Fatehgarh Sahib Election Result 2024: ਮੁੜ ਅਮਰ ਸਿੰਘ ਦੀ ਝੋਲੀ ‘ਚ ਪਈ ਸ੍ਰੀ ਫਤਿਹਗੜ੍ਹ ਸਾਹਿਬ ਦੀ ਸੀਟ, ਮਿਲੀ ਵੱਡੀ ਜਿੱਤ
Fatehgarh Sahib Constituency Election Results 2024 LIVE : ਸ਼੍ਰੀ ਫ਼ਤਿਹਗੜ੍ਹ ਸਾਹਿਬ ਦੀ ਸੀਟ 'ਤੇ ਇਸ ਵਾਰ ਮੁਕਾਬਲਾ ਕਾਫ਼ੀ ਫ਼ਸਵਾਂ ਸੀ। ਕਾਂਗਰਸ ਨੇ ਜਿੱਥੇ ਆਪਣੇ ਮੌਜੂਦਾ ਸਾਂਸਦ ਡਾ. ਅਮਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. 'ਤੇ ਦਾਅ ਖੇਡਿਆ ਹੈ। ਭਾਜਪਾ ਨੇ ਗੇਜਾਰਾਮ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਬਿਕਰਮਜੀਤ ਸਿੰਘ ਖਾਲਸਾ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਪਰ ਲੋਕਾਂ ਨੇ ਮੁੜ ਡਾ. ਅਮਰ ਸਿੰਘ ਦੇ ਨਾਂ ਤੇ ਆਪਣਾ ਫਤਵਾ ਸੁਣਾਇਆ ਹੈ।
ਸ਼੍ਰੀ ਫਹਿਤਗੜ੍ਹ ਸਾਹਿਬ ਦੀ ਪੰਥਕ ਸੀਟ ਤੇ ਇਸ ਵਾਰ ਕਾਂਗਰਸ ਪਾਰਟੀ ਨੂੰ ਟੱਕਰ ਮਿਲਦੀ ਦਿਖਾਈ ਦੇ ਰਹੀ ਸੀ। ਪਰ ਇਸ ਸੀਟ ਤੋਂ ਮੁੜ ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਨੇ ਜਿੱਤ ਹਾਸਿਲ ਕੀਤੀ ਹੈ ਤਾਂ ਦੂਜੇ ਕਾਂਗਰਸ ਛੱਡ ਆਪ ਵਿੱਚ ਆਏ ਸਾਬਕਾ ਵਿਧਾਇਕ ਗੁਰਪ੍ਰੀਤ ਜੀਪੀ ਤੇ ਆਮ ਆਦਮੀ ਪਾਰਟੀ ਨੇ ਦਾਅ ਖੇਡਿਆ ਸੀ।
ਫਤਹਿਗੜ੍ਹ ਸਾਹਿਬ ਸੀਟ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ 3 ਲੱਖ 32 ਹਜ਼ਾਰ 591 ਵੋਟਾਂ ਲੈ ਕੇ ਦੂਜੀ ਵਾਰ ਜੇਤੂ ਰਹੇ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਜੀਪੀ ਨੂੰ 34202 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਜਿੱਤ ਤੋਂ ਬਾਅਦ ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਬਣੇ ਡਾ. ਅਮਰ ਸਿੰਘ ਸਰਟੀਫਿਕੇਟ ਲੈਣ ਲਈ ਆਪਣੇ ਪਰਿਵਾਰ ਸਮੇਤ ਗਿਣਤੀ ਵਾਲੀ ਥਾਂ ‘ਤੇ ਪੁੱਜੇ, ਜਿੱਥੇ ਡਿਪਟੀ ਕਮਿਸ਼ਨਰ ਪ੍ਰਨੀਤ ਕੌਰ ਸ਼ੇਰਗਿੱਲ ਨੇ ਉਨ੍ਹਾਂ ਨੂੰ ਸਰਟੀਫਿਕੇਟ ਸੌਂਪਿਆ।
ਦੂਜੀ ਵਾਰ ਜਿੱਤ ਦਰਜ ਕਰਨ ਉਪਰੰਤ ਡਾ. ਅਮਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਿੱਤ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਆਸ਼ੀਰਵਾਦ ਸਦਕਾ ਮਿਲੀ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਪਿਛਲੇ ਕਾਰਜਕਾਲ ਦੌਰਾਨ ਅਧੂਰੇ ਪਏ ਪ੍ਰੋਜੈਕਟਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਉਹ ਕਾਂਗਰਸੀ ਆਗੂਆਂ ਨਾਲ ਮੀਟਿੰਗ ਕਰਕੇ ਸਮੁੱਚੇ ਹਲਕੇ ਦੇ ਵਿਕਾਸ ਲਈ ਰਣਨੀਤੀ ਬਣਾਉਣਗੇ।
ਅਮਰ ਸਿੰਘ ਨੇ ਕਿਹਾ ‘ਸ਼ੁਕਰੀਆ’
ਡਾ. ਅਮਰ ਸਿੰਘ ਨੇ ਸ਼ੋਸਲ ਮੀਡੀਆ ਪਲੇਟਫਾਰਮ X ਤੇ ਆਪਣੀ ਜਿੱਤ ਦਾ ਸਰਟੀਫਿਕੇਟ ਲੈਂਦਿਆਂ ਫੋਟੋ ਸਾਂਝੀ ਕੀਤੀ। ਉਹਨਾਂ ਨੇ ਕਿਹਾ ਕਿ ਉਹ ਅਗਲੇ ਪੰਜ ਸਾਲ ਹੋਰ ਸਖ਼ਤ ਮਿਹਨਤ ਕਰਨਗੇ।
Grateful to each one of you who has made todays victory possible. Indebted to each and every resident of LS Shri Fatehgarh Sahib. Shall work even harder to do my best for our area and all of you in the coming 5 years. pic.twitter.com/gDm5pSG7KT
ਇਹ ਵੀ ਪੜ੍ਹੋ
— Dr. Amar Singh (@DrAmarSinghINC) June 4, 2024
3 ਜ਼ਿਲ੍ਹਿਆਂ ਨੂੰ ਮਿਲਕੇ ਬਣਿਆ ਹੈ ਹਲਕਾ
ਇਹ ਹਲਕਾ ਅਨੁਸੂਚਿਤ ਜਾਤੀ (SC) ਲਈ ਰਾਖਵਾਂ ਹੈ ਅਤੇ ਇਸ ਵਿੱਚ ਪੂਰਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ, ਲੁਧਿਆਣਾ ਜ਼ਿਲ੍ਹੇ ਦਾ ਕੁਝ ਹਿੱਸਾ ਅਤੇ ਸੰਗਰੂਰ ਜ਼ਿਲ੍ਹੇ ਦਾ ਕੁਝ ਹਿੱਸਾ ਸ਼ਾਮਲ ਹੈ। ਫਤਿਹਗੜ੍ਹ ਸਾਹਿਬ ਸੀਟ ਵਿੱਚ ਨੌਂ ਵਿਧਾਨ ਸਭਾ ਹਲਕੇ ਸ਼ਾਮਲ ਹਨ। ਫਤਹਿਗੜ੍ਹ ਸਾਹਿਬ, ਬੱਸੀ ਪਠਾਣਾ, ਅਮਲੋਹ, ਖੰਨਾ, ਸਮਰਾਲਾ, ਸਾਹਨੇਵਾਲ, ਪਾਇਲ, ਰਾਏਕੋਟ ਅਤੇ ਅਮਰਗੜ੍ਹ ਸ਼ਾਮਿਲ ਹਨ।