ਸੰਗਰੂਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ, ਢੀਂਡਸਾ ਪਰਿਵਾਰ ਨੇ ਕੀਤਾ ਐਲਾਨ
ਲੋਕ ਸਭਾ ਚੋਣਾਂ ਵਿਚਾਲੇ ਸੰਗਰੂਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਲੱਗਿਆ ਹੈ। ਦਰਅਸਲ ਪਿਛਲੀ ਦਿਨੀਂ ਭਾਜਪਾ ਛੱਡ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕਰਨ ਵਾਲੇ ਢੀਂਡਸਾ ਪਰਿਵਾਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸੁਖਦੇਵ ਢੀਂਡਸਾ ਨੇ ਕਿਹਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾ ਨੂੰ ਸਹਿਯੋਗ ਨਹੀਂ ਦੇਣਗੇ।
ਪੰਜਾਬ ਵਿੱਚ ਇੱਕ ਪਾਸੇ ਸਿਆਸੀ ਦਲ ਬਦਲ ਦਾ ਦੌਰ ਚੱਲ ਰਿਹਾ ਹੈ ਤਾਂ ਦੂਜੇ ਪਾਸੇ ਵੱਖ ਵੱਖ ਪਾਰਟੀਆਂ ਵਿੱਚ ਬਗਾਵਤਾਂ ਵੀ ਹੋ ਰਹੀਆਂ ਹਨ। ਪਿਛਲੇ ਦਿਨੀਂ ਜਲੰਧਰ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਚੌਧਰੀ ਪਰਿਵਾਰ ਨੇ ਬਗਾਵਤ ਕਰ ਦਿੱਤੀ ਸੀ। ਜਿਸ ਤੋਂ ਬਾਅਦ ਕਰਮਜੀਤ ਚੌਧਰੀ ਨੇ ਕਾਂਗਰਸ ਛੱਡ ਭਾਜਪਾ ਦਾ ਪੱਲਾ ਫੜ੍ਹ ਲਿਆ ਸੀ। ਪਰ ਬਗਾਵਤ ਹੁਣ ਦੁਆਬੇ ਤੋਂ ਮਾਲਵੇ ਵਿੱਚ ਆ ਗਈ ਹੈ। ਐਥੇ ਪਿਛਲੀ ਦਿਨੀਂ ਭਾਜਪਾ ਛੱਡ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਢੀਂਡਸਾ ਪਰਿਵਾਰ ਨੇ ਪਾਰਟੀ ਵਿਰੁੱਧ ਬਗਾਵਤ ਦਾ ਝੰਡਾ ਚੁੱਕਿਆ ਹੈ।
ਸਾਬਕਾ ਸਾਂਸਦ ਅਤੇ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾ ਲਈ ਚੋਣ ਪ੍ਰਚਾਰ ਨਹੀਂ ਕਰਨਗੇ। ਇਹ ਗੱਲ ਉਹਨਾਂ ਨੇ ਆਪਣੇ ਸਮਰਥਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੀ।
ਹੁਣ ਕੁੱਝ ਵੀ ਸਵੀਕਾਰ ਨਹੀਂ…
ਵਰਕਰਾਂ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਜੇਕਰ ਹੁਣ ਪਾਰਟੀ ਉਹਨਾਂ ਦੇ ਬੇਟੇ ਪਰਮਿੰਦਰ ਢੀਂਡਸਾ ਨੂੰ ਲੋਕ ਸਭਾ ਦੀ ਟਿਕਟ ਦਾ ਆਫ਼ਰ ਦਿੰਦੀ ਹੈ ਤਾਂ ਇਸ ਨੂੰ ਉਹ ਸਵੀਕਾਰ ਨਹੀਂ ਕਰਨਗੇ। ਇਸ ਤੋਂ ਇਲਾਵਾ ਢੀਂਡਸਾ ਨੇ ਕਿਹਾ ਕਿ ਉਹ ਪਾਰਟੀ ਦੇ ਨਾਲ ਹਨ ਅਤੇ ਉਹ ਪਾਰਟੀ ਲਈ ਕੰਮ ਕਰਨਗੇ ਪਰ ਉਹ ਝੂੰਦਾ ਨੂੰ ਸਮਰਥਨ ਨਹੀਂ ਕਰਨਗੇ।
ਅਕਾਲੀ ਦਲ ਨੂੰ ਮਜ਼ਬੂਤ ਕਰਾਂਗੇ
ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਅਜਿਹੀ ਕੋਈ ਗੱਲ ਨਹੀਂ ਕਰਨਗੇ ਜਿਸ ਨਾਲ ਪਾਰਟੀ ਨੂੰ ਕੋਈ ਨੁਕਸਾਨ ਹੋਵੇ। ਉਹ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨਗੇ। ਉਹਨਾਂ ਨੇ ਕਿਹਾ ਕਿ ਢੀਂਡਸਾ ਪਰਿਵਾਰ ਤੋਂ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਮੈਂ ਭਵਾਨੀ ਸ਼ਬਦ ਨਹੀਂ ਹਟਾਵਾਂਗਾ ਚੋਣ ਕਮਿਸ਼ਨ ਦੇ ਨੋਟਿਸ ਤੇ ਭੜਕੇ ਊਧਵ ਠਾਕਰੇ
ਇਹ ਵੀ ਪੜ੍ਹੋ
ਪਰਮਿੰਦਰ ਲਈ ਟਿਕਟ ਮੰਗ ਰਿਹਾ ਸੀ ਢੀਂਡਸਾ ਪਰਿਵਾਰ
ਦਰਅਸਲ ਸੁਖਦੇਵ ਸਿੰਘ ਢੀਂਡਸਾ ਵੱਲੋਂ ਸੰਗਰੂਰ ਲੋਕ ਸਭਾ ਸੀਟ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਉਮੀਦਵਾਰ ਬਣਾਉਣ ਦੀ ਮੰਗ ਕੀਤੀ ਗਈ ਸੀ। ਇਸ ਤੋਂ ਪਹਿਲਾਂ ਵੀ ਪਰਮਿੰਦਰ ਇਸੇ ਸੀਟ ਤੋਂ ਸ੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਚੋਣ ਲੜ ਚੁੱਕੇ ਹਨ। ਪਰ ਇਸ ਵਾਰ ਪਾਰਟੀ ਨੇ ਢੀਂਡਸਾ ਦੀ ਥਾਂ ਝੂੰਦਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।