ਲਾਲ ਕ੍ਰਿਸ਼ਨ ਅਡਵਾਨੀ
ਲਾਲ ਕ੍ਰਿਸ਼ਨ ਅਡਵਾਨੀ ਦਾ ਜਨਮ 8 ਨਵੰਬਰ 1927 ਨੂੰ ਕਰਾਚੀ ਵਿੱਚ ਇੱਕ ਹਿੰਦੂ ਸਿੰਧੀ ਪਰਿਵਾਰ ਵਿੱਚ ਹੋਇਆ ਸੀ। ਅਡਵਾਨੀ ਨੇ ਆਪਣੀ ਸ਼ੁਰੂਆਤੀ ਸਿੱਖਿਆ ਸੇਂਟ ਪੈਟ੍ਰਿਕ ਹਾਈ ਸਕੂਲ, ਕਰਾਚੀ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਡੀਜੀ ਨੈਸ਼ਨਲ ਸਕੂਲ, ਹੈਦਰਾਬਾਦ, ਸਿੰਧ ਵਿੱਚ ਦਾਖਲਾ ਲਿਆ। 12 ਸਤੰਬਰ 1947 ਨੂੰ ਕਰਾਚੀ ਛੱਡ ਕੇ ਭਾਰਤ ਆ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਬੰਬੇ ਯੂਨੀਵਰਸਿਟੀ ਦੇ ਲਾਅ ਕਾਲਜ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ।
ਅਡਵਾਨੀ ਨੇ ਆਪਣਾ ਸਿਆਸੀ ਕਰੀਅਰ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਵਲੰਟੀਅਰ ਵਜੋਂ ਸ਼ੁਰੂ ਕੀਤਾ ਸੀ। 1947 ਵਿੱਚ, ਉਹ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਕੱਤਰ ਬਣੇ। ਸਾਲ 1970 ਵਿੱਚ ਉਹ ਪਹਿਲੀ ਵਾਰ ਰਾਜ ਸਭਾ ਮੈਂਬਰ ਬਣੇ। 1980 ਵਿੱਚ ਭਾਰਤੀ ਜਨਤਾ ਪਾਰਟੀ ਦੇ ਗਠਨ ਤੋਂ ਬਾਅਦ, ਅਡਵਾਨੀ ਸਭ ਤੋਂ ਲੰਬੇ ਸਮੇਂ ਤੱਕ ਭਾਜਪਾ ਦੇ ਪ੍ਰਧਾਨ ਰਹੇ।
ਅਡਵਾਨੀ 1998 ਤੋਂ 2004 ਤੱਕ ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਲੋਕਤੰਤਰੀ ਗਠਜੋੜ ਸਰਕਾਰ ਵਿੱਚ ਗ੍ਰਹਿ ਮੰਤਰੀ ਰਹੇ। ਇਸ ਦੇ ਨਾਲ ਹੀ ਉਹ 2002 ਤੋਂ 2004 ਤੱਕ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਉਪ ਪ੍ਰਧਾਨ ਮੰਤਰੀ ਰਹੇ। ਭਾਰਤੀ ਰਾਜਨੀਤੀ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਇੱਕ ਪ੍ਰਮੁੱਖ ਪਾਰਟੀ ਬਣਾਉਣ ਵਿੱਚ ਅਡਵਾਨੀ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ। 2015 ਵਿੱਚ, ਅਡਵਾਨੀ ਨੂੰ ਪਦਮ ਵਿਭੂਸ਼ਣ, ਭਾਰਤ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਦਿੱਤਾ ਗਿਆ ਸੀ।