ਪਹਿਲਾਂ ਕੀਤਾ ਬਲਾਤਕਾਰ, ਕਰਵਾਈ ਡਿਲੀਵਰੀ ਤੇ ਫਿਰ ਨਵਜੰਮੇ ਬੱਚੇ ਨੂੰ ਜ਼ਿੰਦਾ ਕੀਤਾ ਦਫਨ
ਬਰੇਲੀ ਤੋਂ ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ। ਐੱਸਐੱਸਪੀ ਦੇ ਹੁਕਮਾਂ ਤੋਂ ਬਾਅਦ ਹੁਣ ਪੀੜਤਾ 'ਤੇ ਤਸ਼ੱਦਦ ਕਰਨ ਵਾਲੇ ਕੁੱਲ 9 ਮੁਲਜ਼ਮਾਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਭਰੋਸਾ ਦਵਾਇਆ ਹੈ ਕਿ ਦੋਸ਼ੀਆਂ ਨੂੰ ਕਿਸੇ ਵੀ ਹਾਲਤ 'ਚ ਬਖਸ਼ਿਆ ਨਹੀਂ ਜਾਵੇਗਾ, ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਾਵੇਗਾ।

ਉੱਤਰ ਪ੍ਰਦੇਸ਼ ਦੇ ਬਰੇਲੀ ‘ਚ ਵਿਆਹ ਦੇ ਬਹਾਨੇ ਜਬਰ ਜਨਾਹ ਦਾ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਪੀੜਤਾ ਦਾ ਕਹਿਣਾ ਹੈ ਕਿ ਇਸ ਨੌਜਵਾਨ ਵੱਲੋਂ ਬਲਾਤਕਾਰ ਤੋਂ ਬਾਅਦ ਉਹ ਗਰਭਵਤੀ ਹੋ ਗਈ ਸੀ। ਸੱਤ ਮਹੀਨੇ ਦੀ ਗਰਭਵਤੀ ਹੋਈ ਤਾਂ ਉਸ ਨੂੰ ਨਸ਼ੇ ਦਾ ਟੀਕਾ ਲਗਾ ਕੇ ਗਰਭਪਾਤ ਕਰਵਾ ਦਿੱਤਾ ਗਿਆ। ਪੀੜਤਾ ਨੇ ਮੁਲਜ਼ਮਾਂ ‘ਤੇ ਇਲਜ਼ਮ ਲਗਾਏ ਹਨ ਕਿ ਉਸ ਦੇ ਨਵਜੰਮੇ ਬੱਚੇ ਨੂੰ ਜ਼ਿੰਦਾ ਦਫ਼ਨਾ ਦਿੱਤਾ ਗਿਆ।
ਸਾਰਾ ਮਾਮਲਾ ਸਾਹਮਣੇ ਆਉਂਣ ਤੋਂ ਬਾਅਦ ਪੁਲਿਸ ਵਿਭਾਗ ਵੀ ਹਰਕਤ ‘ਚ ਆਇਆ ਹੈ। ਪੀੜਤਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਸ਼ਾਹਰੁਖ ਨਾਂਅ ਦੇ ਨੌਜਵਾਨ ਨੇ ਉਸ ਨਾਲ ਬਲਾਤਕਾਰ ਕੀਤਾ ਸੀ ਅਤੇ ਉਸ ਦੇ ਪਰਿਵਾਰਕ ਮੈਂਬਰ ਵੀ ਜੁਰਮ ‘ਚ ਸ਼ਾਮਲ ਸਨ। ਪੀੜਤਾ ਦੀ ਸ਼ਿਕਾਇਤ ਤੋਂ ਬਾਅਦ ਐਸਐਸਪੀ ਘੁੱਲੇ ਸੁਸ਼ੀਲ ਚੰਦਰਭਾਨ ਦੇ ਹੁਕਮਾਂ ਤੇ ਕੈਂਟ ਪੁਲਿਸ ਨੇ 9 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਕੀ ਹੈ ਪੂਰਾ ਮਾਮਲਾ?
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਇਹ ਵਿਆਹ ਦੇ ਬਹਾਨੇ ਬਲਾਤਕਾਰ ਅਤੇ ਗਰਭਪਾਤ ਦਾ ਹੈ। ਪੀੜਤਾ ਦਾ ਕਹਿਣਾ ਹੈ ਕਿ ਸ਼ਾਹਰੁਖ ਨਾਂਅ ਦੇ ਇੱਕ ਨੌਜਵਾਨ ਨਾਲ ਉਸਦੀ ਦੋਸਤੀ ਹੋ ਗਈ ਸੀ। ਇਸ ਨੌਜਵਾਨ ਨੇ ਉਸ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਅਤੇ ਉਸ ਨੂੰ ਆਪਣੀ ਮਾਸੀ ਦੇ ਘਰ ਬੁਲਾ ਕੇ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਹ ਸੱਤ ਮਹੀਨਿਆਂ ਦੀ ਗਰਭਵਤੀ ਹੋ ਗਈ। ਗਰਭਵਤੀ ਹੋਣ ਤੋਂ ਬਾਅਦ ਪੀੜਤਾ ਨੇ ਸ਼ਾਹਰੁਖ ‘ਤੇ ਵਿਆਹ ਲਈ ਦਬਾਅ ਪਾਇਆ ਪਰ ਉਸ ਤੋਂ ਇਨਕਾਰ ਕਰ ਦਿੱਤਾ।
ਅਗਿਆਤ ਥਾਂ ‘ਤੇ ਕਰਵਾਇਆ ਗਰਭਪਾਤ
ਪੀੜਤਾ ਦਾ ਕਹਿਣਾ ਹੈ ਕਿ 1 ਅਗਸਤ 2023 ਨੂੰ ਜਦੋਂ ਉਹ 7 ਮਹੀਨਿਆਂ ਦੀ ਗਰਭਵਤੀ ਸੀ ਤਾਂ ਦੋਸ਼ੀ ਉਸ ਨੂੰ ਵਰਗਲਾ ਕੇ ਆਪਣੇ ਘਰ ਲੈ ਗਿਆ। ਉਸ ਦੇ ਘਰ ਪਹੁੰਚਣ ਤੋਂ ਬਾਅਦ ਮੁਲਜ਼ਮ ਨੌਜਵਾਨ ਦੇ ਪਰਿਵਾਰ ਵਾਲੇ ਉਸ ਨੂੰ ਇੱਕ ਨਿੱਜੀ ਹਸਪਤਾਲ ਲੈ ਗਏ ਅਤੇ ਜ਼ਬਰਦਸਤੀ ਗਰਭਪਾਤ ਕਰਵਾ ਦਿੱਤਾ। ਪੀੜਤਾ ਨੇ ਦੱਸਿਆ ਕਿ ਉਸ ਨੇ ਸੱਤ ਮਹੀਨੇ ਦੀ ਨਵਜੰਮੀ ਬੱਚੀ ਨੂੰ ਜਨਮ ਦਿੱਤਾ ਸੀ ਜਿਸ ਨੂੰ ਕਿਸੇ ਅਣਪਛਾਤੀ ਥਾਂ ‘ਤੇ ਲਿਜਾ ਕੇ ਦਫ਼ਨਾ ਦਿੱਤਾ ਗਿਆ।
ਤਿੰਨ ਦਿਨ ਬੇਹੋਸ਼ ਰੱਖਿਆ
ਪੀੜਤਾ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਇਨ੍ਹਾਂ ਦਾ ਵਿਰੋਧ ਕੀਤਾ ਤਾਂ ਸ਼ਾਹਰੁਖ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਨਸ਼ੀਲੇ ਟੀਕੇ ਲਗਾ ਕੇ 3 ਦਿਨ ਤੱਕ ਬੇਹੋਸ਼ ਰੱਖਿਆ। ਪੀੜਤਾ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਨੇ ਬੱਚੇ ਬਾਰੇ ਪੁੱਛਿਆ ਪਰ ਉਸ ਨਾਲ ਇਸ ਗੱਲ ‘ਤੇ ਵੀ ਕੁੱਟਮਾਰ ਕੀਤੀ ਗਈ। ਪੀੜਤਾਂ ਦਾ ਇਲਜ਼ਾਮ ਹੈ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ
ਪੁਲਿਸ ਨੇ ਕਾਰਵਾਈ ਨਹੀਂ ਕੀਤੀ
ਪੀੜਤਾ ਦਾ ਪੁਲਿਸ ਵਿਭਾਗ ਤੇ ਵੀ ਇਲਜ਼ਾਮ ਹੈ ਕਿ ਉਸ ਨੇ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਸਥਾਨਕ ਪੁਲਿਸ ਸਟੇਸ਼ਨ ‘ਚ ਕੀਤੀ ਪਰ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਕਾਰਵਾਈ ਨਾ ਕੀਤੇ ਜਾਣ ਤੋਂ ਪਰੇਸ਼ਾਨ ਪੀੜਤਾ ਨੇ ਹਿੰਮਤ ਜੁਟਾ ਕੇ ਐਸਐਸਪੀ ਨੂੰ ਸ਼ਿਕਾਇਤ ਦਰਜ ਕਰਵਾਈ। ਹੁਣ ਐਸਐਸਪੀ ਦੇ ਹੁਕਮਾਂ ਤੇ ਕੈਂਟ ਪੁਲਿਸ ਨੇ ਮੁੱਖ ਮੁਲਜ਼ਮ ਸ਼ਾਹਰੁਖ ਅਤੇ ਗਰਭਪਾਤ ਵਿੱਚ ਉਸ ਦਾ ਸਾਥ ਦੇਣ ਵਾਲੇ ਉਸ ਦੇ ਪਰਿਵਾਰਕ ਮੈਂਬਰਾਂ ਸਮੇਤ ਕੁੱਲ 9 ਵਿਅਕਤੀਆਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਪੂਰੇ ਮਾਮਲੇ ਸਬੰਧੀ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਕੇ ਅਗਲੀ ਕਰਵਾਈ ਕੀਤੀ ਜਾਵੇਗੀ।