ਕੀ ਕੋਰੋਨਾ ਫਿਰ ਬਣੇਗਾ ਵੱਡਾ ਖ਼ਤਰਾ? ਭਾਰਤ ‘ਚ ਐਕਟਿਵ ਮਾਮਲੇ 3300 ਪਾਰ, 8 ਸੂਬਿਆਂ ਵਿੱਚ 100 ਤੋਂ ਵੱਧ ਕੇਸ
ਭਾਰਤ ਵਿੱਚ ਕੋਰੋਨਾ ਦੇ ਕੇਸ ਫਿਰ ਤੋਂ ਵਧ ਰਹੇ ਹਨ। ਓਮੀਕਰੋਨ ਦੇ ਨਵੇਂ ਸਬ-ਵੇਰੀਐਂਟ JN.1 ਦੇ ਫੈਲਣ ਨੇ ਚਿੰਤਾ ਵਧਾ ਦਿੱਤੀ ਹੈ। ਕਈ ਸੂਬਿਆਂ ਵਿੱਚ 100 ਤੋਂ ਵੱਧ ਐਕਟਿਵ ਮਾਮਲੇ ਹਨ, ਖਾਸ ਕਰਕੇ ਕੇਰਲ, ਮਹਾਰਾਸ਼ਟਰ ਅਤੇ ਦਿੱਲੀ ਵਿੱਚ ਹਨ। ਸਰਕਾਰਾਂ ਸੁਚੇਤ ਹਨ ਅਤੇ ਲੋਕਾਂ ਨੂੰ ਮਾਸਕ ਪਹਿਨਣ, ਹੱਥ ਧੋਣ ਅਤੇ ਟੀਕੇ ਦੀ ਬੂਸਟਰ ਖੁਰਾਕ ਲੈਣ ਦੀ ਸਲਾਹ ਦੇ ਰਹੀਆਂ ਹਨ। ਮੌਤ ਦੇ ਅੰਕੜੇ ਵੀ ਵੱਧ ਰਹੇ ਹਨ, ਜਿਸ ਕਾਰਨ ਸਾਵਧਾਨ ਰਹਿਣਾ ਜ਼ਰੂਰੀ ਹੋ ਗਿਆ ਹੈ।

ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ ਦੇ ਆਉਣ ਨਾਲ ਚਿੰਤਾਵਾਂ ਵਧ ਗਈਆਂ ਹਨ। ਪਿਛਲੇ ਕੁਝ ਹਫ਼ਤਿਆਂ ਤੋਂ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਦੇਸ਼ ਭਰ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ 3300 ਨੂੰ ਪਾਰ ਕਰ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਓਮੀਕਰੋਨ ਦੇ ਨਵੇਂ ਸਬ-ਵੇਰੀਐਂਟ JN.1 ਦੇ ਫੈਲਣ ਕਾਰਨ ਸਥਿਤੀ ਫਿਰ ਤੋਂ ਗੰਭੀਰ ਹੋ ਸਕਦੀ ਹੈ। ਕੋਰੋਨਾ ਦੇ ਮਰੀਜ਼ਾਂ ਵਿੱਚ ਵਾਧੇ ਨੂੰ ਦੇਖਦਿਆਂ, ਕੇਂਦਰ ਅਤੇ ਸੂਬਾ ਸਰਕਾਰਾਂ ਅਲਰਟ ਮੋਡ ਵਿੱਚ ਆ ਗਈਆਂ ਹਨ। ਦੇਸ਼ ਵਿੱਚ 8 ਸੂਬੇ ਅਜਿਹੇ ਹਨ ਜਿੱਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 100 ਤੋਂ ਵੱਧ ਪਹੁੰਚ ਗਈ ਹੈ। ਇਨ੍ਹਾਂ ਵਿੱਚੋਂ ਕੁਝ ਸੂਬਿਆਂ ਵਿੱਚ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ।
ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਕਾਰਨ ਚਾਰ ਹੋਰ ਮੌਤਾਂ ਹੋਈਆਂ। ਇੱਕ ਦਿਨ ਪਹਿਲਾਂ ਸੱਤ ਮੌਤਾਂ ਹੋਈਆਂ ਸਨ। ਉੱਤਰ ਪ੍ਰਦੇਸ਼, ਦਿੱਲੀ, ਕਰਨਾਟਕ ਅਤੇ ਕੇਰਲ ਵਿੱਚ ਇੱਕ-ਇੱਕ ਮੌਤ ਹੋਈ। 1 ਜਨਵਰੀ, 2025 ਤੋਂ, ਭਾਰਤ ਵਿੱਚ ਕੋਵਿਡ-19 ਨਾਲ ਸਬੰਧਤ 26 ਮੌਤਾਂ ਹੋਈਆਂ ਹਨ। ਦੇਸ਼ ਭਰ ਵਿੱਚ 1435 ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਵੀ ਦੇ ਦਿੱਤੀ ਗਈ ਹੈ। ਮੌਤਾਂ ਦੇ ਲਗਾਤਾਰ ਵਧਦੇ ਅੰਕੜੇ ਚਿੰਤਾ ਦਾ ਕਾਰਨ ਬਣ ਰਹੇ ਹਨ। ਇਹ ਹੀ ਕਾਰਨ ਹੈ ਕਿ ਕਈ ਸੂਬਿਆਂ ਵਿੱਚ ਕੋਰੋਨਾ ਵਾਇਰਸ ਸੰਬੰਧੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਕੋਰੋਨਾ ਵਾਇਰਸ ਦੀ ਰੋਕਥਾਮ ਲਈ ਬਣਾਏ ਗਏ ਪ੍ਰੋਟੋਕੋਲ ਦੀ ਪਾਲਣਾ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਸਿਹਤ ਮੰਤਰਾਲੇ ਦੀ ਰਿਪੋਰਟ ਮੁਤਾਬਕ ਕੇਰਲ, ਦਿੱਲੀ, ਗੁਜਰਾਤ, ਪੱਛਮੀ ਬੰਗਾਲ, ਤਾਮਿਲਨਾਡੂ, ਮਹਾਰਾਸ਼ਟਰ ਅਤੇ ਕਰਨਾਟਕ ਉਹ ਸੂਬੇ ਹਨ ਜਿੱਥੇ 100 ਤੋਂ ਵੱਧ ਸਰਗਰਮ ਕੋਵਿਡ-19 ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਸੂਬਿਆਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਸਿਹਤ ਵਿਭਾਗ ਚੌਕਸ ਹੋ ਗਿਆ ਹੈ। ਦੇਸ਼ ਭਰ ਵਿੱਚ ਕੁੱਲ 8 ਸੂਬਿਆਂ ਅਜਿਹੇ ਹਨ ਜਿੱਥੇ ਹੁਣ ਤੱਕ 100 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ, ਜਿਸ ਕਾਰਨ ਇਨਫੈਕਸ਼ਨ ਦਾ ਖ਼ਤਰਾ ਫਿਰ ਤੋਂ ਮੰਡਰਾ ਰਿਹਾ ਹੈ।
ਇਹ 8 ਸੂਬੇ ਹਨ ਜਿੱਥੇ 100 ਤੋਂ ਵੱਧ ਮਾਮਲੇ
- ਦਿੱਲੀ ਵਿੱਚ 375 ਮਾਮਲੇ ਹਨ
- ਗੁਜਰਾਤ ਵਿੱਚ 265 ਮਾਮਲੇ ਹਨ
- ਕਰਨਾਟਕ ਵਿੱਚ 234 ਮਾਮਲੇ ਹਨ
- ਕੇਰਲ ਵਿੱਚ 1336 ਮਾਮਲੇ ਹਨ
- ਮਹਾਰਾਸ਼ਟਰ ਵਿੱਚ 467 ਮਾਮਲੇ ਹਨ
- ਤਾਮਿਲਨਾਡੂ ਵਿੱਚ 185 ਮਾਮਲੇ ਹਨ
- ਪੱਛਮੀ ਬੰਗਾਲ ਵਿੱਚ 205 ਮਾਮਲੇ ਹਨ
- ਉੱਤਰ ਪ੍ਰਦੇਸ਼ ਵਿੱਚ 117 ਮਾਮਲੇ ਹਨ
ਇਨ੍ਹਾਂ ਅੰਕੜਿਆਂ ਤੋਂ ਇਹ ਸਪੱਸ਼ਟ ਹੈ ਕਿ ਕੇਰਲ ਵਿੱਚ ਸਭ ਤੋਂ ਵੱਧ ਸਰਗਰਮ ਕੇਸ ਹਨ, ਜੋ ਕਿ ਕੁੱਲ ਮਾਮਲਿਆਂ ਦਾ ਲਗਭਗ 40% ਹਨ। ਇਸ ਤੋਂ ਬਾਅਦ, ਮਹਾਰਾਸ਼ਟਰ, ਦਿੱਲੀ ਅਤੇ ਗੁਜਰਾਤ ਵਿੱਚ ਵੀ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।
ਓਮੀਕਰੋਨ ਸਬ-ਵੇਰੀਐਂਟ JN.1 ਦਾ ਫੈਲਾਅ
ਮਾਹਿਰਾਂ ਦੇ ਅਨੁਸਾਰ, ਓਮੀਕਰੋਨ ਦਾ ਸਬ-ਵੇਰੀਐਂਟ JN.1, ਜੋ ਕਿ ਪਹਿਲੀ ਵਾਰ ਕੇਰਲ ਵਿੱਚ ਪਾਇਆ ਗਿਆ ਸੀ, ਹਾਲ ਹੀ ਵਿੱਚ ਦੂਜੇ ਸੂਬਿਆਂ ਵਿੱਚ ਵੀ ਫੈਲ ਰਿਹਾ ਹੈ। ਇਸ ਨਾਲ ਲਾਗ ਦੀ ਦਰ ਵੱਧ ਰਹੀ ਹੈ ਅਤੇ ਸਿਹਤ ਅਧਿਕਾਰੀਆਂ ਨੂੰ ਚੌਕਸ ਰਹਿਣ ਦੀ ਲੋੜ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਦਾ ਇਹ JN1 ਵੇਰੀਐਂਟ ਪਹਿਲਾਂ ਦੇ ਬਾਕੀ ਵਾਇਰਸਾਂ ਨਾਲੋਂ ਤੇਜ਼ੀ ਨਾਲ ਫੈਲ ਰਿਹਾ ਹੈ, ਇਸ ਲਈ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ।
ਇਹ ਵੀ ਪੜ੍ਹੋ
ਕਰਨਾਟਕ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਐਡਵਾਈਜ਼ਰੀ ਜਾਰੀ
ਕਰਨਾਟਕ ਵਿੱਚ ਕੋਵਿਡ-19 ਦੀ ਸਥਿਤੀ ਅਤੇ ਸਕੂਲ ਮੁੜ ਖੁੱਲ੍ਹਣ ਦੇ ਮੱਦੇਨਜ਼ਰ, ਕਰਨਾਟਕ ਸਰਕਾਰ ਨੇ ਮਾਪਿਆਂ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਬੁਖਾਰ, ਖੰਘ, ਜ਼ੁਕਾਮ ਅਤੇ ਹੋਰ ਲੱਛਣ ਹਨ ਤਾਂ ਉਹ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜਣ। ਸ਼ੁੱਕਰਵਾਰ ਦੇਰ ਰਾਤ ਜਾਰੀ ਕੀਤੇ ਗਏ ਇੱਕ ਸਰਕੂਲਰ ਵਿੱਚ, ਨਿਊਜ਼ ਏਜੰਸੀ ਪੀਟੀਆਈ ਨੇ ਹਵਾਲਾ ਦਿੱਤਾ ਹੈ ਕਿ ਜੇਕਰ ਸਕੂਲੀ ਬੱਚਿਆਂ ਵਿੱਚ ਬੁਖਾਰ, ਖੰਘ, ਜ਼ੁਕਾਮ ਅਤੇ ਹੋਰ ਲੱਛਣ ਪਾਏ ਜਾਂਦੇ ਹਨ, ਤਾਂ ਬੱਚਿਆਂ ਨੂੰ ਸਕੂਲ ਨਾ ਭੇਜੋ ਅਤੇ ਡਾਕਟਰ ਦੀ ਸਲਾਹ ਅਨੁਸਾਰ ਢੁਕਵੇਂ ਇਲਾਜ ਅਤੇ ਦੇਖਭਾਲ ਦੇ ਉਪਾਅ ਕਰੋ।
ਸਿਹਤ ਵਿਭਾਗ ਨੇ ਕਿਹਾ ਕਿ ਜੇਕਰ ਬੱਚੇ ਬੁਖਾਰ, ਖੰਘ, ਜ਼ੁਕਾਮ ਅਤੇ ਹੋਰ ਲੱਛਣਾਂ ਨਾਲ ਸਕੂਲ ਆਉਂਦੇ ਹਨ, ਤਾਂ ਉਨ੍ਹਾਂ ਦੇ ਮਾਪਿਆਂ ਨੂੰ ਸੂਚਿਤ ਕਰੋ ਅਤੇ ਉਨ੍ਹਾਂ ਨੂੰ ਘਰ ਵਾਪਸ ਭੇਜੋ। ਵਿਭਾਗ ਨੇ ਕਿਹਾ ਕਿ ਜੇਕਰ ਇਹ ਲੱਛਣ ਸਕੂਲ ਦੇ ਅਧਿਆਪਕਾਂ ਅਤੇ ਗੈਰ-ਅਧਿਆਪਨ ਸਟਾਫ ਵਿੱਚ ਪਾਏ ਜਾਂਦੇ ਹਨ, ਤਾਂ ਉਨ੍ਹਾਂ ਨੂੰ ਢੁਕਵੇਂ ਸਾਵਧਾਨੀ ਉਪਾਅ ਕਰਨ ਦੀ ਸਲਾਹ ਦਿੱਤੀ ਜਾਣੀ ਚਾਹੀਦੀ ਹੈ।
ਆਮ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ?
ਮਾਸਕ ਪਹਿਨੋ ਅਤੇ ਭੀੜ ਤੋਂ ਬਚੋ
ਹੱਥ ਧੋਣ ਦੀ ਆਦਤ ਬਣਾਈ ਰੱਖੋ
ਹਲਕੇ ਲੱਛਣਾਂ ਨੂੰ ਵੀ ਨਜ਼ਰਅੰਦਾਜ਼ ਨਾ ਕਰੋ
ਸਮੇਂ ਸਿਰ ਟੀਕੇ ਦੀ ਬੂਸਟਰ ਖੁਰਾਕ ਪ੍ਰਾਪਤ ਕਰੋ
ਕੇਂਦਰ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ
ਕੋਵਿਡ-19 ਦੇ ਵਧ ਰਹੇ ਮਾਮਲਿਆਂ ਦੇ ਵਿਚਕਾਰ, ਕੇਂਦਰੀ ਸਿਹਤ ਅਤੇ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਤਾਪਰਾਓ ਜਾਧਵ ਨੇ ਸ਼ੁੱਕਰਵਾਰ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਮੰਤਰੀ ਜਾਧਵ ਨੇ ਕਿਹਾ ਕਿ ਸਾਡਾ ਕੇਂਦਰੀ ਸਿਹਤ ਵਿਭਾਗ ਅਤੇ ਆਯੁਸ਼ ਮੰਤਰਾਲਾ ਪੂਰੀ ਤਰ੍ਹਾਂ ਚੌਕਸ ਹੈ। ਅਸੀਂ ਸਾਰੇ ਰਾਜਾਂ ਵਿੱਚ ਕੋਵਿਡ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਾਂ।