ਦੇਸ਼ ਦਾ ਉਪ ਪ੍ਰਧਾਨ ਮੰਤਰੀ ਬਣਾਇਆ ਗਿਆ।
ਅਡਵਾਨੀ ਦੇਸ਼ ਦੇ ਸੱਤਵੇਂ ਉਪ ਪ੍ਰਧਾਨ ਮੰਤਰੀ ਸਨ। ਇਸ ਤੋਂ ਇਲਾਵਾ 10ਵੀਂ ਅਤੇ 14ਵੀਂ ਲੋਕ ਸਭਾ ਦੌਰਾਨ ਅਡਵਾਨੀ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ। ਉਹ ਕਈ ਵਾਰ ਐਮ.ਪੀ. ਰਹੇ। 1970 ਵਿੱਚ ਰਾਜ ਸਭਾ ਰਾਹੀਂ ਪਹਿਲੀ ਵਾਰ ਸੰਸਦ ਮੈਂਬਰ ਬਣੇ। ਅਡਵਾਨੀ 7 ਵਾਰ ਲੋਕ ਸਭਾ ਮੈਂਬਰ ਬਣੇ ਅਤੇ 4 ਵਾਰ ਰਾਜ ਸਭਾ ਮੈਂਬਰ ਚੁਣੇ ਗਏ।