Ludhiana Seat Election Result 2024: ਬਿੱਟੂ ਦੇ ਜੇਤੂ ‘ਰਥ’ ਤੇ ਵੜਿੰਗ ਨੇ ਲਗਾਈ ਰੋਕ, 20 ਹਜ਼ਾਰ ਵੋਟਾਂ ਨਾਲ ਜਿੱਤੀ ਚੋਣ
Punjab Lok Sabha Ludhiana Constituency Election Results 2024 LIVE :ਪੰਜਾਬ ਦੀਆਂ ਹੌਟ ਸੀਟਾਂ ਵਿੱਚੋ ਇੱਕ ਲੁਧਿਆਣਾ ਸੀਟ ਤੇ ਕਾਂਗਰਸ ਮੁੜ ਬਾਜ਼ੀ ਮਾਰਦੀ ਨਜ਼ਰ ਆ ਰਹੀ ਹੈ। ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਕਰੀਬ 30,637 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਜਦੋਂ ਕਿ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਨੂੰ 1,55,597 ਵੋਟਾਂ ਮਿਲੀਆਂ।

ਲੁਧਿਆਣਾ ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਵੱਡੀ ਜਿੱਤ ਮਿਲੀ ਹੈ। ਲੁਧਿਆਣਾ ਸੀਟ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ 20 ਹਜ਼ਾਰ 942 ਵੋਟਾਂ ਨਾਲ ਜੇਤੂ ਰਹੇ ਹਨ। ਉਨ੍ਹਾਂ ਦੀ ਭਾਜਪਾ ਦੇ ਰਵਨੀਤ ਬਿੱਟੂ ਨਾਲ ਸਖ਼ਤ ਟੱਕਰ ਦੇਖਣ ਨੂੰ ਮਿਲੀ। ਵੋਟਾਂ ਦੀ ਗਿਣਤੀ ਸ਼ੁਰੂ ਹੋਣ ਦੇ ਨਾਲ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਡੀ ਲੀਡ ਮਿਲਣੀ ਸ਼ੁਰੂ ਹੋ ਗਈ। ਗਿਣਤੀ ਦੇ ਦੌਰਾਨ ਕਈ ਉਤਰਾਅ-ਚੜ੍ਹਾਅ ਆਏ ਕਿਤੇ ਬਿੱਟੂ ਅੱਗੇ ਨਿਕਲ ਜਾਂਦੇ ਕਿਤੇ ਰਾਜਾ ਵੜਿੰਗ। ਹਾਲਾਂਕਿ ਅਖੀਰ ਵਿੱਚ ਕਾਂਗਰਸ ਦੀ ਜਿੱਤ ਹੋਈ।
ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਆਪਣੇ ਖੁਸ਼ੀ ਦੇ ਹੰਝੂ ਨਹੀਂ ਰੋਕ ਪਾ ਰਿਹਾ। ਉਹਨਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਲੁਧਿਆਣਾ ਦੇ ਲੋਕਾਂ, ਆਪਣੇ ਵਰਕਰਾਂ ਅਤੇ ਸਮਰਥਕਾਂ ਦਾ ਧੰਨਵਾਦ ਕਿਵੇਂ ਕਰਾਂ। ਇਹ ਮੇਰੀ ਜਿੱਤ ਨਹੀਂ ਸਗੋਂ ਲੁਧਿਆਣਾ ਦੇ ਆਮ ਲੋਕਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਿੱਤ ਤੋਂ ਬਾਅਦ ਹੰਕਾਰ ਦਾ ਵੀ ਅੰਤ ਹੋ ਗਿਆ ਹੈ। ਵੜਿੰਗ ਨੇ ਕਿਹਾ ਕਿ ਉਹ ਅਤੇ ਉਹਨਾਂ ਦਾ ਪੂਰਾ ਪਰਿਵਾਰ ਲੋਕਾਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹੈ। ਉਹ ਲੁਧਿਆਣਾ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨਗੇ ਅਤੇ ਸ਼ਹਿਰ ਨੂੰ ਹੋਰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਨਗੇ।
ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਸਿਆਸੀ ਕਰੀਅਰ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿਆਸਤ ਵਿੱਚ ਪੈਰ ਸਾਲ 2000 ਵਿੱਚ ਧਰਿਆ। ਉਹਨਾਂ ਨੂੰ ਯੂਥ ਕਾਂਗਰਸ ਦੇ ਸ਼੍ਰੀ ਮੁਕਤਸਰ ਸਾਹਿਬ ਬਲਾਕ ਪ੍ਰਧਾਨ ਬਣਾਇਆ ਗਿਆ ਸੀ। ਇਸ ਤੋਂ ਬਾਅਦ ਉਹਨਾਂ ਨੇ ਪਾਰਟੀ ਲਈ ਸਖ਼ਤ ਮਿਹਨਤ ਕੀਤੀ ਅਤੇ 2005 ਵਿੱਚ ਉਹਨਾਂ ਨੂੰ ਯੂਥ ਕਾਂਗਰਸ ਦਾ ਕੌਮੀ ਬੁਲਾਰਾ ਨਿਯੁਕਤ ਕੀਤਾ ਗਿਆ। ਸਾਲ 2008 ਵਿੱਚ ਉਹ ਪੰਜਾਬ ਯੂਥ ਕਾਂਗਰਸ ਦੇ ਉੱਪ ਪ੍ਰਧਾਨ ਚੁਣੇ ਗਏ ਅਤੇ 2009 ਵਿੱਚ ਉਹਨਾਂ ਨੂੰ ਯੂਥ ਕਾਂਗਰਸ ਦਾ ਜਨਰਲ ਸਕੱਤਰ ਬਣਾਇਆ ਗਿਆ। ਰਾਜਾ ਵੜਿੰਗ ਨੇ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਸਾਲ 2012 ਵਿੱਚ ਲੜੀ ਉਹ ਮਨਪ੍ਰੀਤ ਬਾਦਲ ਨੂੰ ਹਰਾਕੇ ਵਿਧਾਨ ਸਭਾ ਪਹੁੰਚੇ। ਸਾਲ 2014 ਵਿੱਚ ਉਹ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਚੁਣੇ ਗਏ।
ਰਾਜਾ ਵੜਿੰਗ ਨੇ ਆਪਣੀ ਜਿੱਤ ਨੂੰ ਬਰਕਰਾਰ ਰੱਖਦਿਆਂ ਸਾਲ 2017 ਅਤੇ 22 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਿੰਪੀ ਢਿੱਲੋਂ ਨੂੰ ਹਰਾਇਆ। ਇਸ ਤੋਂ ਬਾਅਦ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਬਣੇ ਅਤੇ ਨਵਜੋਤ ਸਿੱਧੂ ਦੇ ਅਸਤੀਫਾ ਦੇ ਤੋਂ ਬਾਅਦ ਉਹਨਾਂ ਨੂੰ ਪੰਜਾਬ ਕਾਂਗਰਸ ਦਾ ਸੂਬਾ ਪ੍ਰਧਾਨ ਨਿਯੁਕਤ ਕੀਤੀ ਗਿਆ।
ਹਾਲਾਂਕਿ ਸਾਲ 2019 ਵਿੱਚ ਉਹਨਾਂ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਹਰਸਿਮਰਤ ਬਾਦਲ ਦੇ ਖਿਲਾਫ਼ ਚੋਣ ਲੜੀ ਸੀ ਪਰ ਉਹਨਾਂ ਨੂੰ ਕਰੀਬ 21 ਹਜ਼ਾਰ ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।