ਦਿੱਲੀ ਏਅਰਪੋਰਟ ‘ਤੇ ਟਲਿਆ ਵੱਡਾ ਹਾਦਸਾ, ਕੰਟੇਨਰ ਫੱਸਣ ਨਾਲ Air India ਦੇ ਜਹਾਜ਼ ਦਾ ਇੰਜਣ ਖਰਾਬ
Air India Plane Accident: ਵੀਰਵਾਰ ਨੂੰ ਦਿੱਲੀ ਹਵਾਈ ਅੱਡੇ 'ਤੇ ਇੱਕ ਵੱਡਾ ਹਾਦਸਾ ਟਲ ਗਿਆ। ਇੱਕ ਸਮਾਨ ਵਾਲਾ ਕੰਟੇਨਰ ਏਅਰ ਇੰਡੀਆ ਦੇ ਜਹਾਜ਼ ਦੇ ਇੰਜਣ ਵਿੱਚ ਫਸ ਗਿਆ, ਜਿਸ ਕਾਰਨ ਜਹਾਜ਼ ਦਾ ਇੰਜਣ ਫੇਲ ਹੋ ਗਿਆ। ਕੰਟੇਨਰ ਏਅਰ ਇੰਡੀਆ ਏ350 ਜਹਾਜ਼ ਦੇ ਇੰਜਣ ਨਾਲ ਟਕਰਾਇਆ ਸੀ।
ਵੀਰਵਾਰ ਨੂੰ ਦਿੱਲੀ ਹਵਾਈ ਅੱਡੇ ‘ਤੇ ਵੱਡਾ ਹਾਦਸਾ ਟਲ ਗਿਆ। ਏਅਰ ਇੰਡੀਆ ਦੇ ਜਹਾਜ਼ ਦੇ ਇੰਜਣ ਵਿੱਚ ਬੈਗੇਜ ਕੰਟੇਨਰ ਫਸ ਗਿਆ, ਜਿਸ ਕਾਰਨ ਜਹਾਜ਼ ਦਾ ਇੰਜਣ ਫੇਲ ਹੋ ਗਿਆ। ਏਅਰ ਇੰਡੀਆ ਏ350 ਜਹਾਜ਼ ਦੇ ਇੰਜਣ ਨਾਲ ਕੰਟੇਨਰਟਕਰਾ ਗਿਆ ਸੀ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਹਾਲਾਂਕਿ, ਇਸ ਘਟਨਾ ਬਾਰੇ ਏਅਰ ਇੰਡੀਆ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਨਿਊਯਾਰਕ ਜਾਣ ਵਾਲੀ ਏਅਰ ਇੰਡੀਆ ਏ350 ਫਲਾਈਟ ਨੇ ਉਡਾਣ ਤਾਂ ਭਰੀ ਪਰ ਈਰਾਨੀ ਹਵਾਈ ਖੇਤਰ ਬੰਦ ਹੋਣ ਕਾਰਨ ਉਸਨੂੰ ਅੱਧ ਵਿਚਕਾਰ ਦਿੱਲੀ ਵਾਪਸ ਪਰਤਣਾ ਪਿਆ। ਜਦੋਂ ਜਹਾਜ਼ ਦਿੱਲੀ ਵਿੱਚ ਉਤਰਨ ਤੋਂ ਬਾਅਦ ਸੰਘਣੀ ਧੁੰਦ ਵਿੱਚ ਰਨਵੇਅ ‘ਤੇ ਜਾ ਰਿਹਾ ਸੀ, ਤਾਂ ਇੱਕ ਗ੍ਰਾਉਂਡ ਕੰਟੇਨਰ ਇਸਦੇ ਸੱਜੇ ਇੰਜਣ ਨਾਲ ਟਕਰਾ ਗਿਆ। ਹਾਲਾਂਕਿ, ਜਹਾਜ਼ ਸੁਰੱਖਿਅਤ ਉਤਰ ਗਿਆ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ।
ਜਹਾਜ਼ ਨੂੰ ਕੀਤਾ ਗਿਆ ਗ੍ਰਾਉਂਡੇਡ
ਜਹਾਜ਼ ਨੂੰ ਜਾਂਚ ਲਈ ਗ੍ਰਾਉਂਡੇਡ ਕਰ ਦਿੱਤਾ ਗਿਆ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਜਹਾਜ਼ ਨੂੰ ਇਸ ਸਮੇਂ ਪੂਰੀ ਤਰ੍ਹਾਂ ਜਾਂਚ ਅਤੇ ਜ਼ਰੂਰੀ ਮੁਰੰਮਤ ਲਈ ਜ਼ਮੀਨ ‘ਤੇ ਰੱਖਿਆ ਗਿਆ ਹੈ, ਜਿਸ ਨਾਲ ਕੁਝ A350 ਰੂਟਾਂ ਵਿੱਚ ਵਿਘਨ ਪੈ ਸਕਦਾ ਹੈ। ਕੰਪਨੀ ਨੇ ਦੱਸਿਆ ਕਿ ਈਰਾਨ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ, ਜਿਸ ਕਾਰਨ ਜਹਾਜ਼ ਨੂੰ ਦਿੱਲੀ ਵਾਪਸ ਆਉਣਾ ਪਿਆ। ਕੰਪਨੀ ਨੇ ਕਿਹਾ ਕਿ ਉਸਨੂੰ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਫ਼ਸੋਸ ਹੈ।
ਏਅਰ ਇੰਡੀਆ ਨੇ ਰੱਦ ਕੀਤੀਆਂ ਕੁਝ ਉਡਾਣਾਂ
ਏਅਰ ਇੰਡੀਆ ਨੇ ਵੀਰਵਾਰ ਨੂੰ ਈਰਾਨੀ ਹਵਾਈ ਖੇਤਰ ਬੰਦ ਹੋਣ ਕਾਰਨ ਅਮਰੀਕਾ ਲਈ ਘੱਟੋ-ਘੱਟ ਤਿੰਨ ਉਡਾਣਾਂ ਰੱਦ ਕਰ ਦਿੱਤੀਆਂ: ਦਿੱਲੀ ਤੋਂ ਨਿਊਯਾਰਕ ਅਤੇ ਨੇਵਾਰਕ ਲਈ ਦੋ, ਅਤੇ ਮੁੰਬਈ ਤੋਂ ਨਿਊਯਾਰਕ ਲਈ ਇੱਕ। ਕੰਪਨੀ ਨੇ X ‘ਤੇ ਪੋਸਟ ਕੀਤਾ, ਜਿਸ ਵਿੱਚ ਕਿਹਾ ਗਿਆ, “ਈਰਾਨੀ ਹਵਾਈ ਖੇਤਰ ਬੰਦ ਹੋਣ ਕਾਰਨ ਅਤੇ ਯਾਤਰੀਆਂ ਦੀ ਸੁਰੱਖਿਆ ਲਈ, ਕੁਝ ਉਡਾਣਾਂ ਰੱਦ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਸਮੇਂ ਰੂਟ ਬਦਲਣਾ ਸੰਭਵ ਨਹੀਂ ਹੈ।”