ਬਾਬਾ ਸਿੱਦੀਕੀ ਕਤਲ ਕਾਂਡ ਦੇ ਮਾਸਟਰਮਾਈਂਡ ਜ਼ੀਸ਼ਾਨ ਤੇ ਸ਼ਿੰਕਜ਼ਾ, ਕੈਨੇਡਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਐਨਸੀਪੀ ਆਗੂ ਬਾਬਾ ਸਿੱਦੀਕੀ ਕਤਲ ਮਾਮਲੇ ਵਿੱਚ ਪੁਲਿਸ ਨੂੰ ਹੁਣ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ। ਕਤਲ ਕਾਂਡ ਦੇ ਮਾਸਟਰਮਾਈਂਡ ਜ਼ੀਸ਼ਾਨ ਅਖਤਰ ਉਰਫ਼ ਜੱਸੀ ਪੁਰੇਵਾਲ ਨੂੰ ਕੈਨੇਡਾ ਦੀ ਸਰੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਜ਼ੀਸ਼ਾਨ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ ਅਤੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ। ਹੁਣ ਜ਼ੀਸ਼ਾਨ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।

ਮਹਾਰਾਸ਼ਟਰ ਦੇ ਸਾਬਕਾ ਕੈਬਨਿਟ ਮੰਤਰੀ ਐਨਸੀਪੀ ਆਗੂ ਬਾਬਾ ਸਿੱਦੀਕੀ ਕਤਲ ਕਾਂਡ ਦੇ ਮਾਸਟਰਮਾਈਂਡ ਜ਼ੀਸ਼ਾਨ ਅਖਤਰ ਉਰਫ ਜੱਸੀ ਪੁਰੇਵਾਲ ਨੂੰ ਕੈਨੇਡਾ ਵਿੱਚ ਸਰੀ ਪੁਲਿਸ (ਕੈਨੇਡਾ ਪੁਲਿਸ) ਨੇ ਹਿਰਾਸਤ ਵਿੱਚ ਲੈ ਲਿਆ ਹੈ। ਮੁੰਬਈ ਪੁਲਿਸ ਦੇ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜ਼ੀਸ਼ਾਨ ਪੰਜਾਬ ਦੇ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ ਅਤੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ।
ਜਾਣਕਾਰੀ ਅਨੁਸਾਰ, ਜ਼ੀਸ਼ਾਨ ਕਤਲ ਤੋਂ ਬਾਅਦ ਫਰਾਰ ਹੋ ਗਿਆ ਸੀ ਅਤੇ ਕਥਿਤ ਤੌਰ ‘ਤੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੀ ਮਦਦ ਨਾਲ ਕੈਨੇਡਾ ਪਹੁੰਚ ਗਿਆ ਸੀ। ਮੁੰਬਈ ਪੁਲਿਸ ਹੁਣ ਜਲਦੀ ਹੀ ਉਸਨੂੰ ਭਾਰਤ ਹਵਾਲੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੀ ਹੈ। ਹਾਲਾਂਕਿ, ਇਹ ਪੁਸ਼ਟੀ ਨਹੀਂ ਹੋਈ ਹੈ ਕਿ ਸਰੀ ਪੁਲਿਸ (ਕੈਨੇਡਾ ਪੁਲਿਸ) ਨੇ ਜ਼ੀਸ਼ਾਨ ਅਖਤਰ ਉਰਫ ਜੱਸੀ ਪੁਰੇਵਾਲ ਨੂੰ ਕਿਹੜੇ ਆਰੋਪਾਂ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਜ਼ੀਸ਼ਾਨ ਨੂੰ ਮੰਨਿਆ ਜਾਂਦਾ ਹੈ ਮਾਸਟਰਮਾਈਂਡ
12 ਅਕਤੂਬਰ 2024 ਨੂੰ ਬਾਬਾ ਸਿੱਦੀਕੀ ਨੂੰ ਉਨ੍ਹਾਂ ਦੇ ਬਾਂਦਰਾ ਦਫ਼ਤਰ ਦੇ ਬਾਹਰ ਗੋਲੀਆਂ ਮਾਰਿਆਂ ਗਈਆਂ ਸਨ। ਜ਼ੀਸ਼ਾਨ ਅਖਤਰ ਨੂੰ ਬਾਬਾ ਸਿੱਦੀਕੀ ਦੇ ਕੰਟਰੈਕਟ ਕਿਲਿੰਗ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ। ਹਾਲਾਂਕਿ, ਹੁਣ ਉਸਨੂੰ ਕੈਨੇਡੀਅਨ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਬਾਂਦਰਾ (ਪੱਛਮ) ਤੋਂ ਤਿੰਨ ਵਾਰ ਵਿਧਾਇਕ ਰਹੇ ਅਤੇ ਮਹਾਰਾਸ਼ਟਰ ਦੇ ਸਾਬਕਾ ਕੈਬਨਿਟ ਮੰਤਰੀ ਸਿੱਦੀਕੀ ਨੂੰ ਹਮਲਾਵਰਾਂ ਨੇ ਕਈ ਗੋਲੀਆਂ ਮਾਰੀਆਂ। ਗੋਲੀ ਮਾਰਨ ਤੋਂ ਬਾਅਦ ਉਹ ਭੱਜ ਗਏ। ਸਿੱਦੀਕੀ ਨੂੰ ਤੁਰੰਤ ਲੀਲਾਵਤੀ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਦੀ ਟੀਮ ਨੇ ਬਹੁਤ ਕੋਸ਼ਿਸ਼ ਕੀਤੀ, ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮਹਾਰਾਸ਼ਟਰ ਪੁਲਿਸ ਇਸ ਮਾਮਲੇ ਦੇ ਭੇਤ ਨੂੰ ਸੁਲਝਾਉਣ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਰੁੱਝੀ ਹੋਈ ਹੈ।
ਇਸ ਹਾਈ-ਪ੍ਰੋਫਾਈਲ ਕਤਲ ਕੇਸ ਵਿੱਚ ਸ਼ੁਰੂਆਤੀ ਗ੍ਰਿਫ਼ਤਾਰੀਆਂ ਤੋਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਾਂ ਦਾ ਖੁਲਾਸਾ ਹੋਇਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦਾਅਵਾ ਕੀਤਾ ਕਿ ਉਹ ਲਗਭਗ ਇੱਕ ਮਹੀਨੇ ਤੋਂ ਰੇਕੀ ਕਰ ਰਹੇ ਸਨ।
ਇਹ ਵੀ ਪੜ੍ਹੋ
26 ਲੋਕ ਗ੍ਰਿਫ਼ਤਾਰ
ਕਤਲ ਮਾਮਲੇ ਵਿੱਚ ਹੁਣ ਤੱਕ ਘੱਟੋ-ਘੱਟ 26 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਕਥਿਤ ਮੁੱਖ ਸ਼ੂਟਰ ਸ਼ਿਵ ਕੁਮਾਰ ਗੌਤਮ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਸ਼ਾਮਲ ਹੈ, ਜਿਸਨੂੰ ਸਾਜ਼ਿਸ਼ ਵਿੱਚ ਕਥਿਤ ਭੂਮਿਕਾ ਲਈ ਅਮਰੀਕਾ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ।
ਸਾਰੇ 26 ਆਰੋਪੀਆਂ ‘ਤੇ ਸਖ਼ਤ ਮਹਾਰਾਸ਼ਟਰ ਸੰਗਠਿਤ ਅਪਰਾਧ ਨਿਯੰਤਰਣ ਐਕਟ (MCOCA) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਕਤਲ ਪਹਿਲਾਂ ਤੋਂ ਯੋਜਨਾਬੱਧ ਸੀ ਅਤੇ ਗੋਲੀਬਾਰੀ ਕਰਨ ਵਾਲਿਆਂ ਨੂੰ ਇਸਦੀ ਅਦਾਇਗੀ ਪਹਿਲਾਂ ਹੀ ਕੀਤੀ ਗਈ ਸੀ, ਘਟਨਾ ਤੋਂ ਕੁਝ ਦਿਨ ਪਹਿਲਾਂ ਹਥਿਆਰ ਸਪਲਾਈ ਕੀਤੇ ਗਏ ਸਨ। ਇਸ ਤਾਜ਼ਾ ਘਟਨਾਕ੍ਰਮ ਤੱਕ, ਜ਼ੀਸ਼ਾਨ ਅਖਤਰ ਸਮੇਤ ਦੋ ਸ਼ੱਕੀ ਫਰਾਰ ਸਨ। ਪੁਲਿਸ ਦਾ ਮੰਨਣਾ ਹੈ ਕਿ ਅਖਤਰ ਨੇ ਕਤਲ ਦੇ ਤਾਲਮੇਲ ਵਿੱਚ ਕੇਂਦਰੀ ਭੂਮਿਕਾ ਨਿਭਾਈ ਸੀ।