ਟੀਵੀ9 ਸਿਹਤ ਸੰਵਾਦ: ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਦੱਸਿਆ ਪੰਜਾਬ ਦਾ ‘ਸਿਹਤ ਮਾਡਲ’, 3 ਪੱਧਰਾਂ ‘ਤੇ ਹੋ ਰਹੀ ਹੈ ਲੋਕਾਂ ਦੀ ਸਿਹਤ ਸੰਭਾਲ

Updated On: 

07 Sep 2026 15:30 PM IST

ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੂਰੀ ਤਰ੍ਹਾਂ ਤੰਦਰੁਸਤ ਰਹਿਣ ਲਈ ਤਿੰਨ ਪੱਧਰਾਂ 'ਤੇ ਸਿਹਤ ਸੰਭਾਲ ਦੀ ਲੋੜ ਹੁੰਦੀ ਹੈ। ਉਨ੍ਹਾਂ ਮੁਤਾਬਕ ਪ੍ਰਾਇਮਰੀ ਹੈਲਥ ਕੇਅਰ ਨੂੰ ਸਿਰਫ਼ ਭਾਰਤ ਹੀ ਨਹੀਂ, ਸਗੋਂ ਏਸ਼ੀਆ 'ਚ ਵੀ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਇਸੇ ਕਾਰਨ ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਹੈਲਥ ਕੇਅਰ ਤੇ ਸਭ ਤੋਂ ਵੱਧ ਧਿਆਨ ਦਿੱਤਾ ਜਾ ਰਿਹਾ ਹੈ।

ਟੀਵੀ9 ਸਿਹਤ ਸੰਵਾਦ:  ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਦੱਸਿਆ ਪੰਜਾਬ ਦਾ ਸਿਹਤ ਮਾਡਲ, 3 ਪੱਧਰਾਂ ਤੇ ਹੋ ਰਹੀ ਹੈ ਲੋਕਾਂ ਦੀ ਸਿਹਤ ਸੰਭਾਲ

ਟੀਵੀ9 ਭਾਰਤਵਰਸ਼ ਦੇ ਸਿਹਤ ਸੰਵਾਦ 2026 ‘ਚ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਦੇ ਸਿਹਤ ਮਾਡਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੂਬੇ ਚ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਪ੍ਰਾਇਮਰੀ, ਸੈਕੰਡਰੀ ਤੇ ਟਰਸ਼ਰੀ- ਤਿੰਨ ਪੱਧਰਾਂ ‘ਤੇ ਕੇਅਰ ਮਾਡਲ ਲਾਗੂ ਕੀਤਾ ਗਿਆ ਹੈ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੂਰੀ ਤਰ੍ਹਾਂ ਤੰਦਰੁਸਤ ਰਹਿਣ ਲਈ ਤਿੰਨ ਪੱਧਰਾਂ ‘ਤੇ ਸਿਹਤ ਸੰਭਾਲ ਦੀ ਲੋੜ ਹੁੰਦੀ ਹੈ। ਉਨ੍ਹਾਂ ਮੁਤਾਬਕ ਪ੍ਰਾਇਮਰੀ ਹੈਲਥ ਕੇਅਰ ਨੂੰ ਸਿਰਫ਼ ਭਾਰਤ ਹੀ ਨਹੀਂ, ਸਗੋਂ ਏਸ਼ੀਆ ‘ਚ ਵੀ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਇਸੇ ਕਾਰਨ ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਹੈਲਥ ਕੇਅਰ ਤੇ ਸਭ ਤੋਂ ਵੱਧ ਧਿਆਨ ਦਿੱਤਾ ਜਾ ਰਿਹਾ ਹੈ।

ਪ੍ਰਾਇਮਰੀ ਹੈਲਥ ਕੇਅਰ ‘ਤੇ ਵੱਡਾ ਫੋਕਸ

ਸਿਹਤ ਮੰਤਰੀ ਨੇ ਦੱਸਿਆ ਕਿ ਪ੍ਰਾਇਮਰੀ ਹੈਲਥ ਕੇਅਰ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਉਪਲਬਧ ਕਰਵਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪੰਜਾਬ ‘ਚ ਕਰੀਬ 11 ਹਜ਼ਾਰ ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ, ਜਿੱਥੇ ਹਰ ਰੋਜ਼ ਲਗਭਗ 3 ਲੱਖ ਲੋਕ ਯੋਗਾ ਕਰਦੇ ਹਨ। ਇਨ੍ਹਾਂ ਕਲਾਸਾਂ ਦੌਰਾਨ ਲੋਕਾਂ ਨੂੰ ਸਹੀ ਖੁਰਾਕ, ਜੀਵਨਸ਼ੈਲੀ ਤੇ ਰੋਜ਼ਾਨਾ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਦੇ ਨਾਲ ਮੈਡੀਟੇਸ਼ਨ ਵੀ ਕਰਵਾਇਆ ਜਾਂਦਾ ਹੈ। ਮੰਤਰੀ ਨੇ ਕਿਹਾ ਕਿ ਇਨ੍ਹਾਂ ਗਤੀਵਿਧੀਆਂ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।

ਸੈਕੰਡਰੀ ਕੇਅਰ ‘ਚ ਬਿਮਾਰੀ ਦੀ ਜਲਦੀ ਪਛਾਣ

ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੈਕੰਡਰੀ ਕੇਅਰ ਵਿੱਚ ਬਿਮਾਰੀਆਂ ਦੀ ਜਲਦੀ ਪਛਾਣ ਤੇ ਇਲਾਜ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਕੈਂਸਰ ਵਰਗੀਆਂ ਬਿਮਾਰੀਆਂ ਦਾ ਪਤਾ ਚੌਥੀ ਸਟੇਜ ‘ਤੇ ਲੱਗਦਾ ਹੈ। ਇਸੇ ਤਰ੍ਹਾਂ ਹਾਈ ਬਲੱਡ ਪ੍ਰੈਸ਼ਰ, ਮੋਟਾਪਾ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਵੀ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ‘ਚ 990 ਆਮ ਆਦਮੀ ਕਲੀਨਿਕ ਹਨ। ਸੂਬੇ ਦੀ ਲਗਭਗ 3 ਕਰੋੜ ਆਬਾਦੀ’ਚੋਂ ਵੱਡੀ ਗਿਣਤੀ ਲੋਕ ਇਨ੍ਹਾਂ ਕਲੀਨਿਕਾਂ ਤੋਂ ਦਵਾਈਆਂ ਤੇ ਹੋਰ ਸਿਹਤ ਸਹੂਲਤਾਂ ਲੈ ਰਹੇ ਹਨ। ਇਨ੍ਹਾਂ ਵਿੱਚ ਹਾਈਪਰਟੈਂਸ਼ਨ, ਗਰਭਵਤੀ ਔਰਤਾਂ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ ਵੀ ਸ਼ਾਮਲ ਹਨ।

ਮੰਤਰੀ ਮੁਤਾਬਕ ਡੇਂਗੂ ਸਮੇਤ ਵੱਖ-ਵੱਖ ਬਿਮਾਰੀਆਂ ਲਈ ਟੈਸਟਿੰਗ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਗਰਭਵਤੀ ਔਰਤਾਂ ਲਈ ਵਿਸ਼ੇਸ਼ ਪ੍ਰੈਗਨੈਂਸੀ ਕੇਅਰ ‘ਤੇ ਧਿਆਨ ਦੇਣ ਤੋਂ ਬਾਅਦ ਪੰਜਾਬ ਵਿੱਚ ਮਾਤਾ ਮੌਤ ਦਰ ‘ਚ ਵੀ ਕਮੀ ਆਈ ਹੈ। ਇਸ ਤੋਂ ਇਲਾਵਾ ਕੁੱਤੇ ਦੇ ਕੱਟਣ ਵਾਲੇ ਮਾਮਲਿਆਂ ‘ਚ ਵੀ ਵੈਕਸੀਨੇਸ਼ਨ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।

ਹਰ ਮਹੀਨੇ 10 ਹਜ਼ਾਰ ਲੋਕਾਂ ਤੋਂ ਲਿਆ ਜਾਂਦਾ ਫੀਡਬੈਕ

ਸਿਹਤ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਦਾ ਆਪਣਾ ਕਾਲਿੰਗ ਸੈਂਟਰ ਵੀ ਹੈ, ਜਿਸ ਰਾਹੀਂ ਹਰ ਮਹੀਨੇ ਲਗਭਗ 10 ਹਜ਼ਾਰ ਲੋਕਾਂ ਨੂੰ ਫੋਨ ਕਰਕੇ ਸਿਹਤ ਸਹੂਲਤਾਂ ਬਾਰੇ ਫੀਡਬੈਕ ਲਿਆ ਜਾਂਦਾ ਹੈ। ਉਨ੍ਹਾਂ ਮੁਤਾਬਕ ਲਗਭਗ 95 ਫੀਸਦੀ ਲੋਕ ਸਹੂਲਤਾਂ ਤੋਂ ਸੰਤੁਸ਼ਟ ਹੋਣ ਦੀ ਗੱਲ ਦੱਸਦੇ ਹਨ।

ਸੈਕੰਡਰੀ ਕੇਅਰ ਲਈ ਹਸਪਤਾਲਾਂ ਦਾ ਨੈੱਟਵਰਕ

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ‘ਚ 23 ਜ਼ਿਲ੍ਹਾ ਹਸਪਤਾਲ, 41 ਸਬ-ਡਿਵੀਜ਼ਨ ਹਸਪਤਾਲ ਤੇ 162 ਕਮਿਊਨਿਟੀ ਹੈਲਥ ਸੈਂਟਰ ਹਨ। ਸਿਹਤ ਵਿਭਾਗ ਵੱਲੋਂ ਕਰੀਬ 1,600 ਡਾਕਟਰਾਂ ਦੀ ਭਰਤੀ ਕੀਤੀ ਗਈ ਹੈ, ਜਦਕਿ 700 ਹੋਰ ਡਾਕਟਰਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ।

ਉਨ੍ਹਾਂ ਦੱਸਿਆ ਕਿ ਕੁੱਲ ਮਿਲਾ ਕੇ ਕਰੀਬ 6 ਹਜ਼ਾਰ ਡਾਕਟਰਾਂ, ਨਰਸਾਂ ਤੇ ਹੋਰ ਮੈਡੀਕਲ ਸਟਾਫ ਦੀਆਂ ਭਰਤੀਆਂ ਕੀਤੀਆਂ ਗਈਆਂ ਹਨ। ਸੈਕੰਡਰੀ ਕੇਅਰ’ਚ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਜ਼ਰੂਰੀ ਦਵਾਈਆਂ ਦੀ ਸੂਚੀ ਵੀ ਵਧਾਈ ਗਈ ਹੈ। ਪਹਿਲਾਂ ਇਸ ਸੂਚੀ ‘ਚ ਕਰੀਬ 270 ਦਵਾਈਆਂ ਸਨ, ਜੋ ਹੁਣ 900 ਤੋਂ ਵੱਧ ਕਰ ਦਿੱਤੀਆਂ ਗਈਆਂ ਹਨ।

ਟਰਸ਼ਰੀ ਕੇਅਰ ‘ਚ ਦਿਲ ਤੇ ਲਿਵਰ ਦੀਆਂ ਬਿਮਾਰੀਆਂ ‘ਤੇ ਧਿਆਨ

ਟਰਸ਼ਰੀ ਕੇਅਰ ਬਾਰੇ ਗੱਲ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਚਿੰਤਾ ਦਾ ਵਿਸ਼ਾ ਹਨ। ਇਸ ਲਈ ਪੰਜਾਬ ‘ਚ ਤਿੰਨ ਹੱਬ ਬਣਾਏ ਗਏ ਹਨ, ਜਿੱਥੇ ਸਟੈਂਟ ਪਾਉਣ ਤੇ ਸਰਜਰੀ ਵਰਗੀਆਂ ਉੱਚ ਪੱਧਰੀ ਸਹੂਲਤਾਂ ਉਪਲਬਧ ਹਨ।

ਉਨ੍ਹਾਂ ਦੱਸਿਆ ਕਿ ਇਸ ਪ੍ਰਣਾਲੀ ਲਈ ਫੀਲਡ ‘ਚ ਕੰਮ ਕਰ ਰਹੇ ਕਰੀਬ 800 ਡਾਕਟਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਦਿਲ ਦੇ ਦੌਰੇ ਦੇ ਮਰੀਜ਼ਾਂ ਲਈ ਮਹਿੰਗੇ ਟੀਕੇ ਵੀ ਸਰਕਾਰੀ ਹਸਪਤਾਲਾਂ ‘ਚ ਉਪਲਬਧ ਕਰਵਾਏ ਜਾ ਰਹੇ ਹਨ, ਤਾਂ ਜੋ ਮਰੀਜ਼ ਨੂੰ ਸਮੇਂ ਸਿਰ ਇਲਾਜ ਮਿਲ ਸਕੇ।

ਸਿਹਤ ਮੰਤਰੀ ਨੇ ਇਹ ਵੀ ਦੱਸਿਆ ਕਿ ਸਰਕਾਰੀ ਖੇਤਰ ‘ਚ ਪਹਿਲੀ ਵਾਰ ਪੰਜਾਬ ਵਿੱਚ 5 ਲਿਵਰ ਟ੍ਰਾਂਸਪਲਾਂਟ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਤਿੰਨਾਂ ਪੱਧਰਾਂ- ਪ੍ਰਾਇਮਰੀ, ਸੈਕੰਡਰੀ ਅਤੇ ਟਰਸ਼ਰੀ ਕੇਅਰ ਨੂੰ ਮਜ਼ਬੂਤ ਕਰਕੇ ਲੋਕਾਂ ਨੂੰ ਉਨ੍ਹਾਂ ਦੇ ਨੇੜੇ ਤੇ ਲੋੜ ਅਨੁਸਾਰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ।

Loading...
Unable to load recommendations.
Follow Us